ਮੈਂ ਹਾਲਾਤ ਦੇ ਅਨੁਸਾਰ ਖੇਡਣਾ ਚਾਹੁੰਦਾ ਹਾਂ : ਵਿਰਾਟ ਕੋਹਲੀ

Thursday, Apr 10, 2025 - 10:59 AM (IST)

ਮੈਂ ਹਾਲਾਤ ਦੇ ਅਨੁਸਾਰ ਖੇਡਣਾ ਚਾਹੁੰਦਾ ਹਾਂ : ਵਿਰਾਟ ਕੋਹਲੀ

ਨਵੀਂ ਦਿੱਲੀ– ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਉਸਦਾ ਮੂਲ ਸਿਧਾਂਤ ਹੰਕਾਰ ’ਤੇ ਕਾਬੂ ਰੱਖਦੇ ਹੋਏ ਮੈਚ ਦੇ ਹਾਲਾਤ ਦੇ ਹਿਸਾਬ ਨਾਲ ਬੱਲੇਬਾਜ਼ੀ ਕਰਨਾ ਹੈ। ਮੌਜੂਦਾ ਦੌਰ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿਚੋਂ ਇਕ ਕੋਹਲੀ ਨੇ ਹਾਲ ਹੀ ਵਿਚ ਇਕ ਹੋਰ ਪ੍ਰਾਪਤੀ ਹਾਸਲ ਕੀਤੀ। ਉਹ ਟੀ-20 ਰੂਪ ਵਿਚ 13,000 ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

ਕੋਹਲੀ ਨੇ ਕਿਹਾ,‘‘ਬੱਲੇਬਾਜ਼ੀ ਕਦੇ ਹੰਕਾਰ ਦੇ ਬਾਰੇ ਵਿਚ ਨਹੀਂ ਹੈ। ਇਹ ਕਦੇ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਹੈ। ਮੇਰੇ ਲਈ ਇਹ ਹਮੇਸ਼ਾ ਖੇਡ ਦੀ ਸਥਿਤੀ ਨੂੰ ਸਮਝਣ ਦੇ ਬਾਰੇ ਵਿਚ ਰਹੀ ਹੈ। ਇਹ ਕੁਝ ਅਜਿਹਾ ਹੈ, ਜਿਸ ’ਤੇ ਮੈਨੂੰ ਹਮੇਸ਼ਾ ਮਾਣ ਹੈ। ਮੈਂ ਹਾਲਾਤ ਦੇ ਅਨੁਸਾਰ ਖੇਡਣਾ ਚਾਹੁੰਦਾ ਹਾਂ।’’

ਉਸ ਨੇ ਕਿਹਾ,‘‘ਜੇਕਰ ਮੈਂ ਲੈਅ ਵਿਚ ਹੁੰਦਾ ਹਾਂ ਤਾਂ ਮੈਂ ਸੁਭਾਵਿਕ ਰੂਪ ਨਾਲ ਜ਼ਿੰਮੇਵਾਰੀ ਚੁੱਕਣ ਦੀ ਪਹਿਲ ਕਰਦਾ ਹਾਂ। ਜੇਕਰ ਕੋਈ ਹੋਰ ਬਿਹਤਰ ਤਰੀਕੇ ਨਾਲ ਖੇਡ ਰਿਹਾ ਹੁੰਦਾ ਹੈ ਤਾਂ ਉਹ ਉਸ ਦਾ ਸਨਮਾਨ ਕਰਦਾ ਹੈ।’’

ਕੋਹਲੀ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਸੈਂਕੜੇ ਤੇ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਨੇ 256 ਮੈਚਾਂ ਵਿਚ 8 ਸੈਂਕੜਿਆਂ ਦੇ ਨਾਲ 8168 ਦੌੜਾਂ ਬਣਾਈਆਂ ਹਨ। ਇਸ 36 ਸਾਲਾ ਖਿਡਾਰੀ ਨੇ ਕਿਹਾ ਕਿ ਉਸ ਨੇ 2011 ਸੈਸ਼ਨ ਤੋਂ ਬਾਅਦ ਇਸ ਰੂਪ ਦੀਆਂ ਲੋੜਾਂ ਨੂੰ ਸਮਝ ਲਿਆ।

ਉਸ ਨੇ ਕਿਹਾ,‘‘ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਾਲ ਆਪਣੇ ਪਹਿਲੇ ਤਿੰਨ ਸਾਲਾਂ ਵਿਚ ਮੈਨੂੰ ਚੋਟੀਕ੍ਰਮ ਵਿਚ ਬੱਲੇਬਾਜ਼ੀ ਕਰਨ ਦੇ ਮੌਕੇ ਨਹੀਂ ਮਿਲੇ। ਮੈਨੂੰ ਆਮ ਤੌਰ ’ਤੇ ਹੇਠਲੇ ਕ੍ਰਮ ਵਿਚ ਭੇਜਿਆ ਜਾਂਦਾ ਸੀ। ਅਜਿਹੇ ਵਿਚ ਮੈਂ ਉਸ ਦੌਰਾਨ ਆਈ. ਪੀ. ਐੱਲ. ਵਿਚ ਵੱਡੇ ਪੈਮਾਨੇ ’ਤੇ ਸਫਲ ਨਹੀਂ ਹੋ ਸਕਿਆ।’’

ਕੋਹਲੀ ਨੇ ਕਿਹਾ, ‘‘ਮੈਂ ਸਾਲ 2010 ਤੋਂ ਚੰਗਾ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤੇ 2011 ਤੋਂ ਨਿਯਮਤ ਤੌਰ ’ਤੇ ਤੀਜੇ ਕ੍ਰਮ ’ਤੇ ਬੱਲੇਬਾਜ਼ੀ ਕਰਨ ਲੱਗਾ। ਤਦ ਤੋਂ ਮੈਂ ਨਿਰੰਤਰਤਾ ਦੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਕੋਹਲੀ ਨੇ ਸਵੀਕਾਰ ਕੀਤਾ ਕਿ ਲੀਗ ਵਿਚ 18 ਸਾਲ ਬਿਤਾਉਣ ਨਾਲ ਉਸ ਨੂੰ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਵਿਚ ਆਪਣੀ ਕਲਾ ਨੂੰ ਨਿਖਾਰਨ ਵਿਚ ਮਦਦ ਮਿਲੀ।

ਉਸ ਨੇ ਕਿਹਾ,‘‘ਆਈ. ਪੀ. ਐੱਲ. ਤੁਹਾਨੂੰ ਅਨੋਖੇ ਤਰੀਕੇ ਨਾਲ ਚੁਣੌਤੀ ਦਿੰਦਾ ਹੈ ਕਿਉਂਕਿ ਇਸ ਲੀਗ ਦਾ ਢਾਂਚਾ ਕਾਫੀ ਵੱਖ ਹੈ। ਇਹ ਇਕ ਛੋਟੀ ਦੋ-ਪੱਖੀ ਲੜੀ ਦੀ ਤਰ੍ਹਾਂ ਨਹੀਂ ਹੈ, ਇਹ ਕਈ ਹਫਤਿਆਂ ਤੱਕ ਚੱਲਦਾ ਤੇ ਅੰਕ ਸੂਚੀ ਵਿਚ ਤੁਹਾਡੀ ਸਥਿਤੀ ਬਦਲਦੀ ਰਹਿੰਦੀ ਹੈ। ਲਗਾਤਾਰ ਬਦਲੇ ਦ੍ਰਿਸ਼ ਨਾਲ ਵੱਖ-ਵੱਖ ਤਰ੍ਹਾਂ ਦੇ ਦਬਾਅ ਆਉਂਦੇ ਹਨ।’’

ਉਸ ਨੇ ਕਿਹਾ,‘‘ਟੂਰਨਾਮੈਂਟ ਤੋਂ ਤੁਹਾਨੂੰ ਮਾਨਸਿਕ ਤੇ ਮੁਕਾਬਲੇਬਾਜ਼ੀ ਰੂਪ ਨਾਲ ਕਈ ਤਰੀਕਿਆਂ ਨਾਲ ਅੱਗੇ ਵਧਣ ਦੀ ਚੁਣੌਤੀ ਮਿਲਦੀ ਹੈ ਜਿਹੜੀ ਹੋਰਨਾਂ ਰੂਪਾਂ ਵਿਚ ਨਹੀਂ ਹੁੰਦੀ ਹੈ। ਇਸ ਨੇ ਮੈਨੂੰ ਆਪਣੀ ਟੀ-20 ਕਲਾ ਨੂੰ ਲਗਾਤਾਰ ਸੁਧਾਰਨ ਤੇ ਵਿਕਸਤ ਕਰਨ ਲਈ ਵੀ ਉਤਸ਼ਾਹਿਤ ਕੀਤਾ ਹੈ।’’


author

Tarsem Singh

Content Editor

Related News