ਹਾਕੀ ਇੰਡੀਆ ਨੇ ਕੀਤਾ ਵੱਡਾ ਐਲਾਨ, ਬੇਰੁਜ਼ਗਾਰ ਖਿਡਾਰੀਆਂ ਨੂੰ ਦੇਵੇਗੀ 2 ਲੱਖ ਰੁਪਏ

Sunday, Sep 01, 2024 - 06:06 PM (IST)

ਲਖਨਊ : ਹਾਕੀ ਇੰਡੀਆ ਨੇ ਕਿਹਾ ਹੈ ਕਿ ਖਿਡਾਰੀਆਂ ਦੇ ਪੁਰਸ਼ ਅਤੇ ਮਹਿਲਾ ਕੋਰ ਗਰੁੱਪ ਦੇ ਉਨ੍ਹਾਂ ਮੈਂਬਰਾਂ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਅਜੇ ਤੱਕ ਸਰਕਾਰੀ ਵਿਭਾਗਾਂ ਜਾਂ ਜਨਤਕ ਖੇਤਰ ਦੀਆਂ ਇਕਾਈਆਂ (ਪੀਐੱਸਯੂ) ਵਿੱਚ ਨੌਕਰੀ ਨਹੀਂ ਮਿਲੀ ਹੈ। ਹਾਕੀ ਇੰਡੀਆ ਦੇ ਪ੍ਰਧਾਨ ਡਾ: ਦਿਲੀਪ ਟਿੱਕਰੀ ਨੇ ਕਿਹਾ, 'ਜ਼ਿਆਦਾਤਰ ਹਾਕੀ ਖਿਡਾਰੀਆਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਪ੍ਰਦਰਸ਼ਨ ਲਈ ਪੀ.ਐੱਸ.ਯੂ. ਅਤੇ ਸਰਕਾਰੀ ਵਿਭਾਗਾਂ ਦੁਆਰਾ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ, ਪਰ ਸਾਡੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਸੀਨੀਅਰ ਕੋਰ ਗਰੁੱਪ ਵਿਚ ਸ਼ਾਮਲ ਕੁਝ ਨਵੇਂ ਖਿਡਾਰੀ, ਖਾਸ ਤੌਰ 'ਤੇ ਮਹਿਲਾਵਾਂ ਵਰਗ ਬੇਰੁਜ਼ਗਾਰ ਹਨ। ਬੇਰੋਜ਼ਗਾਰ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਗੁਜ਼ਾਰਾ ਚਲਾਉਣ ਲਈ ਸੰਘਰਸ਼ ਨਾ ਕਰਨਾ ਪਵੇ। ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ ਲਖਨਊ ਵਿੱਚ ਏਜੀਐੱਮ ਵਿੱਚ ਅਜਿਹੇ ਖਿਡਾਰੀਆਂ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਹੈ।
ਵਰਨਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਕੀ ਇੰਡੀਆ ਦੀਆਂ 31 ਸੂਬਾ ਮੈਂਬਰ ਇਕਾਈਆਂ ਦੇ ਪ੍ਰਤੀਨਿਧੀਆਂ ਅਤੇ ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਪ੍ਰਧਾਨ ਡਾ. ਦਿਲੀਪ ਟਿੱਕਰੀ, ਜਨਰਲ ਸਕੱਤਰ ਭੋਲਾ ਨਾਥ ਸਿੰਘ ਅਤੇ ਖਜ਼ਾਨਚੀ ਸ਼ੇਖਰ ਜੇ ਮਨੋਹਰਨ ਨੂੰ ਲਖਨਊ ਸਥਿਤ ਆਪਣੇ ਨਿਵਾਸ 'ਤੇ ਚਾਹ ਲਈ ਸੱਦਾ ਦਿੱਤਾ। ਇਸ ਮੌਕੇ 'ਤੇ ਰਾਜ ਦੇ ਖੇਡ ਮੰਤਰੀ ਸ਼੍ਰੀ ਗਿਰੀਸ਼ ਚੰਦਰ ਯਾਦਵ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਵਿੱਚ ਹਾਕੀ ਦੇ ਵਿਕਾਸ ਬਾਰੇ ਚਰਚਾ ਕੀਤੀ ਗਈ।
ਸ਼ਨੀਵਾਰ ਨੂੰ ਹੋਏ ਇਸ ਪ੍ਰੋਗਰਾਮ ਤੋਂ ਬਾਅਦ ਲਖਨਊ 'ਚ ਪਹਿਲੀ ਵਾਰ ਹਾਕੀ ਇੰਡੀਆ ਦੀ ਏ.ਜੀ.ਐੱਮ. ਮੀਟਿੰਗ ਦੌਰਾਨ ਹਾਕੀ ਇੰਡੀਆ ਲੀਗ ਨੂੰ ਲੈ ਕੇ ਵੀ ਅਹਿਮ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਸੀਨੀਅਰ ਅਤੇ ਜੂਨੀਅਰ ਪੁਰਸ਼ ਅਤੇ ਮਹਿਲਾ ਭਾਰਤੀ ਰਾਸ਼ਟਰੀ ਟੀਮਾਂ ਦੁਆਰਾ ਕੀਤੀ ਪ੍ਰਗਤੀ, ਭਾਰਤ ਵਿੱਚ ਆਉਣ ਵਾਲੇ ਸਮਾਗਮਾਂ ਅਤੇ ਜ਼ਮੀਨੀ ਪੱਧਰ 'ਤੇ ਵਿਕਾਸ ਪ੍ਰੋਗਰਾਮਾਂ ਬਾਰੇ ਵੀ ਚਰਚਾ ਕੀਤੀ।


Aarti dhillon

Content Editor

Related News