ਗੁਜਰਾਤ ਦਾ ਸਾਹਮਣਾ ਅੱਜ ਚੇਨਈ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
Sunday, May 25, 2025 - 11:38 AM (IST)

ਅਹਿਮਦਾਬਾਦ- ਗੁਜਰਾਤ ਟਾਈਟਨਜ਼ ਦੀ ਟੀਮ ਜਦੋਂ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਮੈਦਾਨ ’ਤੇ ਉਤਰੇਗੀ ਤਾਂ ਉਸਦੀਆਂ ਨਜ਼ਰਾਂ ਅੰਕ ਸੂਚੀ ਵਿਚ ਟਾਪ-2 ਵਿਚ ਜਗ੍ਹਾ ਬਣਾਉਣ ’ਤੇ ਹੋਣਗੀਆਂ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ ਹਾਰ ਜਾਣ ਤੋਂ ਬਾਅਦ ਗੁਜਰਾਤ ਟਾਈਟਨਜ਼ ਪਲੇਅ ਆਫ ਲਈ ਅੰਕ ਸੂਚੀ ਵਿਚ ਬਣੀ ਹੋਈ ਹੈ।
ਇਹ ਵੀ ਪੜ੍ਹੋ : ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ਦਾ ਐਲਾਨ, ਗਿੱਲ ਬਣੇ ਕਪਤਾਨ
ਚੇਨਈ ਵਿਰੁੱਧ ਜਿੱਤ ਨਾਲ ਉਸਦੇ 20 ਅੰਕ ਹੋ ਜਾਣਗੇ। ਇਸ ਨਾਲ ਉਹ ਚੋਟੀ-2 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੇਗੀ ਤੇ ਉਸ ਨੂੰ ਫਾਈਨਲ ਵਿਚ ਜਗ੍ਹਾ ਬਣਾਉਣ ਦੇ ਦੋ ਮੌਕੇ ਮਿਲਣਗੇ। ਪਹਿਲਾਂ ਹੀ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਚੇਨਈ ਦਾ ਧਿਆਨ ਭਵਿੱਖ ਦੀਆਂ ਤਿਆਰੀਆਂ ’ਤੇ ਰਹੇਗਾ ਕਿਉਂਕਿ ਇਸ ਸੈਸ਼ਨ ਵਿਚ ਉਸਦੇ ਲਈ ਨਤੀਜੇ ਮਿਲੇ-ਜੁਲੇ ਰਹੇ ਹਨ ਤੇ ਹੁਣ ਉਹ ਨੌਜਵਾਨ ਖਿਡਾਰੀਆਂ ਤੇ ਹੋਰ ਸੁਮੇਲਾਂ ਨੂੰ ਅਜਮਾਉਣਾ ਚਾਹੇਗੀ। ਗੁਜਰਾਤ ਲਈ ਬੱਲੇਬਾਜ਼ੀ ਵਿਚ ਸਫਲਤਾ ਚੋਟੀ ਦੇ ਤਿੰਨ ਖਿਡਾਰੀ ਸ਼ੁਭਮਨ ਗਿੱਲ, ਸਾਈ ਸੁਦਰਸ਼ਨ ਤੇ ਜੋਸ ਬਟਲਰ ’ਤੇ ਟਿਕੀ ਹੋਈ ਹੈ।
ਬਟਲਰ ਐਤਵਾਰ ਨੂੰ ਟੀਮ ਦੇ ਆਖਰੀ ਲੀਗ ਮੈਚ ਤੋਂ ਬਾਅਦ ਰਾਸ਼ਟਰੀ ਟੀਮ ਦੇ ਨਾਲ ਜੁੜਨ ਲਈ ਰਵਾਨਾ ਹੋ ਜਾਵੇਗਾ। ਬਟਲਰ ਦੇ ਪਲੇਅ ਆਫ ਲਈ ਉਪਲੱਬਧ ਨਾ ਹੋਣ ਕਾਰਨ ਟੀਮ ਲਈ ਅਹਿਮ ਹੋਵੇਗਾ ਕਿ ਮੱਧਕ੍ਰਮ ਨੂੰ ਜ਼ਿਆਦਾ ਸਮਾਂ ਮਿਲੇ। ਸ਼ਾਹਰੁਖ ਖਾਨ ਤੇ ਸ਼ੇਰਫੇਨ ਰਦਰਫੋਰਡ ਨੇ ਲਖਨਊ ਸੁਪਰ ਜਾਇੰਟਸ ਵਿਰੁੱਧ ਕਾਫੀ ਦੌੜਾਂ ਬਣਾਈਆਂ ਤੇ ਉਹ ਮੱਧਕ੍ਰਮ ਵਿਚ ਫਿਰ ਤੋਂ ਪ੍ਰਭਾਵ ਪਾਉਣ ਲਈ ਬੇਤਾਬ ਹੋਣਗੇ ਪਰ ਗੁਜਰਾਤ ਦੀ ਟੀਮ ਲਈ ਸਭ ਤੋਂ ਵੱਡੀ ਚਿੰਤਾ ਗੇਂਦਬਾਜ਼ੀ ਵਿਭਾਗ ਦੀ ਹੈ। ਕਿਉਂਕਿ ਉਸਦਾ ਸਟਾਰ ਸਪਿੰਨਰ ਰਾਸ਼ਿਦ ਖਾਨ ਆਪਣਾ ਸਰਵੋਤਮ ਨਹੀਂ ਦਿਖਾ ਸਕਿਆ ਪਰ ਟੀਮ ਉਸ ’ਤੇ ਭਰੋਸਾ ਬਰਕਰਾਰ ਰੱਖੇਗੀ। ਟੀਮ ਨੂੰ ਕੈਗਿਸੋ ਰਬਾਡਾ, ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਣਾ ਦੇ ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਵੀ ਸੁਧਾਰ ਕਰਨ ਦੀ ਲੋੜ ਹੈ, ਵਿਸ਼ੇਸ਼ ਤੌਰ ’ਤੇ ਚੌਥੇ ਤੇਜ਼ ਗੇਂਦਬਾਜ਼ੀ ਬਦਲ ਲਈ। ਲੀਗ ਗੇੜ ਤੋਂ ਬਾਅਦ ਰਬਾਡਾ ਦੇ ਰਾਸ਼ਟਰੀ ਟੀਮ ਨਾਲ ਜੁੜਨ ਤੋਂ ਬਾਅਦ ਇਹ ਮੁੱਦਾ ਪੇਚੀਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਹੱਦ ਹੋ ਗਈ ! ਕਿਸੇ ਹੋਰ ਦੀ ਗ਼ਲਤੀ ਦੀ ਮਿਲ ਗਈ ਸਜ਼ਾ, ਲੱਗ ਗਿਆ ਜੁਰਮਾਨਾ
ਉੱਥੇ ਹੀ, ਐਤਵਾਰ ਨੂੰ ਨਤੀਜਾ ਜੋ ਵੀ ਰਹੇ, ਚੇਨਈ ਦੇ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਇਸ ਲਈ ਇਹ ਮੈਚ ਆਯੁਸ਼ ਮਹਾਤ੍ਰੇ, ਉਰਵਿਲ ਪਟੇਲ ਤੇ ਡੇਵਾਲਡ ਬ੍ਰੇਵਿਸ ਵਰਗੇ ਨੌਜਵਾਨਾਂ ਲਈ ਪ੍ਰਭਾਵਿਤ ਕਰਨ ਦਾ ਮੌਕਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8