ਕਪਤਾਨ ਹਰਮਨਪ੍ਰੀਤ ਦਾ ਚੱਲਿਆ ਜਾਦੂ, ਬਣਿਆ ਪੈਰਿਸ ਓਲੰਪਿਕ 'ਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ

Thursday, Aug 08, 2024 - 09:39 PM (IST)

ਕਪਤਾਨ ਹਰਮਨਪ੍ਰੀਤ ਦਾ ਚੱਲਿਆ ਜਾਦੂ, ਬਣਿਆ ਪੈਰਿਸ ਓਲੰਪਿਕ 'ਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ

ਸਪੋਰਟਸ ਡੈਸਕ- ਹਰਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 'ਚ ਕਾਂਸੀ ਦਾ ਤਗਮਾ ਜਿੱਤ ਕੇ ਹਲਚਲ ਮਚਾ ਦਿੱਤੀ ਹੈ। ਵੀਰਵਾਰ (8 ਅਗਸਤ) ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾਇਆ। ਪੂਰੀਆਂ ਉਲੰਪਿਕ ਖੇਡਾਂ ਦੌਰਾਨ ਹਰਮਨ ਦੀ ਹਾਕੀ ਦਾ ਜਾਦੂ ਚੱਲਿਆ। 

ਕਪਤਾਨ ਹਰਮਨਪ੍ਰੀਤ ਨੇ ਇਸ ਪੈਰਿਸ ਓਲੰਪਿਕ 'ਚ 8 ਮੈਚ ਖੇਡੇ, ਜਿਸ 'ਚ ਉਸ ਨੇ ਸਭ ਤੋਂ ਵੱਧ 10 ਗੋਲ ਕੀਤੇ। ਉਸ ਤੋਂ ਬਾਅਦ ਦੂਜੇ ਸਥਾਨ 'ਤੇ ਆਸਟਰੇਲੀਆ ਦਾ ਬਲੇਕ ਗਵਰਸ (Blake Govers) ਹਨ, ਜਿਸ ਨੇ 7 ਗੋਲ ਕੀਤੇ। ਫਿਰ ਤੀਜੇ ਨੰਬਰ 'ਤੇ ਸਾਂਝੇ ਤੌਰ 'ਤੇ 3 ਖਿਡਾਰੀ ਮੌਜੂਦ ਹਨ, ਜਿਨ੍ਹਾਂ ਨੇ 5 ਗੋਲ ਕੀਤੇ ਹਨ।

8 'ਚੋਂ ਸਿਰਫ਼ ਇਕ ਮੈਚ 'ਚ ਗੋਲ ਨਹੀਂ ਕਰ ਸਕੇ ਹਰਮਨ

ਅਜਿਹੇ 'ਚ ਗੋਲ ਦੇ ਮਾਮਲੇ 'ਚ ਹਰਮਨਪ੍ਰੀਤ ਨੂੰ ਪਛਾੜਨਾ ਕਾਫੀ ਮੁਸ਼ਕਿਲ ਜਾਪਦਾ ਹੈ। ਪੈਰਿਸ ਓਲੰਪਿਕ ਵਿਚ ਹਰਮਨਪ੍ਰੀਤ ਨੇ ਆਇਰਲੈਂਡ, ਆਸਟ੍ਰੇਲੀਆ ਅਤੇ ਅੰਤ ਵਿਚ ਸਪੇਨ (ਕਾਂਸੀ ਤਮਗਾ ਮੈਚ) ਖਿਲਾਫ 2-2 ਗੋਲ ਕੀਤੇ। ਜਦੋਂ ਕਿ ਜਰਮਨੀ, ਗ੍ਰੇਟ ਬ੍ਰਿਟੇਨ, ਅਰਜਨਟੀਨਾ ਅਤੇ ਨਿਊਜ਼ੀਲੈਂਡ ਖਿਲਾਫ 1-1 ਗੋਲ ਕੀਤੇ।

ਹਰਮਨਪ੍ਰੀਤ ਪੈਰਿਸ ਓਲੰਪਿਕ ਦੇ ਆਪਣੇ ਸਫਰ ਦੌਰਾਨ ਸਿਰਫ਼ ਬੈਲਜੀਅਮ ਖਿਲਾਫ ਹੋਏ ਮੈਚ 'ਚ ਹੀ ਗੋਲ ਨਹੀਂ ਕਰ ਸਕਿਆ। ਇਸ ਮੈਚ ਵਿਚ ਵੀ ਭਾਰਤੀ ਟੀਮ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਇਸ ਓਲੰਪਿਕ ਸਫਰ 'ਚ ਸਿਰਫ 2 ਮੈਚ ਹਾਰੀ ਹੈ। ਇਸ 'ਚ ਪਹਿਲਾ ਗਰੁੱਪ ਗੇੜ 'ਚ ਬੈਲਜੀਅਮ ਖਿਲਾਫ ਸੀ ਅਤੇ ਦੂਜਾ ਸੈਮੀਫਾਈਨਲ ਜਰਮਨੀ ਖਿਲਾਫ ਸੀ, ਜਿੱਥੇ ਭਾਰਤ 2-3 ਨਾਲ ਹਾਰ ਗਿਆ।

ਟੋਕੀਓ ਓਲੰਪਿਕ 'ਚ ਹਰਮਨ ਨੇ ਕੀਤੇ ਸਨ 6 ਗੋਲ

ਹਰਮਨਪ੍ਰੀਤ ਨੇ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ 'ਚ 6 ਗੋਲ ਕੀਤੇ ਸਨ ਪਰ ਇਸ ਵਾਰ ਉਸ ਨੇ ਆਪਣੀ ਹਾਕੀ ਨਾਲ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਨੇ ਟੋਕੀਓ ਵਿਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹਾਕੀ ਵਿਚ ਭਾਰਤ ਦਾ ਇਹ ਚੌਥਾ ਓਲੰਪਿਕ ਕਾਂਸੀ ਤਮਗਾ ਹੈ। ਇਸ ਤੋਂ ਇਲਾਵਾ ਦੇਸ਼ ਨੇ ਓਲੰਪਿਕ ਇਤਿਹਾਸ ਵਿਚ ਹਾਕੀ 'ਚ ਸਭ ਤੋਂ ਵਧ 8 ਸੋਨ ਅਤੇ 1 ਚਾਂਦੀ ਦਾ ਤਗਮਾ ਵੀ ਜਿੱਤਿਆ ਹੈ।


author

Rakesh

Content Editor

Related News