ਫੀਫਾ 2026 : 48-ਟੀਮਾਂ ਵਾਲਾ ਵਿਸ਼ਵ ਕੱਪ ਕਿਵੇਂ ਕੰਮ ਕਰੇਗਾ

Wednesday, Jun 03, 2026 - 12:34 AM (IST)

ਫੀਫਾ 2026 : 48-ਟੀਮਾਂ ਵਾਲਾ ਵਿਸ਼ਵ ਕੱਪ ਕਿਵੇਂ ਕੰਮ ਕਰੇਗਾ

ਨਵੀਂ ਦਿੱਲੀ- ਫੀਫਾ ਵਿਸ਼ਵ ਕੱਪ-2026 ਕੌਮਾਂਤਰੀ ਫੁੱਟਬਾਲ ’ਚ ਇਕ ਬਿਲਕੁਲ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ, ਕਿਉਂਕਿ ਇਤਿਹਾਸ ’ਚ ਪਹਿਲੀ ਵਾਰ ਇਸ ਟੂਰਨਾਮੈਂਟ ’ਚ 32 ਟੀਮਾਂ ਦੀ ਬਜਾਏ 48 ਟੀਮਾਂ ਹਿੱਸਾ ਲੈਣਗੀਆਂ।

ਇਹ ਟੂਰਨਾਮੈਂਟ, ਜਿਹੜਾ 11 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਸੰਯੁਕਤ ਰਾਜ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵੱਲੋਂ ਸਾਂਝਾ ਤੌਰ ’ਤੇ ਹੋਸਟ ਕੀਤਾ ਜਾਵੇਗਾ। ਇਹ ਹਿੱਸਾ ਲੈਣ ਵਾਲੇ ਦੇਸ਼ਾਂ ਤੇ ਮੈਚਾਂ ਦੀ ਗਿਣਤੀ, ਦੋਵਾਂ ਪੱਖਾਂ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਵਿਸ਼ਵ ਕੱਪ ਹੋਵੇਗਾ।

ਫੁੱਟਬਾਲ ਪ੍ਰਸ਼ੰਸਕਾਂ ਲਈ ਨਵਾਂ ਫਾਰਮੈੱਟ ਸ਼ੁਰੂ ’ਚ ਉਲਝਣ ਵਾਲਾ ਲੱਗ ਸਕਦਾ ਹੈ ਪਰ ਫੀਫਾ ਦਾ ਮੰਨਣਾ ਹੈ ਕਿ ਇਹ ਬਦਲਾਅ ਇਸ ਮੁਕਾਬਲੇ ਨੂੰ ਵਧੇਰੇ ਸਮਾਵੇਸ਼ੀ ਤੇ ਗਲੋਬਲ ਬਣਾਉਣਗੇ।

ਨਵਾਂ ਫਾਰਮੈੱਟ ਕੀ ਹੈ?

ਪੁਰਾਣਾ ਸਿਸਟਮ : ਪਹਿਲਾਂ 32 ਟੀਮਾਂ ਨੂੰ 4-4 ਟੀਮਾਂ ਦੇ 8 ਗਰੁੱਪਾਂ ’ਚ ਵੰਡਿਆ ਜਾਂਦਾ ਸੀ। ਹਰੇਕ ਗਰੁੱਪ ’ਚੋਂ ਟਾਪ-2 ਟੀਮਾਂ ਨਾਕਆਊਟ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ‘ਰਾਊਂਡ ਆਫ 16’ ਵਿਚ ਪਹੁੰਚਦੀਆਂ ਸਨ।

ਨਵਾਂ ਸਿਸਟਮ : ਹੁਣ 48 ਦੇਸ਼ਾਂ ਨੂੰ 4-4 ਟੀਮਾਂ ਦੇ 12 ਗਰੁੱਪਾਂ ’ਚ ਵੰਡਿਆ ਗਿਆ ਹੈ। ਹਰ ਟੀਮ ਗਰੁੱਪ ਸਟੇਜ ’ਚ 3 ਮੈਚ ਖੇਡੇਗੀ।

ਹਰੇਕ ਗਰੁੱਪ ’ਚੋਂ ਟਾਪ -2 ਟੀਮਾਂ ਅਤੇ ਇਸਦੇ ਨਾਲ ਹੀ ਤੀਜੇ ਸਥਾਨ ’ਤੇ ਰਹਿਣ ਵਾਲੀਆਂ 8 ਸਭ ਤੋਂ ਵਧੀਆ ਟੀਮਾਂ ਨਾਕਆਊਟ ਦੌਰ ਲਈ ਕੁਆਲੀਫਾਈ ਕਰਨਗੀਆਂ। ਇਸਦਾ ਮਤਲਬ ਹੈ ਕਿ ਪੁਰਾਣੇ ਫਾਰਮੈੱਟ ਦੇ 16 ਦੀ ਬਜਾਏ ਹੁਣ 32 ਟੀਮਾਂ ਨਾਕਆਊਟ ਪੜਾਅ ’ਚ ਪ੍ਰਵੇਸ਼ ਕਰਨਗੀਆਂ।

ਇਸ ਦੇ ਨਤੀਜੇ ਵਜੋਂ, ਟੂਰਨਾਮੈਂਟ ’ਚ ਹੁਣ ਇਕ ਵਾਧੂ ਨਾਕਆਊਟ ਦੌਰ ਸ਼ਾਮਲ ਹੋਵੇਗਾ ਜਿਸ ਨੂੰ ‘ਰਾਊਂਡ ਆਫ 32’ ਕਿਹਾ ਜਾਵੇਗਾ। ਇਸ ਤੋਂ ਬਾਅਦ ਮੁਕਾਬਲਾ ਰਾਊਂਡ ਆਫ-16, ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਵੱਲ ਵਧੇਗਾ।

ਮੈਚਾਂ ਦੀ ਗਿਣਤੀ : ਮੈਚਾਂ ਦੀ ਕੁੱਲ ਗਿਣਤੀ 64 ਤੋਂ ਵੱਧ ਕੇ 104 ਹੋ ਗਈ ਹੈ ਜਦਕਿ ਇਹ ਟੂਰਨਾਮੈਂਟ ਖੁਦ ਲੱਗਭਗ 6 ਹਫਤਿਆਂ ਤੱਕ ਚੱਲੇਗਾ।

ਕਈ ਦੇਸ਼ਾਂ ਦੀ ਲੰਬੇ ਸਮੇਂ ਬਾਅਦ ਵਾਪਸੀ :

ਸਲਾਟ (ਸੀਟਾਂ) ’ਚ ਵਾਧੇ ਦਾ ਫਾਇਦਾ ਕਈ ਅਜਿਹੇ ਦੇਸ਼ਾਂ ਨੂੰ ਹੋਇਆ ਹੈ ਜਿਹੜੇ ਕਿ ਲੰਬੇ ਸਮੇਂ ਤੋਂ ਬਾਅਦ ਇਸ ਬਹੁ-ਰਾਸ਼ਟਰੀ ਟੂਰਨਾਮੈਂਟ ’ਚ ਵਾਪਸੀ ਕਰ ਰਹੇ ਹਨ।

ਇਰਾਕ 40 ਸਾਲਾਂ ਬਾਅਦ ਟੂਰਨਾਮੈਂਟ ’ਚ ਪਰਤ ਰਿਹਾ ਹੈ।

ਸਕਾਟਲੈਂਡ 28 ਸਾਲਾਂ ’ਚ ਆਪਣਾ ਪਹਿਲਾ ਵਿਸ਼ਵ ਕੱਪ ਖੇਡੇਗਾ।

ਮੇਜ਼ਬਾਨ ਦੇਸ਼ ਤੇ ਸਟੇਡੀਅਮ-

ਮੇਜ਼ਬਾਨੀ ਦੇ ਅਧਿਕਾਰ ਰੱਖਣ ਵਾਲੇ ਤਿੰਨੋਂ ਦੇਸ਼ਾਂ ’ਚ ਕੁੱਲ 16 ਸਟੇਡੀਅਮ ਹਨ, ਜਿਨ੍ਹਾਂ ’ਚੋਂ 11 ਅਮਰੀਕਾ ’ਚ, 3 ਮੈਕਸੀਕੋ ’ਚ ਤੇ 2 ਕੈਨੇਡਾ ’ਚ ਹਨ।

ਅਮਰੀਕਾ ਫਾਈਨਲ ਸਮੇਤ ਜ਼ਿਆਦਾਤਰ ਮੈਚਾਂ ਦੀ ਮੇਜ਼ਬਾਨੀ ਕਰੇਗਾ ਜਦਕਿ ਕੈਨੇਡਾ ਤੇ ਮੈਕਸੀਕੋ ਵੀ ਟੂਰਨਾਮੈਂਟ ਦੌਰਾਨ ਮੈਚਾਂ ਦਾ ਆਯੋਜਨ ਕਰਨਗੇ। ਮੈਕਸੀਕੋ 3 ਵੱਖ-ਵੱਖ ਵਿਸ਼ਵ ਕੱਪਾਂ ’ਚ ਮੈਚਾਂ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਉਹ 1970 ਤੇ 1986 ਦੇ ਐਡੀਸ਼ਨਾਂ ਦਾ ਆਯੋਜਨ ਕਰ ਚੁੱਕਾ ਹੈ।

ਫੁੱਟਬਾਲ ਤੋਂ ਇਲਾਵਾ, ਫੀਫਾ 2026 ਦੇ ਕਮਾਈ, ਬ੍ਰਾਡਕਾਸਟਿੰਗ (ਪ੍ਰਸਾਰਣ), ਤੇ ਪ੍ਰਸ਼ੰਸਕਾਂ ਦੀ ਮੌਜੂਦਗੀ ਦੇ ਮਾਮਲੇ ’ਚ ਇਤਿਹਾਸ ਦੇ ਸਭ ਤੋਂ ਵੱਡੇ ਖੇਡ ਸਮਾਗਮਾਂ ’ਚੋਂ ਇਕ ਬਣਨ ਦੀ ਉਮੀਦ ਹੈ, ਕਿਉਂਕਿ ਇਸ ਵਾਰ ਦੇਖਣ ਦਾ ਸਮਾਂ ਵਧੇਗਾ।


author

Rakesh

Content Editor

Related News