ਈਸਟ ਬੰਗਾਲ ਨੇ 17ਵਾਂ ਡੂਰੰਡ ਕੱਪ ਖਿਤਾਬ ਜਿੱਤਿਆ, 22 ਸਾਲਾਂ ਦਾ ਸੋਕਾ ਖਤਮ
Monday, Aug 24, 2026 - 10:36 AM (IST)
ਕੋਲਕਾਤਾ– ਈਸਟ ਬੰਗਾਲ ਨੇ ਐਡਮੰਡ ਲਾਲਰਿੰਡਿਕਾ ਦੀ ਹੈਟ੍ਰਿਕ ਦੀ ਬਦੌਲਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਮੋਹਨ ਬਾਗਾਨ ਨੂੰ 4-1 ਨਾਲ ਕਰਾਰੀ ਹਾਰ ਦਿੱਤੀ ਅਤੇ ਰਿਕਾਰਡ ਦੀ ਬਰਾਬਰੀ ਕਰਦੇ ਹੋਏ 17ਵਾਂ ਡੂਰੰਡ ਕੱਪ ਖਿਤਾਬ ਜਿੱਤ ਲਿਆ। ਇਸ ਜਿੱਤ ਦੇ ਨਾਲ ਈਸਟ ਬੰਗਾਲ ਦਾ 22 ਸਾਲਾਂ ਤੋਂ ਚੱਲਿਆ ਆ ਰਿਹਾ ਟਰਾਫੀ ਦਾ ਸੋਕਾ ਵੀ ਖਤਮ ਹੋ ਗਿਆ। ਈਸਟ ਬੰਗਾਲ ਨੇ ਆਖਰੀ ਵਾਰ 2004 ’ਚ ਮੋਹਨ ਬਾਗਾਨ ਨੂੰ 2-1 ਨਾਲ ਹਰਾ ਕੇ ਇਹ ਖਿਤਾਬ ਜਿੱਤਿਆ ਸੀ।
ਐਂਟੋਨੀਓ ਲੋਪੇਜ਼ ਹਬਾਸ ਦੀ ਅਗਵਾਈ ਵਾਲੀ ਈਸਟ ਬੰਗਾਲ ਦੀ ਟੀਮ ਸਰਵੋਤਮ ਲੈਅ ’ਚ ਨਜ਼ਰ ਆਈ। ਕਪਤਾਨ ਮੁਹੰਮਦ ਰਾਸ਼ਿਦ ਨੇ ਮਿਡਫੀਲਡ ਨੂੰ ਸੰਭਾਲਿਆ ਅਤੇ ਹਮਲਿਆਂ ਨੂੰ ਨਾਕਾਮ ਕੀਤਾ। ਈਸਟ ਬੰਗਾਲ ਨੇ ਪਹਿਲੇ ਰੋਮਾਂਚਕ ਹਾਫ ’ਚ 4 ਗੋਲ ਕਰ ਕੇ ਆਪਣੇ ਪੁਰਾਣੇ ਵਿਰੋਧੀ ਨੂੰ ਸ਼ੁਰੂਆਤ ’ਚ ਹੀ ਝਟਕਾ ਦੇ ਦਿੱਤਾ। ਰਾਸ਼ਿਦ ਨੇ 10ਵੇਂ ਮਿੰਟ ’ਚ ਬਿਪਿਨ ਸਿੰਘ ਨੂੰ ਸ਼ੁਰੂਆਤੀ ਗੋਲ ਕਰਨ ’ਚ ਮਦਦ ਕੀਤੀ ਅਤੇ ਬਾਅਦ ’ਚ 44ਵੇਂ ਮਿੰਟ ’ਚ ਲਾਲਰਿੰਡਿਕਾ ਦੇ ਹੈਟ੍ਰਿਕ ਗੋਲ ’ਚ ਵੀ ਮਦਦ ਕੀਤੀ।
ਜੇਸਿਨ ਟੀ. ਕੇ. ਦੀ ਜਗ੍ਹਾ ਇਕਲੌਤੇ ਫਾਰਵਰਡ ਦੇ ਰੂਪ ’ਚ ਉਤਰੇ ਲਾਲਰਿੰਡਿਕਾ ਨੇ ਇਸ ਤੋਂ ਪਹਿਲਾਂ 12ਵੇਂ ਅਤੇ 22ਵੇਂ ਮਿੰਟ ’ਚ ਗੋਲ ਕੀਤੇ। ਇਸ ਤਰ੍ਹਾਂ ਈਸਟ ਬੰਗਾਲ ਨੇ ਪਹਿਲੇ ਹਾਫ ’ਚ ਹੀ ਮੋਹਨ ਬਾਗਾਨ ਦੀਆਂ ਖਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਲੱਗਭਗ ਖਤਮ ਕਰ ਦਿੱਤਾ। ਮਨਵੀਰ ਸਿੰਘ ਨੇ ਮੋਹਨ ਬਾਗਾਨ ਲਈ 33ਵੇਂ ਮਿੰਟ ’ਚ ਇਕ ਗੋਲ ਕੀਤਾ। ਹਾਲਾਂਕਿ ਮੌਜੂਦਾ ਇੰਡੀਅਨ ਸੁਪਰ ਲੀਗ ਚੈਂਪੀਅਨ ਈਸਟ ਬੰਗਾਲ ਨੇ ਆਪਣੀ ਮਜ਼ਬੂਤ ਤੇ ਅਨੁਸ਼ਾਸਿਤ ਖੇਡ ਸ਼ੈਲੀ ਬਣਾਈ ਰੱਖੀ ਅਤੇ ਜਿੱਤ ਦਰਜ ਕੀਤੀ।
ਇਸ ਜਿੱਤ ਦੇ ਨਾਲ ਉਸ ਨੇ 2023 ਦੇ ਫਾਈਨਲ ’ਚ ਮਿਲੀ 0-1 ਦੀ ਹਾਰ ਦਾ ਬਦਲਾ ਵੀ ਲੈ ਲਿਆ ਜਿਸ ’ਚ ਮੋਹਨ ਬਾਗਾਨ ਨੇ ਰਿਕਾਰਡ 17ਵਾਂ ਡੂਰੰਡ ਕੱਪ ਖਿਤਾਬ ਜਿੱਤਿਆ ਸੀ। ਇਸ ਨਤੀਜੇ ਦੇ ਨਾਲ ਕੋਲਕਾਤਾ ਦੇ ਦੋਵੇਂ ਧਾਕੜ ਕਲੱਬ ਹੁਣ ਬਰਾਬਰੀ ’ਤੇ ਆ ਗਏ ਹਨ। ਏਸ਼ੀਆ ਦੀ ਸਭ ਤੋਂ ਪੁਰਾਣੀ ਪ੍ਰਤੀਯੋਗਤਾ ਦੇ 135 ਸਾਲਾਂ ਦੇ ਇਤਿਹਾਸ ’ਚ ਈਸਟ ਬੰਗਾਲ ਤੇ ਮੋਹਨ ਬਾਗਾਨ ਦੋਵਾਂ ਦੇ ਨਾਂ 17-17 ਡੂਰੰਡ ਕੱਪ ਖਿਤਾਬ ਹਨ।
