ਗਾਫ ਨੇ ਜਿੱਤਿਆ ਸਿਨਸਿਨਾਟੀ ਓਪਨ ਦਾ ਖਿਤਾਬ, ਪੁਰਸ਼ ਵਰਗ ’ਚ ਫਿਲਸ ਬਣਿਆ ਚੈਂਪੀਅਨ

Tuesday, Aug 25, 2026 - 12:27 PM (IST)

ਗਾਫ ਨੇ ਜਿੱਤਿਆ ਸਿਨਸਿਨਾਟੀ ਓਪਨ ਦਾ ਖਿਤਾਬ, ਪੁਰਸ਼ ਵਰਗ ’ਚ ਫਿਲਸ ਬਣਿਆ ਚੈਂਪੀਅਨ

ਸਪੋਰਟਸ ਡੈਸਕ- ਕੋਕੋ ਗਾਫ ਨੇ ਹਮਵਤਨ ਅਮਰੀਕੀ ਜੈਸਿਕਾ ਪੇਗੁਲਾ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ’ਚ ਦੂਜੀ ਵਾਰ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਜਦਕਿ ਪੁਰਸ਼ ਸਿੰਗਲਜ਼ ’ਚ ਫਰਾਂਸ ਦਾ ਆਰਥਰ ਫਿਲਸ ਚੈਂਪੀਅਨ ਬਣਿਆ।

ਮਹਿਲਾ ਵਰਗ ਦੇ ਫਾਈਨਲ ’ਚ ਗਾਫ ਨੇ ਪੇਗੁਲਾ ਨੂੰ 6-2, 6-4 ਨਾਲ ਹਰਾਇਆ। ਪੁਰਸ਼ਾਂ ਦੇ ਫਾਈਨਲ ’ਚ ਫਰਾਂਸ ਦੇ ਫਿਲਸ ਨੇ ਅਮਰੀਕਾ ਦੇ ਫ੍ਰਾਂਸਿਸ ਟਿਆਫੋ ਨੂੰ 6-3, 1-6, 6-0 ਨਾਲ ਹਰਾ ਕੇ ਆਪਣਾ ਪਹਿਲਾ ਮਾਸਟਰਜ਼ 1000 ਖਿਤਾਬ ਜਿੱਤਿਆ।

ਪੇਗੁਲਾ ਨੇ ਸੈਮੀਫਾਈਨਲ ’ਚ ਮੌਜੂਦਾ ਚੈਂਪੀਅਨ ਇਗਾ ਸਵਿਯਾਤੇਕ ਨੂੰ ਜਦਕਿ ਗਾਫ ਨੇ ਸਾਰਾ ਬੇਜ਼ਲੇਕ ਨੂੰ ਹਰਾ ਕੇ 56 ਸਾਲਾਂ ’ਚ ਸਿਨਸਿਨਾਟੀ ਓਪਨ ’ਚ ਪਹਿਲੀ ਵਾਰ ਅਮਰੀਕੀ ਮਹਿਲਾ ਖਿਡਾਰੀਆਂ ਵਿਚਾਲੇ ਫਾਈਨਲ ਦਾ ਮੁਕਾਬਲਾ ਤੈਅ ਕੀਤਾ ਸੀ। ਇਸ ਤੋਂ ਪਹਿਲਾਂ ਸਿਨਸਿਨਾਟੀ ਓਪਨ ’ਚ ਅਮਰੀਕਾ ਦੀਆਂ ਦੋ ਮਹਿਲਾ ਖਿਡਾਰੀਆਂ ਵਿਚਾਲੇ ਫਾਈਨਲ ਮੁਕਾਬਲਾ 1970 ’ਚ ਖੇਡਿਆ ਗਿਆ ਸੀ ਜਦੋਂ ਰੋਜ਼ੀ ਕੈਸਲਸ ਨੇ ਨੈਂਸੀ ਰਿਚੀ ਨੂੰ ਹਰਾਇਆ ਸੀ। ਗਾਫ ਨੇ 2023 ’ਚ ਕੈਰੋਲੀਨਾ ਮੁਚੋਵਾ ਨੂੰ ਹਰਾ ਕੇ ਇੱਥੇ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ।

ਫਿਲਸ ਤੇ ਟਿਆਫੋ ਦਾ ਮੈਚ ਪਹਿਲੀ ਵਾਰ ਸੀ ਜਦੋਂ ਦੋ ਅਸ਼ਵੇਤ ਖਿਡਾਰੀ ਏ.ਟੀ.ਪੀ. ਮਾਸਟਰਜ਼ 1000 ਫਾਈਨਲ ’ਚ ਆਹਮੋ-ਸਾਹਮਣੇ ਸਨ। 22 ਸਾਲਾ ਫਿਲਸ ਮਾਸਟਰਜ਼ 1000 ਦਾ ਖਿਤਾਬ ਜਿੱਤਣ ਵਾਲਾ ਤੀਜਾ ਅਸ਼ਵੇਤ ਪੁਰਸ਼ ਖਿਡਾਰੀ ਹੈ। ਉਸ ਤੋਂ ਪਹਿਲਾਂ ਬੇਨ ਸ਼ੈਲਟਨ ਨੇ ਕੈਨੇਡਾ ’ਚ ਦੋ ਵਾਰ ਤੇ ਜੋ ਵਿਲਫ੍ਰੈੱਡ ਸੋਂਗਾ ਨੇ 2008 ’ਚ ਪੈਰਿਸ ’ਚ ਅਤੇ 2014 ’ਚ ਕੈਨੇਡਾ ’ਚ ਮਾਸਟਰਜ਼ 1000 ਦਾ ਖਿਤਾਬ ਜਿੱਤਿਆ ਸੀ।


author

Tarsem Singh

Content Editor

Related News