ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜ਼ਖਮੀ, ਟੈਸਟ ਸੀਰੀਜ਼ ਤੋਂ ਹੋ ਸਕਦੈ ਬਾਹਰ
Friday, Apr 04, 2025 - 06:48 PM (IST)

ਲੰਡਨ: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਸਟੋਨ ਸੱਟ ਕਾਰਨ ਇਸ ਸਾਲ 20 ਜੂਨ ਤੋਂ ਭਾਰਤ ਵਿਰੁੱਧ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਲੜੀ ਤੋਂ ਬਾਹਰ ਹੋਣ ਦੇ ਕੰਢੇ 'ਤੇ ਹਨ। 31 ਸਾਲਾ ਗੇਂਦਬਾਜ਼ ਨੂੰ ਇਹ ਸੱਟ ਆਪਣੀ ਕਾਊਂਟੀ ਟੀਮ ਨੌਟਿੰਘਮਸ਼ਰ ਕਾਊਂਟੀ ਦੇ ਘਰੇਲੂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਬੂ ਧਾਬੀ 'ਚ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਲੱਗੀ।
ਭਾਰਤੀ ਟੀਮ ਦਾ ਇੰਗਲੈਂਡ ਦੌਰਾ 4 ਅਗਸਤ ਤੱਕ ਜਾਰੀ ਰਹੇਗਾ। ਸਟੋਨ ਨੇ ਹੁਣ ਤੱਕ ਪੰਜ ਟੈਸਟ ਮੈਚਾਂ 'ਚ 17 ਵਿਕਟਾਂ ਲਈਆਂ ਹਨ। ਉਸਨੇ ਆਪਣਾ ਆਖਰੀ ਟੈਸਟ 2024 'ਚ ਅਗਸਤ-ਸਤੰਬਰ 'ਚ ਸ਼੍ਰੀਲੰਕਾ ਵਿਰੁੱਧ ਖੇਡਿਆ ਸੀ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਸ਼ੁੱਕਰਵਾਰ ਨੂੰ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਦੇ ਹਵਾਲੇ ਨਾਲ ਕਿਹਾ, "ਮਾਰਚ ਵਿੱਚ ਨੌਟਿੰਘਮਸ਼ਰ ਦੇ ਪ੍ਰੀ-ਸੀਜ਼ਨ ਦੌਰੇ ਦੌਰਾਨ ਸਟੋਨ ਨੂੰ ਆਪਣੇ ਸੱਜੇ ਗੋਡੇ 'ਚ ਕਾਫ਼ੀ ਦਰਦ ਹੋਇਆ ਸੀ।"
ਇਸ ਆਈਸੀਸੀ ਰਿਪੋਰਟ ਦੇ ਅਨੁਸਾਰ, ਸਟੋਨ ਦਾ ਟੀਚਾ ਅਗਸਤ ਤੱਕ ਵਾਪਸੀ ਕਰਨਾ ਹੈ। ਉਸਨੇ ਕਿਹਾ, 'ਸਕੈਨ ਤੋਂ ਪਤਾ ਲੱਗਾ ਹੈ ਕਿ ਸਰਜਰੀ ਦੀ ਲੋੜ ਹੈ, ਜੋ ਇਸ ਹਫ਼ਤੇ ਦੇ ਅੰਤ 'ਚ ਹੋਵੇਗੀ।' ਸਰਜਰੀ ਕਾਰਨ ਉਹ 14 ਹਫ਼ਤਿਆਂ ਲਈ ਖੇਡ ਤੋਂ ਬਾਹਰ ਰਹੇਗਾ। ਫਿਰ ਉਹ ਆਪਣੇ ਪੁਨਰਵਾਸ ਦੌਰਾਨ ਈਸੀਬੀ ਅਤੇ ਨੌਟਿੰਘਮਸ਼ਾਇਰ ਦੀਆਂ ਮੈਡੀਕਲ ਟੀਮਾਂ ਨਾਲ ਮਿਲ ਕੇ ਕੰਮ ਕਰੇਗਾ। ਸਟੋਨ ਜ਼ਖਮੀਆਂ ਦੀ ਸੂਚੀ ਵਿੱਚ ਟੀਮ ਦਾ ਦੂਜਾ ਤੇਜ਼ ਗੇਂਦਬਾਜ਼ ਹੈ। ਉਸ ਦੇ ਸਾਥੀ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ ਇਸ ਸਾਲ ਦੇ ਸ਼ੁਰੂ 'ਚ ਸੱਟ ਲੱਗਣ ਕਾਰਨ ਬਾਹਰ ਕਰ ਦਿੱਤਾ ਗਿਆ ਸੀ।