ਫੁੱਟਬਾਲਰ ਅਨਸ ਐਡਾਥੋਡਿਕਾ ਵੱਲੋਂ ਸੰਨਿਆਸ

Sunday, Nov 03, 2024 - 02:22 PM (IST)

ਫੁੱਟਬਾਲਰ ਅਨਸ ਐਡਾਥੋਡਿਕਾ ਵੱਲੋਂ ਸੰਨਿਆਸ

ਮੱਲਾਪੁਰਮ (ਕੇਰਲਾ)- ਸਾਬਕਾ ਭਾਰਤੀ ਡਿਫੈਂਡਰ ਅਨਸ ਐਡਾਥੋਡਿਕਾ ਨੇ ਪੇਸ਼ੇਵਰ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ, ਜਿਸ ਨਾਲ ਉਸ ਦਾ 17 ਵਰ੍ਹਿਆਂ ਦਾ ਕਰੀਅਰ ਖਤਮ ਹੋ ਗਿਆ। ਅਨਸ (37) ਨੇ 21 ਵਾਰ ਭਾਰਤ ਦੀ ਨੁਮਾਇੰਦਗੀ ਕੀਤੀ, ਜਿਸ ਤੋਂ ਇਲਾਵਾ ਉਸ ਨੇ ਕਲੱਬ ਲਈ 172 ਮੈਚ ਵੀ ਖੇਡੇ ਹਨ। ਉਸ ਨੇ 2007 ’ਚ ਮੁੰਬਈ ਐੱਫਸੀ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 2011 ’ਚ ਉਹ ਪੁਣੇ ਐੱਫਸੀ ਨਾਲ ਜੁੜ ਗਿਆ ਸੀ। 

ਅਨਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਭਾਵਨਾਤਮਕ ਵੀਡੀਓ ਸਾਂਝੀ ਕੀਤੀ ਅਤੇ ਨੋਟ ਵੀ ਲਿਖਿਆ ਹੈ। ਉਸ ਨੇ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਮੈਂ ਆਪਣੇ ਪੇਸ਼ੇਵਰ ਫੁੱਟਬਾਲ ਨੂੰ ਅਲਵਿਦਾ ਆਖ ਦੇਵਾਂ। ਮੱਲਪੁਰਮ ਦੇ ਸਟੇਡੀਅਮ ਤੋਂ ਲੈ ਕੇ ਭਾਰਤ ਦੇ ਸਟੇਡੀਅਮਾਂ ਤੱਕ ਚੱਲਿਆ ਇਹ ਸਫਰ ਸੁਫ਼ਨਾ ਸੱਚ ਹੋਣ ਵਾਂਗ ਰਿਹਾ।’’ ਉਸ ਨੇ ਕਿਹਾ, ‘‘ਇਸ ਦੌਰਾਨ ਆਏ ਉਤਰਾਅ ਚੜ੍ਹਾਅ ਲਈ ਮੇਰੇ ਪਰਿਵਾਰ, ਕੋਚ, ਟੀਮ ਦੇ ਸਾਥੀਆਂ ਤੇ ਪ੍ਰਸ਼ੰਸਕਾਂ ਦੇ ਧੰਨਵਾਦ ਜਿਨ੍ਹਾਂ ਨੇ ਲੋੜ ਪੈਣ ’ਤੇ ਮੈਨੂੰ ਸਹਾਰਾ ਦਿੱਤਾ। ਫੁੱਟਬਾਲ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਮੈਂ ਹਰ ਪਲ ਲਈ ਸ਼ੁਕਰਗੁਜ਼ਾਰ ਰਹਾਂਗਾ।’’ ਅਨਸ ਨੇ ਮੋਹਨ ਬਾਗਾਨ, ਜਮਸ਼ੇਦਪੁਰ, ਕੇਰਲਾ ਬਲਾਸਟਰਸ ਅਤੇ ਏਟੀਕੇ ਲਈ ਵੀ ਮੈਚ ਖੇਡੇ ਹਨ। 


author

Tarsem Singh

Content Editor

Related News