ਫ੍ਰੈਂਚ ਓਪਨ : ਸਬਾਲੇਂਕਾ ਦੀ ਜੇਤੂ ਸ਼ੁਰੂਆਤ, ਮੇਦਵੇਦੇਵ ਹਾਰਿਆ

Wednesday, May 27, 2026 - 12:28 PM (IST)

ਫ੍ਰੈਂਚ ਓਪਨ : ਸਬਾਲੇਂਕਾ ਦੀ ਜੇਤੂ ਸ਼ੁਰੂਆਤ, ਮੇਦਵੇਦੇਵ ਹਾਰਿਆ

ਪੈਰਿਸ- ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਆਰੀਨਾ ਸਬਾਲੇਂਕਾ ਨੇ ਫ੍ਰੈਂਚ ਓਪਨ ’ਚ ਭਿਆਨਕ ਗਰਮੀ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਪਹਿਲੇ ਦੌਰ ’ਚ ਸ਼ਾਨਦਾਰ ਜਿੱਤ ਦਰਜ ਕੀਤੀ ਤਾਂ ਉੱਥੇ ਹੀ ਪੁਰਸ਼ ਵਰਗ ’ਚ ਰੂਸ ਦੇ ਸਟਾਰ ਖਿਡਾਰੀ ਦਾਨਿਲ ਮੇਦਵੇਦੇਵ ਨੂੰ ਵੱਡਾ ਉਲਟਫੇਰ ਝੱਲਣਾ ਪਿਆ।

ਸਬਾਲੇਂਕਾ ਨੇ ਸਪੇਨ ਦੀ ਜੈਸਿਕਾ ਬੌਜ਼ਾਸ ਮਾਨੇਇਰੋ ਨੂੰ 6-4, 6-2 ਨਾਲ ਹਰਾ ਕੇ ਦੂਜੇ ਦੌਰ ’ਚ ਜਗ੍ਹਾ ਬਣਾਈ। ਮੁਕਾਬਲੇ ਦੌਰਾਨ ਉਸ ਨੇ ਨੈੱਟ ਕੋਲ ਹਮਲਾਵਰ ਖੇਡ ਦਿਖਾਉਂਦੇ ਹੋਏ ਕਈ ਸ਼ਾਨਦਾਰ ਵੌਲੀ ਪੁਆਇੰਟ ਜਿੱਤੇ। ਰੋਲਾਂ ਗੈਰੋਂ ’ਚ ਲਗਾਤਾਰ 3 ਜਗ੍ਹਾ ’ਤੇ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਸੀ। ਗਰਮ ਮੌਸਮ ਕਾਰਨ ਕਲੇ ਕੋਰਟ ਤੇਜ਼ੀ ਨਾਲ ਸੁੱਕ ਰਹੇ ਹਨ ਤੇ ਸਾਧਾਰਨ ਨਾਲੋਂ ਵੱਧ ਤੇਜ਼ ਖੇਡ ਹੋ ਰਹੀ ਹੈ, ਜਿਸ ਨਾਲ ਨੈੱਟ ’ਤੇ ਹਮਲਾਵਰ ਰਣਨੀਤੀ ਕਾਰਗਰ ਸਾਬਿਤ ਹੋ ਰਹੀ ਹੈ।

ਪੁਰਸ਼ ਸਿੰਗਲ ’ਚ ਆਸਟ੍ਰੇਲੀਆ ਦੇ ਐਡਮ ਵੌਲਟਨ ਨੇ 5 ਸੈੱਟ ਤੱਕ ਚੱਲੇ ਮੁਕਾਬਲੇ ’ਚ ਮੇਦਵੇਦੇਵ ਨੂੰ 6-2, 1-6, 6-1, 1-6, 6-4 ਨਾਲ ਹਰਾ ਕੇ ਟੂਰਨਾਮੈਂਟ ਦਾ ਵੱਡਾ ਉਲਟਫੇਰ ਕੀਤਾ। ਵੌਲਟਨ ਵਿਸ਼ਵ ਰੈਂਕਿੰਗ ’ਚ 97ਵੇਂ ਸਥਾਨ ’ਤੇ ਹਨ। ਉਸ ਨੂੰ ਟੂਰਨਾਮੈਂਟ ਪ੍ਰਬੰਧਕਾਂ ਨੇ ਵਾਈਲਡ ਕਾਰਡ ਦਿੱਤਾ ਸੀ। ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਵੀ ਅਗਲੇ ਦੌਰ ’ਚ ਪਹੁੰਚ ਗਏ। ਉਸ ਦਾ ਸਥਾਨਕ ਵਿਰੋਧੀ ਅਲੇਕਜ਼ਾਂਦਰ ਮੂਲਰ ਸੱਟ ਕਾਰਨ ਮੈਚ ਵਿਚਾਲੇ ਛੱਡਣ ਨੂੰ ਮਜ਼ਬੂਰ ਹੋ ਗਿਆ।

ਫਰਾਂਸ ਦੇ 17 ਸਾਲਾ ਖਿਡਾਰੀ ਮੋਇਜ਼ ਕੁਆਮੇ ਨੇ ਆਪਣੇ ਗ੍ਰੈਂਡ ਸਲੈਮ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਤਜਰਬੇਕਾਰ ਮਾਰਿਨ ਸਿਲਿਚ ਨੂੰ 7-6 (4), 6-2, 6-1 ਨਾਲ ਹਰਾਇਆ। ਏ. ਟੀ. ਪੀ. ਟੂਰ ਦੇ ਅਨੁਸਾਰ, ਵਿਸ਼ਵ ਰੈਂਕਿੰਗ ’ਚ 318ਵੇਂ ਸਥਾਨ ’ਤੇ ਮੌਜੂਦ ਕੁਆਮੇ 2008 ਜਾਂ ਉਸ ਤੋਂ ਬਾਅਦ ਜਨਮੇ ਪਹਿਲਾ ਖਿਡਾਰੀ ਬਣ ਗਿਆ ਹੈ, ਜਿਸ ਨੇ ਕਿਸੇ ਗ੍ਰੈਂਡ ਸਲੈਮ ਮੁਕਾਬਲੇ ’ਚ ਜਿੱਤ ਦਰਜ ਕੀਤੀ ਹੈ।


author

Tarsem Singh

Content Editor

Related News