9 ਟੀਮਾਂ ਦੀ ਟੈਸਟ ਅਤੇ 13 ਟੀਮਾਂ ਦੀ ਵਨਡੇ ਲੀਗ ਸ਼ੁਰੂ ਕਰੇਗੀ ICC

10/13/2017 2:52:57 PM

ਆਕਲੈਂਡ(ਬਿਊਰੋ)— ਆਈ.ਸੀ.ਸੀ. 2019 ਅਤੇ 2020 ਵਿਚ 9 ਟੀਮਾਂ ਦੀ ਟੈਸਟ ਅਤੇ 13 ਟੀਮਾਂ ਦੀ ਵਨਡੇ ਲੀਗ ਸ਼ੁਰੂ ਕਰੇਗੀ ਤਾਂ ਕਿ ਦੋ-ਪੱਖੀ ਕ੍ਰਿਕਟ ਨੂੰ ਸੰਦਰਭ ਅਤੇ ਮਾਇਨੇ ਦਿੱਤੇ ਜਾ ਸਕਣ। ਟੈਸਟ ਸੀਰੀਜ਼ ਲੀਗ ਵਿਚ 9 ਟੀਮਾਂ ਦੋ ਸਾਲ ਵਿਚ 6 ਸੀਰੀਜ਼ ਖੇਡਣਗੀਆਂ ਜਿਨ੍ਹਾਂ ਵਿਚ ਤਿੰਨ ਆਪਣੀ ਧਰਤੀ ਉੱਤੇ ਅਤੇ ਤਿੰਨ ਬਾਹਰ ਹੋਣਗੀਆਂ। ਸਾਰਿਆਂ ਨੂੰ ਘੱਟ ਤੋਂ ਘੱਟ ਦੋ ਅਤੇ ਜ਼ਿਆਦਾ ਤੋਂ ਜ਼ਿਆਦਾ ਪੰਜ ਟੈਸਟ ਖੇਡਣੇ ਹੋਣਗੇ। ਸਾਰੇ ਮੈਚ ਪੰਜ ਦਿਨ ਦੇ ਹੋਣਗੇ ਅਤੇ ਅਖੀਰ ਵਿਚ ਵਿਸ਼ਵ ਟੈਸਟ ਲੀਗ ਚੈਂਪੀਅਨਸ਼ਿਪ ਫਾਈਨਲ ਖੇਡਿਆ ਜਾਵੇਗਾ।

ਵਨਡੇ ਲੀਗ ਨਾਲ ਵਿਸ਼ਵ ਕੱਪ ਵਿਚ ਸਿੱਧੇ ਪ੍ਰਵੇਸ਼ ਮਿਲੇਗਾ ਜੋ 12 ਮੈਂਬਰ ਦੇਸ਼ਾਂ ਅਤੇ ਮੌਜੂਦਾ ਆਈ.ਸੀ.ਸੀ. ਵਿਸ਼ਵ ਕ੍ਰਿਕਟ ਲੀਗ ਚੈਂਪੀਅਨਸ਼ਿਪ ਜੇਤੂ ਦਰਮਿਆਨ ਖੇਡੀ ਜਾਵੇਗੀ। ਲੀਗ ਦੇ ਪਹਿਲੇ ਸੈਸ਼ਨ ਵਿਚ ਹਰ ਟੀਮ ਚਾਰ ਘਰੇਲੂ ਅਤੇ ਚਾਰ ਵਿਦੇਸ਼ੀ ਸੀਰੀਜ਼ ਖੇਡੇਗੀ ਜਿਸ ਵਿਚ ਤਿੰਨ-ਤਿੰਨ ਵਨਡੇ ਹੋਣਗੇ।
ਆਈ.ਸੀ.ਸੀ. ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਇਕ ਬਿਆਨ ਵਿਚ ਕਿਹਾ, ''ਮੈਂ ਸਾਰੇ ਮੈਬਰਾਂ ਨੂੰ ਇਸ ਫੈਸਲੇ ਉੱਤੇ ਪੁੱਜਣ ਲਈ ਵਧਾਈ ਦਿੰਦਾ ਹਾਂ। ਦੋ-ਪੱਖੀ ਕ੍ਰਿਕਟ ਨੂੰ ਮਾਇਨੇ ਦੇਣਾ ਨਵੀਂ ਚੁਣੌਤੀ ਹੀ ਨਹੀਂ ਸੀ ਸਗੋਂ ਪਹਿਲੀ ਵਾਰ ਅਸਲ ਸਮਾਧਾਨ ਉੱਤੇ ਸਹਿਮਤੀ ਬਣੀ ਹੈ।'' ਉਨ੍ਹਾਂ ਨੇ ਕਿਹਾ, ''ਇਸਦੇ ਮਾਇਨੇ ਹਨ ਕਿ ਦੁਨੀਆ ਭਰ ਵਿਚ ਕ੍ਰਿਕਟ ਪ੍ਰੇਮੀ ਕੌਮਾਂਤਰੀ ਕ੍ਰਿਕਟ ਦਾ ਮਜ਼ਾ ਲੈ ਸਕਣਗੇ ਅਤੇ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਹਰ ਮੈਚ ਮਹੱਤਵਪੂਰਣ ਹੈ।'' ਆਈ.ਸੀ.ਸੀ. ਦੇ ਸੀ.ਈ.ਓ. ਡੇਵਿਡ ਰਿਚਰਡਸਨ ਨੇ ਕਿਹਾ, ''ਆਈ.ਸੀ.ਸੀ. ਬੋਰਡ ਦੇ ਫੈਸਲੇ ਦੇ ਮਾਇਨੇ ਹਨ ਕਿ ਅਸੀ ਪਹਿਲੇ ਸੈਸ਼ਨ ਦਾ ਪ੍ਰੋਗਰਾਮ ਅਤੇ ਅੰਕ ਵਿਵਸਥਾ ਤੈਅ ਕਰ ਸਕਦੇ ਹਾਂ।''