ਹਾਕੀ ਵਿਸ਼ਵ ਕੱਪ: ਭਾਰਤ ਨੇ ਵੇਲਜ਼ ਨੂੰ 3-1 ਨਾਲ ਹਰਾਇਆ, ਕਪਤਾਨ ਹਰਮਨਪ੍ਰੀਤ ਨੇ ਕੀਤੇ ਦੋ ਦਮਦਾਰ ਗੋਲ
Saturday, Aug 15, 2026 - 09:19 PM (IST)
ਸਪੋਰਟਸ ਡੈਸਕ - ਭਾਰਤੀ ਹਾਕੀ ਟੀਮ ਨੇ ਬੈਲਜੀਅਮ ਅਤੇ ਨੀਦਰਲੈਂਡ ਦੀ ਸਾਂਝੀ ਮੇਜ਼ਬਾਨੀ ਹੇਠ ਖੇਡੇ ਜਾ ਰਹੇ ਹਾਕੀ ਵਿਸ਼ਵ ਕੱਪ 2026 ਵਿੱਚ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪੂਲ-ਡੀ (Pool-D) ਵਿੱਚ ਸ਼ਾਮਲ ਭਾਰਤੀ ਟੀਮ ਦਾ 15 ਅਗਸਤ ਨੂੰ ਪਹਿਲਾ ਮੁਕਾਬਲਾ ਵੇਲਜ਼ (Wales) ਦੀ ਟੀਮ ਵਿਰੁੱਧ ਸੀ, ਜਿਸ ਵਿੱਚ ਟੀਮ ਇੰਡੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਹ ਮੈਚ 3-1 ਦੇ ਫਰਕ ਨਾਲ ਆਪਣੇ ਨਾਮ ਕਰ ਲਿਆ। ਇਸ ਮੈਚ ਵਿੱਚ ਜਿੱਤ ਦਰਜ ਕਰਵਾਉਣ ਲਈ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕਰਕੇ ਬੇਹੱਦ ਅਹਿਮ ਭੂਮਿਕਾ ਨਿਭਾਈ।
ਮੈਚ ਦੀ ਸ਼ੁਰੂਆਤ ਹੁੰਦਿਆਂ ਹੀ ਭਾਰਤੀ ਟੀਮ ਨੇ ਵਿਰੋਧੀ ਟੀਮ 'ਤੇ ਦਬਾਅ ਬਣਾ ਲਿਆ। ਪਹਿਲੇ ਕੁਆਰਟਰ ਦੇ 7ਵੇਂ ਮਿੰਟ ਵਿੱਚ ਸੁਮਿਤ ਨੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਤੁਰੰਤ ਬਾਅਦ 10ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਡਰੈਗ-ਫਲਿੱਕ ਰਾਹੀਂ ਦੂਜਾ ਗੋਲ ਕਰਕੇ ਭਾਰਤ ਦੀ ਬੜ੍ਹਤ ਨੂੰ 2-0 'ਤੇ ਪਹੁੰਚਾ ਦਿੱਤਾ। ਪਹਿਲੇ ਹਾਫ਼ ਦੀ ਖੇਡ ਖ਼ਤਮ ਹੋਣ ਤੱਕ ਭਾਰਤੀ ਟੀਮ 2-0 ਨਾਲ ਅੱਗੇ ਸੀ। ਦੂਜੇ ਕੁਆਰਟਰ ਵਿੱਚ ਟੀਮ ਇੰਡੀਆ ਨੇ ਸੁਰੱਖਿਆਤਮਕ ਰਵੱਈਆ ਅਪਣਾਇਆ ਅਤੇ ਕਿਸੇ ਵੀ ਟੀਮ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।
ਤੀਜੇ ਕੁਆਰਟਰ ਦੀ ਖੇਡ ਸ਼ੁਰੂ ਹੁੰਦਿਆਂ ਹੀ ਭਾਰਤੀ ਟੀਮ ਨੇ ਇੱਕ ਵਾਰ ਫਿਰ ਹਮਲਾਵਰ ਰੁਖ਼ ਅਪਣਾਇਆ। ਮੈਚ ਦੇ 43ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਗੋਲ ਕਰਨ ਦੇ ਮਿਲੇ ਸ਼ਾਨਦਾਰ ਮੌਕੇ ਦਾ ਪੂਰੀ ਲਾਭ ਲਿਆ ਅਤੇ ਆਪਣਾ ਦੂਜਾ ਅਤੇ ਟੀਮ ਦਾ ਤੀਜਾ ਗੋਲ ਕੀਤਾ। ਇਸ ਗੋਲ ਨਾਲ ਭਾਰਤ ਮੁਕਾਬਲੇ ਵਿੱਚ 3-0 ਨਾਲ ਅੱਗੇ ਹੋ ਗਿਆ ਅਤੇ ਉਸਦੀ ਜਿੱਤ ਪੂਰੀ ਤਰ੍ਹਾਂ ਪੱਕੀ ਹੋ ਗਈ।
ਚੌਥੇ ਅਤੇ ਆਖਰੀ ਕੁਆਰਟਰ ਵਿੱਚ ਵੇਲਜ਼ ਦੀ ਟੀਮ ਨੇ ਵਾਪਸੀ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ। ਮੈਚ ਦੇ 55ਵੇਂ ਮਿੰਟ ਵਿੱਚ ਵੇਲਜ਼ ਦੇ ਸੈਮ ਨੇ ਇੱਕ ਗੋਲ ਜ਼ਰੂਰ ਕੀਤਾ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾਉਣ ਲਈ ਕਾਫ਼ੀ ਨਹੀਂ ਸੀ। ਖੇਡ ਦੇ ਖ਼ਤਮ ਹੋਣ ਤੱਕ ਭਾਰਤੀ ਟੀਮ ਨੇ ਇਹ ਮੁਕਾਬਲਾ 3-1 ਨਾਲ ਜਿੱਤ ਲਿਆ।
ਇਸ ਸ਼ਾਨਦਾਰ ਜਿੱਤ ਸਦਕਾ ਭਾਰਤੀ ਟੀਮ ਨੂੰ ਤਿੰਨ ਅੰਕ ਮਿਲੇ ਹਨ ਅਤੇ ਉਹ ਪੂਲ-ਡੀ (Pool-D) ਵਿੱਚ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ। ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਅਗਲਾ ਅਹਿਮ ਮੁਕਾਬਲਾ 17 ਅਗਸਤ ਨੂੰ ਇੰਗਲੈਂਡ ਦੀ ਟੀਮ ਵਿਰੁੱਧ ਖੇਡਿਆ ਜਾਵੇਗਾ, ਜੋ ਕਿ ਟੂਰਨਾਮੈਂਟ ਵਿੱਚ ਅੱਗੇ ਵਧਣ ਲਈ ਬੇਹੱਦ ਮਹੱਤਵਪੂਰਨ ਰਹਿਣ ਵਾਲਾ ਹੈ।
