ਸ਼੍ਰੀਸ਼ੰਥ ਦੇ ਚੈਲੇਂਜ ''ਤੇ ਹਰਭਜਨ ਸਿੰਘ ਦਾ ਪਲਟਵਾਰ, ''ਖਾਲੀ ਭਾਂਡੇ ਹੀ ਆਵਾਜ਼ ਕਰਦੇ ਨੇ''

Friday, Jun 19, 2026 - 09:18 PM (IST)

ਸ਼੍ਰੀਸ਼ੰਥ ਦੇ ਚੈਲੇਂਜ ''ਤੇ ਹਰਭਜਨ ਸਿੰਘ ਦਾ ਪਲਟਵਾਰ, ''ਖਾਲੀ ਭਾਂਡੇ ਹੀ ਆਵਾਜ਼ ਕਰਦੇ ਨੇ''

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਜਗਤ ਦਾ ਬਹੁ-ਚਰਚਿਤ 'ਸਲੈਪਗੇਟ' (ਥੱਪੜ ਕਾਂਡ) ਵਿਵਾਦ ਇੱਕ ਵਾਰ ਫਿਰ ਭਖ ਗਿਆ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਵੱਲੋਂ ਹਰਭਜਨ ਸਿੰਘ ਨੂੰ ਰਿੰਗ ਵਿੱਚ 'ਦੋ-ਦੋ ਹੱਥ' ਕਰਨ ਦੀ ਚੁਣੌਤੀ ਦੇਣ ਤੋਂ ਬਾਅਦ, ਹੁਣ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਇਸ ਦਾ ਤਿੱਖਾ ਜਵਾਬ ਦਿੱਤਾ ਹੈ।

ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਸ਼੍ਰੀਸੰਥ ਦਾ ਨਾਮ ਲਏ ਬਿਨਾਂ ਲਿਖਿਆ, “ਖਾਲੀ ਭਾਂਡੇ ਹੀ ਤਾਂ ਆਵਾਜ਼ ਕਰਦੇ ਹਨ।” ਇਸ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਜੋ ਲੋਕ ਬਕਵਾਸ ਕਰਦੇ ਹਨ, ਉਨ੍ਹਾਂ ਨੂੰ ਕਰਨ ਦਿਓ। ਖ਼ਾਸ ਗੱਲ ਇਹ ਰਹੀ ਕਿ ਇਸ ਵੀਡੀਓ ਦੇ ਅੰਤ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਚਰਚਿਤ ਗੀਤ '295' ਚੱਲਦਾ ਸੁਣਾਈ ਦਿੰਦਾ ਹੈ।

ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸ਼੍ਰੀਸ਼ੰਥ ਨੇ ਇਕ ਇੰਟਰਵਿਊ ਵਿੱਚ ਹਰਭਜਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਸ਼੍ਰੀਸ਼ੰਥ ਨੇ ਕਿਹਾ, "ਜੇਕਰ ਤੁਹਾਨੂੰ (ਹਰਭਜਨ ਨੂੰ) ਥੱਪੜ ਕਾਂਡ ਤੋਂ ਇੰਨੀ ਦਿੱਕਤ ਹੈ, ਤਾਂ ਆਓ ਰਿੰਗ ਵਿੱਚ। ਮੈਂ ਕਾਗਜ਼ 'ਤੇ ਸਾਈਨ ਕਰਕੇ ਚੈਲੇਂਜ ਕਰ ਰਿਹਾ ਹਾਂ।" ਸ਼੍ਰੀਸ਼ੰਥ ਨੇ ਹਰਭਜਨ ਦੀ ਪੁਰਾਣੀ ਮਾਫ਼ੀ ਨੂੰ ਵੀ 'ਸਕ੍ਰਿਪਟਡ' ਅਤੇ ਇੱਕ ਨਾਟਕ ਕਰਾਰ ਦਿੱਤਾ।

ਸ਼੍ਰੀਸ਼ੰਥ ਅਨੁਸਾਰ, ਉਹ 2008 ਦੀ ਘਟਨਾ ਨੂੰ ਭੁੱਲ ਚੁੱਕੇ ਸਨ ਪਰ 2026 ਦੀ ਸ਼ੁਰੂਆਤ ਵਿੱਚ ਹਰਭਜਨ ਸਿੰਘ ਵੱਲੋਂ ਕੀਤੇ ਗਏ ਇੱਕ ਵਿਗਿਆਪਨ ਨੇ ਸਭ ਕੁਝ ਖ਼ਰਾਬ ਕਰ ਦਿੱਤਾ। ਇਸ ਵਿਗਿਆਪਨ ਵਿੱਚ ਹਰਭਜਨ ਨੂੰ ਇੱਕ 'ਥੱਪੜ ਕਲਾਸ' ਦੇ ਅਧਿਆਪਕ ਵਜੋਂ ਦਿਖਾਇਆ ਗਿਆ ਸੀ, ਜਿਸ ਨੂੰ ਸ਼੍ਰੀਸ਼ੰਥ ਨੇ ਆਪਣੀ ਬੇਇੱਜ਼ਤੀ ਅਤੇ ਪੁਰਾਣੀ ਘਟਨਾ ਦਾ ਮਜ਼ਾਕ ਉਡਾਉਣਾ ਮੰਨਿਆ ਹੈ। ਸ਼੍ਰੀਸ਼ੰਥ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਇਸ ਵਿਗਿਆਪਨ ਨੂੰ ਸਾਂਝਾ ਕਰਨ ਲਈ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ।

ਜ਼ਿਕਰਯੋਗ ਹੈ ਕਿ ਇਹ ਵਿਵਾਦ ਸਾਲ 2008 ਵਿੱਚ ਆਈਪੀਐਲ ਦੇ ਪਹਿਲੇ ਸੀਜ਼ਨ ਦੌਰਾਨ ਮੋਹਾਲੀ ਵਿੱਚ ਸ਼ੁਰੂ ਹੋਇਆ ਸੀ, ਜਦੋਂ ਹਰਭਜਨ ਸਿੰਘ ਨੇ ਸ਼੍ਰੀਸ਼ੰਥ ਨੂੰ ਥੱਪੜ ਮਾਰ ਦਿੱਤਾ ਸੀ। ਉਸ ਘਟਨਾ ਤੋਂ ਬਾਅਦ ਹਰਭਜਨ 'ਤੇ 8 ਮੈਚਾਂ ਦੀ ਪਾਬੰਦੀ ਲਗਾਈ ਗਈ ਸੀ। ਤਾਜ਼ਾ ਘਟਨਾਵਾਂ ਤੋਂ ਲੱਗਦਾ ਹੈ ਕਿ ਦੋਵਾਂ ਖਿਡਾਰੀਆਂ ਵਿਚਾਲੇ ਨੇੜਤਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।


author

Rakesh

Content Editor

Related News