ਪੁਰਸ਼ ਹਾਕੀ ਪ੍ਰਤੀਯੋਗਿਤਾ ਦਾ ਕੁਆਰਟਰ ਫਾਈਨਲ ਅੱਜ, ਆਤਮਵਿਸ਼ਵਾਸ ਨਾਲ ਭਰੀ ਹੈ ਭਾਰਤੀ ਟੀਮ, ਬ੍ਰਿਟੇਨ ਤੋਂ ਮਿਲੇਗੀ ਸਖਤ ਚੁਣੌਤੀ

Sunday, Aug 04, 2024 - 10:43 AM (IST)

ਪੁਰਸ਼ ਹਾਕੀ ਪ੍ਰਤੀਯੋਗਿਤਾ ਦਾ ਕੁਆਰਟਰ ਫਾਈਨਲ ਅੱਜ, ਆਤਮਵਿਸ਼ਵਾਸ ਨਾਲ ਭਰੀ ਹੈ ਭਾਰਤੀ ਟੀਮ, ਬ੍ਰਿਟੇਨ ਤੋਂ ਮਿਲੇਗੀ ਸਖਤ ਚੁਣੌਤੀ

ਪੈਰਿਸ– ਆਪਣੇ ਆਖਰੀ ਪੂਲ ਮੈਚ ਵਿਚ ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਆਸਟ੍ਰੇਲੀਆ ’ਤੇ ਇਤਿਹਾਸਕ ਜਿੱਤ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਐਤਵਾਰ ਨੂੰ ਇੱਥੇ ਪੈਰਿਸ ਓਲੰਪਿਕ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ਵਿਚ ਗ੍ਰੇਟ ਬ੍ਰਿਟੇਨ ਵਿਰੁੱਧ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਪੂਲ-ਬੀ ਦੇ ਆਪਣੇ ਆਖਰੀ ਮੈਚ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨੂੰ 3-2 ਨਾਲ ਹਰਾ ਕੇ ਓਲੰਪਿਕ ਵਿਚ ਇਸ ਟੀਮ ਵਿਰੁੱਧ ਅੱਧੀ ਸਦੀ ਤੋਂ ਵੱਧ (52 ਸਾਲਾਂ) ਸਮੇਂ ਤੋਂ ਚੱਲੇ ਆ ਰਹੇ ਜਿੱਤ ਦੇ ਇੰਤਜ਼ਾਰ ਨੂੰ ਖਤਮ ਕੀਤਾ।
ਭਾਰਤ ਨੇ ਆਸਟ੍ਰੇਲੀਆ ਨੂੰ ਇਸ ਤੋਂ ਪਹਿਲਾਂ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵਿਚ ਹਰਾਇਆ ਸੀ। ਆਸਟ੍ਰੇਲੀਆ ’ਤੇ ਜਿੱਤ ਦੇ ਨਾਲ ਹੀ ਭਾਰਤ ਪੂਲ-ਬੀ ਵਿਚ ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ ਜਦਕਿ ਗ੍ਰੇਟ ਬ੍ਰਿਟੇਨ ਪੂਲ-ਏ ਵਿਚ ਤੀਜੇ ਸਥਾਨ ’ਤੇ ਰਿਹਾ। ਭਾਰਤੀ ਟੀਮ ਪਹਿਲੇ 2 ਕੁਆਰਟਰ ਵਿਚ ਆਸਟ੍ਰੇਲੀਆ ’ਤੇ ਪੂਰੀ ਤਰ੍ਹਾਂ ਨਾਲ ਹਾਵੀ ਦਿਸੀ ਤੇ ਉਸ ਨੇ ਲਗਾਤਾਰ ਹਮਲਾਵਰ ਖੇਡ ਨਾਲ ਮੈਚ ਦੀ ਗਤੀ ਨੂੰ ਕੰਟਰੋਲ ਕੀਤਾ ਸੀ।
ਭਾਰਤ ਦੀ ਤਾਕਤ
ਚੰਗਾ ਤਾਲਮੇਲ : ਆਸਟ੍ਰੇਲੀਆ ਵਿਰੁੱਧ ਭਾਰਤ ਦੇ ਪ੍ਰਦਰਸ਼ਨ ਦਾ ਮੁੱਖ ਖਿੱਚ ਦਾ ਕੇਂਦਰ ਮਨਪ੍ਰੀਤ ਸਿੰਘ ਤੇ ਉਪ ਕਪਤਾਨ ਹਾਰਦਿਕ ਸਿੰਘ ਦੀ ਅਗਵਾਈ ਵਾਲੇ ਮਿਡਫੀਲਡ ਅਤੇ ਗੁਰਜੰਟ ਸਿੰਘ ਤੇ ਸੁਖਜੀਤ ਸਿੰਘ ਵਾਲੀ ਫਾਰਵਰਡ ਲਾਈਨ ਵਿਚਾਲੇ ਸ਼ਾਨਦਾਰ ਤਾਲਮੇਲ ਸੀ। ਗੁਰਜੰਟ ਤੇ ਸੁਖਜੀਤ ਨੇ ਆਪਣੀ ਖੇਡ ਨਾਲ ਆਸਟ੍ਰੇਲੀਆ ਦੀ ਡਿਫੈਂਡਿੰਗ ਲਾਈਨ ਨੂੰ ਦਬਾਅ ਵਿਚ ਰੱਖਿਆ।
ਕਪਤਾਨ ਫਾਰਮ ’ਚ : ਆਸਟ੍ਰੇਲੀਆ ਵਿਰੁੱਧ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ। ਉਸਦੇ ਨਾਂ ਪੈਰਿਸ ਓਲੰਪਿਕ ਵਿਚ ਹੁਣ ਤਕ 6 ਗੋਲ ਹੋ ਗਏ ਹਨ। ਅਮਿਤ ਰੋਹਿਦਾਸ ਤੇ ਜਰਮਨਪ੍ਰੀਤ ਸਿੰਘ ਵੀ ਡਿਫੈਂਡਿੰਗ ਲਾਈਨ ਵਿਚ ਸ਼ਾਨਦਾਰ ਜਜ਼ਬਾ ਦਿਖਾ ਰਹੇ ਹਨ।
ਸ਼੍ਰੀਜੇਸ਼ ਬਣਿਆ ਦੀਵਾਰ :ਆਪਣਾ ਆਖਰੀ ਕੌਮਾਂਤਰੀ ਟੂਰਨਾਮੈਂਟ ਖੇਡ ਰਿਹਾ ਤਜਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਆਸਟ੍ਰੇਲੀਆ ਸਾਹਮਣੇ ਦੀਵਾਰ ਦੀ ਤਰ੍ਹਾ ਖੜ੍ਹਾ ਰਿਹਾ ਤੇ ਕਈ ਬਚਾਅ ਕੀਤੇ। ਗ੍ਰੇਟ ਬ੍ਰਿਟੇਨ ਵਿਰੁੱਧ ਮੁਕਾਬਲੇ ਵਿਚ ਉਸ ’ਤੇ ਫਿਰ ਤੋਂ ਨਜ਼ਰਾਂ ਰਹਿਣਗੀਆਂ।
ਹੈੱਡ ਟੂ ਹੈੱਡ : 23 ਮੁਕਾਬਲਿਆਂ ਵਿਚ ਗ੍ਰੇਟ ਬ੍ਰਿਟੇਨ ਨੇ ਭਾਰਤ ’ਤੇ 13-9 ਦੀ ਬੜ੍ਹਤ ਬਣਾ ਰੱਖੀ ਹੈ ਜਦਕਿ 1 ਮੈਚ ਡਰਾਅ ’ਤੇ ਖਤਮ ਹੋਇਆ ਹੈ। ਬ੍ਰਿਟੇਨ ਨੇ ਪਿਛਲੇ 5 ਵਿਚੋਂ 4 ਜਿੱਤੇ ਹਨ।
ਸਾਨੂੰ ਕੁਆਰਟਰ ਫਾਈਨਲ ਤੋਂ ਪਹਿਲਾਂ ਇਸ ਤਰ੍ਹਾਂ ਦੇ ਮੈਚ ਦੀ ਲੋੜ ਸੀ। ਅਸੀਂ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਦਬਾਅ ਵਿਚ ਰੱਖਿਆ। ਆਸਟ੍ਰੇਲੀਆ ਨੂੰ ਹਰਾਉਣਾ ਮਾਣ ਦੀ ਗੱਲ ਹੈ। ਕੁਆਰਟਰ ਫਾਈਨਲ ਦੇ ਹੋਰਨਾਂ ਮੈਚਾਂ ਵਿਚ ਬੈਲਜੀਅਮ ਦਾ ਮੁਕਾਬਲਾ ਸਪੇਨ ਨਾਲ, ਆਸਟ੍ਰੇਲੀਆ ਦਾ ਮੁਕਾਬਲਾ ਨੀਦਰਲੈਂਡ ਤੇ ਜਰਮਨੀ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ।


author

Aarti dhillon

Content Editor

Related News