ਇੰਗਲੈਂਡ ਅਤੇ ਨਿਊਜ਼ੀਲੈਂਡ ਬਣਨੇ ਚਾਹੀਦੇ ਸਨ ਸਾਂਝੇ ਜੇਤੂ
Tuesday, Jul 16, 2019 - 01:30 AM (IST)

ਨਵੀਂ ਦਿੱਲੀ- ਵਿਸ਼ਵ ਕੱਪ ਫਾਈਨਲ ਵਿਚ ਸੁਪਰ ਓਵਰ ਵੀ ਟਾਈ ਹੋਣ ਤੋਂ ਬਾਅਦ ਸਭ ਤੋਂ ਵੱਧ ਬਾਊਂਡਰੀਆਂ ਦੇ ਆਧਾਰ 'ਤੇ ਇੰਗਲੈਂਡ ਜੇਤੂ ਐਲਾਨ ਕਰਨ 'ਤੇ ਸਾਬਕਾ ਕ੍ਰਿਕਟਰਾਂ ਨੇ ਆਈ. ਸੀ. ਸੀ. ਦੇ ਇਸ ਨਿਯਮ ਨੂੰ ਕਾਫੀ ਬੇਰਹਿਮ ਦੱਸਿਆ ਅਤੇ ਕਈ ਖਿਡਾਰੀਆਂ ਨੇ ਕਿਹਾ ਕਿ ਦੋਵਾਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨ ਕੀਤਾ ਜਾਣਾ ਚਾਹੀਦਾ ਸੀ।
ਵਿਸ਼ਵ ਕੱਪ ਇਤਿਹਾਸ ਦੇ ਸਭ ਤੋਂ ਰੋਮਾਂਚਕ ਮੁਕਾਬਲੇ ਵਿਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਦੋਵੇਂ ਟੀਮਾਂ ਦਾ 50 ਓਵਰਾਂ ਤੋਂ ਬਾਅਦ 241 ਦੌੜਾਂ ਦਾ ਸਕੋਰ ਰਿਹਾ ਸੀ। ਇਸ ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਵਿਚ ਸੁਪਰ ਓਵਰ ਦਾ ਸਹਾਰਾ ਲਿਆ ਗਿਆ, ਜਿਸ ਵਿਚ ਦੋਵੇਂ ਟੀਮਾਂ ਨੇ 15-15 ਦੌੜਾਂ ਬਣਾਈਆਂ। ਆਈ. ਸੀ. ਸੀ. ਨਿਯਮ ਅਨੁਸਾਰ ਸੁਪਰ ਓਵਰ ਟਾਈ ਰਹਿਣ 'ਤੇ ਉਹ ਹੀ ਟੀਮ ਜੇਤੂ ਬਣਦੀ ਹੈ, ਜਿਸ ਨੇ ਨਿਰਧਾਰਿਤ 50 ਓਵਰਾਂ ਵਿਚ ਸਭ ਤੋਂ ਵੱਧ ਬਾਊਂਡਰੀਆਂ ਲਾਈਆਂ ਹੋਣ। ਨਿਊਜ਼ੀਲੈਂਡ ਨੇ ਆਪਣੀ ਪਾਰੀ ਵਿਚ 16 ਬਾਊਂਡਰੀਆਂ ਲਾਈਆਂ ਸਨ, ਜਦਕਿ ਇੰਗਲੈਂਡ ਨੇ 24 ਬਾਊਂਡਰੀਆਂ ਲਾਈਆਂ ਸਨ। ਇੰਗਲੈਂਡ ਇਸ ਆਧਾਰ 'ਤੇ ਜੇਤੂ ਬਣ ਗਿਆ। ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਨੇ ਇਸ 'ਤੇ ਸਿਰਫ ਇਕ ਸ਼ਬਦ ਵਿਚ ਆਪਣੀ ਪ੍ਰਤੀਕਿਰਿਆ ਦਿੱਤੀ... 'ਬੇਰਹਿਮ'।
ਭਾਰਤੀ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਵੀ ਕਿਹਾ ਕਿ ਨਿਊਜ਼ੀਲੈਂਡ ਲਈ ਇਹ ਹਾਰ ਮੰਦਭਾਗੀ ਰਹੀ। ਉਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਸ ਮੁਕਾਬਲੇ ਵਿਚ ਕੋਈ ਵੀ ਟੀਮ ਨਹੀਂ ਹਾਰੀ। ਦੋਵਾਂ ਨੂੰ ਜੇਤੂ ਟਰਾਫੀ ਦਿੱਤੀ ਜਾਣੀ ਚਾਹੀਦੀ ਸੀ। ਆਈ. ਸੀ. ਸੀ. ਨੂੰ ਆਪਣੇ ਇਸ ਨਿਯਮ ਬਾਰੇ ਫਿਰ ਤੋਂ ਸੋਚਣਾ ਚਾਹੀਦਾ ਹੈ। ਅਜਿਹਾ ਪਹਿਲੀ ਵਾਰ ਹੋਇਆ ਸੀ, ਇਸ ਲਈ ਕੋਈ ਇਸ ਬਾਰੇ ਸੋਚ ਨਹੀਂ ਸਕਿਆ।''
ਫਾਈਨਲ ਮੈਚ ਵਿਚ 'ਮੈਨ ਆਫ ਦਿ ਮੈਚ' ਬਣੇ ਬੇਨ ਸਟੋਕਸ ਦੇ ਪਿਤਾ ਗੇਰਾਰਡ ਸਟੋਕਸ ਦਾ ਵੀ ਮੰਨਣਾ ਹੈ ਕਿ ਜੇਤੂ ਟਰਾਫੀ ਨੂੰ ਦੋਵਾਂ ਟੀਮਾਂ ਵਿਚ ਵੰਡਿਆ ਜਾਣਾ ਚਾਹੀਦਾ ਸੀ। ਗੇਰਾਰਡ ਨਿਊਜ਼ੀਲੈਂਡ ਦਾ ਸਾਬਕਾ ਰਗਬੀ ਇੰਟਰਨੈਸ਼ਨਲ ਖਿਡਾਰੀ ਹੈ ਅਤੇ ਉਸ ਨੇ ਫਾਈਨਲ ਵਿਚ ਆਪਣੇ ਬੇਟੇ ਦੇ ਪ੍ਰਦਰਸ਼ਨ 'ਤੇ ਖੁਸ਼ੀ ਜਤਾਈ। ਬੇਨ ਸਟੋਕਸ ਦਾ ਜਨਮ ਕ੍ਰਾਈਸਟ ਚਰਚ ਵਿਚ ਹੋਇਆ ਸੀ ਅਤੇ ਉਹ 12 ਸਾਲ ਦੀ ਉਮਰ ਤੱਕ ਨਿਊਜ਼ੀਲੈਂਡ 'ਚ ਰਿਹਾ ਸੀ, ਜਿਸ ਤੋਂ ਬਾਅਦ ਉਸ ਦਾ ਪਰਿਵਾਰ ਇੰਗਲੈਂਡ ਚਲਾ ਗਿਆ ਸੀ, ਜਿੱਥੇ ਗੇਰਾਰਡ ਨੂੰ ਰਗਬੀ ਦੀ ਕੋਚਿੰਗ ਦਾ ਕੰਮ ਮਿਲਿਆ ਸੀ।
ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਇਸ ਨਿਯਮ 'ਤੇ ਸਵਾਲ ਚੁੱਕਦੇ ਹੋਏ ਕਿਹਾ, ''ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਵੱਡੇ ਟੂਰਨਾਮੈਂਟ ਦੇ ਫਾਈਨਲ ਦਾ ਫੈਸਲਾ ਇਸ ਆਧਾਰ 'ਤੇ ਹੋ ਸਕਦਾ ਹੈ ਕਿ ਕਿਸ ਨੇ ਵੱਧ ਬਾਊਂਡਰੀਆਂ ਲਾਈਆਂ। ਹਾਸਾਪੂਰਨ ਨਿਯਮ... ਇਸ ਨੂੰ ਟਾਈ ਮੰਨ ਕੇ ਦੋਵਾਂ ਨੂੰ ਜੇਤੂ ਐਲਾਨ ਕਰ ਦੇਣਾ ਚਾਹੀਦਾ ਸੀ। ਮੈਂ ਦੋਵੇਂ ਟੀਮਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇੰਨਾ ਜ਼ਬਰਦਸਤ ਫਾਈਨਲ ਖੇਡਿਆ। ਮੇਰੇ ਲਈ ਦੋਵੇਂ ਜੇਤੂ ਹਨ।''
ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਨੇ ਕਿਹਾ, ''ਜ਼ਬਰਦਸਤ ਮੁਕਾਬਲਾ। ਪਹਿਲੀ ਤੋਂ ਲੈ ਕੇ 612ਵੀਂ ਗੇਂਦ ਤੱਕ। ਮੈਨੂੰ ਨਿਊਜ਼ੀਲੈਂਡ ਲਈ ਦੁੱਖ ਹੋ ਰਿਹਾ ਹੈ, ਜਿਸ ਨੇ ਜਿੱਤਣ ਲਈ ਇੰਗਲੈਂਡ ਦੀ ਤਰ੍ਹਾਂ ਸਭ ਕੁਝ ਕੀਤਾ ਪਰ ਅੰਤ ਵਿਚ ਖੁੰਝ ਗਿਆ।'' ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਕਿਹਾ, ''ਨਿਊਜ਼ੀਲੈਂਡ ਨੇ ਜ਼ਬਰਦਸਤ ਮੁਕਾਬਲਾ ਕੀਤਾ ਪਰ ਓਵਰਥ੍ਰੋਅ 'ਤੇ ਸਟੋਕਸ ਦੇ ਬੱਲੇ ਦਾ ਡਿਫਲੈਕਸ਼ਨ ਅਤੇ ਇੰਗਲੈਂਡ ਨੂੰ ਬਾਊਂਡਰੀ ਮਿਲਣਾ ਮੈਚ ਦਾ ਟਰਨਿੰਗ ਪੁਆਇੰਟ ਸੀ। ਨਿਊਜ਼ੀਲੈਂਡ ਲਈ ਦੁਖਦਾਈ ਕਿ ਇੰਨਾ ਨੇੜੇ ਪਹੁੰਚ ਕੇ ਵੀ ਉਹ ਖਿਤਾਬ ਤੋਂ ਦੂਰ ਰਹੇ ਪਰ ਉਨ੍ਹਾਂ ਨੂੰ ਖੁਦ 'ਤੇ ਮਾਣ ਹੋਣਾ ਚਾਹੀਦਾ ਹੈ।''
ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਸਕਾਟ ਸਟਾਈਰਿਸ ਨੇ ਇਸ ਨਿਯਮ ਨੂੰ ਇਕ ਮਜ਼ਾਕ ਦੱਸਿਆ। ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਵਾਨ ਨੇ ਫਾਈਨਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਈ ਵੀ ਟੀਮ ਹਾਰਨਾ ਨਹੀਂ ਚਾਹੁੰਦੀ ਸੀ। ਵਿਸ਼ਵ ਕੱਪ 2011 ਦੇ ਪਲੇਅਰ ਆਫ ਦਿ ਟੂਰਨਾਮੈਂਟ ਰਹੇ ਯੁਵਰਾਜ ਸਿੰਘ ਨੇ ਕਿਹਾ, ''ਮੈਂ ਨਿਯਮ ਨਾਲ ਸਹਿਮਤ ਨਹੀਂ ਹਾਂ ਪਰ ਨਿਯਮ ਤਾਂ ਨਿਯਮ ਹਨ। ਇੰਗਲੈਂਡ ਨੂੰ ਆਖਿਰਕਾਰ ਵਿਸ਼ਵ ਕੱਪ ਜਿੱਤਣ 'ਤੇ ਵਧਾਈ। ਮੈਂ ਨਿਊਜ਼ੀਲੈਂਡ ਲਈ ਦੁਖੀ ਹਾਂ, ਜਿਸ ਨੇ ਅੰਤ ਤੱਕ ਜੁਝਾਰੂਪਨ ਨਹੀਂ ਛੱਡਿਆ, ਸ਼ਾਨਦਾਰ ਫਾਈਨਲ।''