ਦਲੀਪ ਟਰਾਫੀ : ਲੰਬੇ ਸਮੇਂ ਦੇ ਫਾਰਮੈਟ ''ਚ ਵਾਪਸੀ ਕਰਨ ਵਾਲੇ ਰਿਸ਼ਭ ਪੰਤ ''ਤੇ ਰਹਿਣਗੀਆਂ ਨਜ਼ਰਾਂ

Wednesday, Sep 04, 2024 - 02:45 PM (IST)

ਦਲੀਪ ਟਰਾਫੀ : ਲੰਬੇ ਸਮੇਂ ਦੇ ਫਾਰਮੈਟ ''ਚ ਵਾਪਸੀ ਕਰਨ ਵਾਲੇ ਰਿਸ਼ਭ ਪੰਤ ''ਤੇ ਰਹਿਣਗੀਆਂ ਨਜ਼ਰਾਂ

ਬੈਂਗਲੁਰੂ— ਦਸੰਬਰ 2022 'ਚ ਸੜਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਪਹਿਲੀ ਵਾਰ ਲੰਬੇ ਸਮੇਂ ਦੇ ਫਾਰਮੈਟ 'ਚ ਵਾਪਸੀ ਕਰ ਰਹੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀਰਵਾਰ ਤੋਂ ਬੈਂਗਲੁਰੂ ਅਤੇ ਅਨੰਤਪੁਰ 'ਚ ਸ਼ੁਰੂ ਹੋ ਰਹੇ ਦਲੀਪ ਟਰਾਫੀ ਕ੍ਰਿਕਟ ਟੂਰਨਾਮੈਂਟ 'ਚ ਖਿੱਚ ਦਾ ਕੇਂਦਰ ਹੋਣਗੇ। ਪੰਤ ਨੇ ਸੱਟਾਂ ਤੋਂ ਉਭਰਨ ਤੋਂ ਬਾਅਦ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਸਫਲ ਵਾਪਸੀ ਕੀਤੀ ਪਰ ਉਹ ਅਜੇ ਤੱਕ ਲੰਬੇ ਫਾਰਮੈਟ ਵਿੱਚ ਨਹੀਂ ਖੇਡੇ ਹਨ। ਉਨ੍ਹਾਂ ਨੇ ਲਾਲ ਗੇਂਦ ਨਾਲ ਆਪਣਾ ਆਖਰੀ ਮੈਚ ਦਸੰਬਰ 2022 ਵਿੱਚ ਬੰਗਲਾਦੇਸ਼ ਵਿਰੁੱਧ ਖੇਡਿਆ ਸੀ। ਹੁਣ ਉਹ ਅਭਿਮਨਿਊ ਈਸ਼ਵਰਨ ਦੀ ਅਗਵਾਈ ਵਾਲੀ ਟੀਮ ਬੀ ਲਈ ਮੈਦਾਨ ਵਿੱਚ ਉਤਰਨਗੇ ਜਿਸ ਦਾ ਸਾਹਮਣਾ ਇੱਥੇ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਏ ਨਾਲ ਹੋਵੇਗਾ।
ਉਸ ਨੂੰ ਸੀਮਤ ਓਵਰਾਂ ਦੀ ਕ੍ਰਿਕਟ 'ਚ ਵਾਪਸੀ ਕਰਨ 'ਚ ਕੋਈ ਦਿੱਕਤ ਨਹੀਂ ਆਈ ਪਰ ਇਹ ਚਾਰ ਦਿਨਾ ਟੂਰਨਾਮੈਂਟ ਉਸ ਲਈ ਇਕ ਵੱਖਰੀ ਤਰ੍ਹਾਂ ਦੀ ਚੁਣੌਤੀ ਪੇਸ਼ ਕਰੇਗਾ ਕਿਉਂਕਿ ਉਨ੍ਹਾਂ ਨੂੰ ਵਿਕਟਕੀਪਰ ਅਤੇ ਬੱਲੇਬਾਜ਼ ਵਜੋਂ ਮੈਦਾਨ 'ਤੇ ਲੰਬਾ ਸਮਾਂ ਬਿਤਾਉਣਾ ਪੈ ਸਕਦਾ ਹੈ। ਪੰਤ ਨੂੰ ਟੀਮ ਬੀ ਦੇ ਮਾਹਿਰ ਵਿਕਟਕੀਪਰ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਭਾਰਤ ਦੇ ਵਿਅਸਤ ਟੈਸਟ ਸ਼ੈਡਿਊਲ ਦੇ ਮੱਦੇਨਜ਼ਰ ਵਿਕਟਕੀਪਰ-ਬੱਲੇਬਾਜ਼ ਦੀ ਵਾਪਸੀ ਨੂੰ ਲੈ ਕੇ ਕਿੰਨੀ ਗੰਭੀਰ ਹੈ।
ਹਾਲਾਂਕਿ ਚੋਣ ਕਮੇਟੀ ਲਈ ਵਿਕਟਕੀਪਰ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਕੁਝ ਹੋਰ ਮਜ਼ਬੂਤ ​​ਦਾਅਵੇਦਾਰ ਹਨ। ਇਨ੍ਹਾਂ ਵਿੱਚ ਟੀਮ ਏ ਲਈ ਖੇਡ ਰਿਹਾ ਧਰੁਵ ਜੁਰੇਲ ਵੀ ਸ਼ਾਮਲ ਹੈ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਖ਼ਿਲਾਫ਼ ਆਪਣੀ ਪਹਿਲੀ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਇਸ਼ਾਨ ਕਿਸ਼ਨ ਵੀ ਹਨ ਜੋ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਡੀ ਦੇ ਵਿਕਟਕੀਪਰ ਹਨ। ਟੀਮ ਡੀ ਅਨੰਤਪੁਰ ਵਿੱਚ ਟੀਮ ਸੀ ਦਾ ਸਾਹਮਣਾ ਕਰੇਗੀ, ਜਿਸ ਦੀ ਕਪਤਾਨੀ ਰੁਤੁਰਾਜ ਗਾਇਕਵਾੜ ਨੂੰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਚੋਣ ਕਮੇਟੀ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੇ ਬਦਲ ਲੱਭਣ 'ਤੇ ਵੀ ਧਿਆਨ ਦੇਵੇਗੀ, ਖਾਸ ਤੌਰ 'ਤੇ ਤੇਜ਼ ਗੇਂਦਬਾਜ਼ੀ ਵਿਭਾਗ 'ਚ ਕਿਉਂਕਿ ਭਾਰਤੀ ਟੀਮ ਦਾ ਅੱਗੇ ਕਾਫੀ ਵਿਅਸਤ ਸ਼ਡਿਊਲ ਹੈ। ਸਿਰਾਜ ਖਰਾਬ ਸਿਹਤ ਕਾਰਨ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਨਹੀਂ ਖੇਡ ਸਕਣਗੇ ਜਦਕਿ ਸ਼ਮੀ ਆਪਰੇਸ਼ਨ ਤੋਂ ਬਾਅਦ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਅਜਿਹੇ 'ਚ ਚੋਣਕਾਰ ਬੰਗਾਲ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਅਤੇ ਆਕਾਸ਼ਦੀਪ 'ਤੇ ਤਿੱਖੀ ਨਜ਼ਰ ਰੱਖਣਗੇ। ਇਨ੍ਹਾਂ ਤੋਂ ਇਲਾਵਾ ਅਰਸ਼ਦੀਪ ਸਿੰਘ, ਅਵੇਸ਼ ਖਾਨ, ਖਲੀਲ ਅਹਿਮਦ, ਵਿਦਵਥ ਕਵੇਰੱਪਾ, ਵੈਸਾਖ ਵਿਜੇਕੁਮਾਰ ਅਤੇ ਹਰਸ਼ਿਤ ਰਾਣਾ ਵੀ ਚੋਣ ਕਮੇਟੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ।
ਟੀਮਾਂ ਇਸ ਪ੍ਰਕਾਰ ਹਨ:
ਭਾਰਤ ਏ : ਸ਼ੁਭਮਨ ਗਿੱਲ (ਕਪਤਾਨ), ਮਯੰਕ ਅਗਰਵਾਲ, ਰਿਆਨ ਪਰਾਗ, ਧਰੁਵ ਜੁਰੇਲ (ਵਿਕਟਕੀਪਰ), ਕੇਐੱਲ ਰਾਹੁਲ, ਤਿਲਕ ਵਰਮਾ, ਸ਼ਿਵਮ ਦੂਬੇ, ਤਨੁਸ਼ ਕੋਟਿਅਨ, ਕੁਲਦੀਪ ਯਾਦਵ, ਆਕਾਸ਼ ਦੀਪ, ਪ੍ਰਸਿੱਧ ਕ੍ਰਿਸ਼ਨਾ, ਖਲੀਲ ਅਹਿਮਦ, ਅਵੇਸ਼ ਖਾਨ, ਵਿਦਵਥ ਕਾਵੇਰੱਪਾ, ਕੁਮਾਰ ਕੁਸ਼ਾਗਰ, ਸ਼ਾਸਵਤ ਰਾਵਤ।
ਭਾਰਤ ਬੀ : ਅਭਿਮਨਿਊ ਈਸਵਰਨ (ਕਪਤਾਨ), ਯਸ਼ਸਵੀ ਜਾਇਸਵਾਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਮੁਸ਼ੀਰ ਖਾਨ, ਨਿਤੀਸ਼ ਕੁਮਾਰ ਰੈੱਡੀ (ਫਿਟਨੈੱਸ ਦੇ ਆਧਾਰ 'ਤੇ), ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ, ਯਸ਼ ਦਿਆਲ, ਮੁਕੇਸ਼ ਕੁਮਾਰ, ਰਾਹੁਲ ਚਾਹਰ, ਆਰ. ਸਾਈ ਕਿਸ਼ੋਰ, ਮੋਹਿਤ ਅਵਸਥੀ, ਐੱਨ ਜਗਦੀਸਨ।
ਭਾਰਤ ਸੀ: ਰੁਤੁਰਾਜ ਗਾਇਕਵਾੜ (ਕਪਤਾਨ), ਸਾਈ ਸੁਦਰਸ਼ਨ, ਰਜਤ ਪਾਟੀਦਾਰ, ਅਭਿਸ਼ੇਕ ਪੋਰੇਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਬੀ ਇੰਦਰਜੀਤ, ਰਿਤਿਕ ਸ਼ੌਕੀਨ, ਮਾਨਵ ਸੁਥਾਰ, ਗੌਰਵ ਯਾਦਵ, ਵਿਸ਼ਾਕ ਵਿਜੇਕੁਮਾਰ, ਅੰਸ਼ੁਲ ਖੰਬੋਜ, ਹਿਮਾਂਸ਼ੂ ਚੌਹਾਨ, ਮਯੰਕ ਮਾਰਕੰਡੇ, ਆਰੀਅਨ ਜੁਆਸ, ਸੰਦੀਪ ਵਾਰੀਅਰ।
ਭਾਰਤੀ ਡੀ: ਸ਼੍ਰੇਅਸ ਅਈਅਰ (ਕਪਤਾਨ), ਅਥਰਵ ਤਾਯਡੇ, ਯਸ਼ ਦੂਬੇ, ਦੇਵਦੱਤ ਪਡੀਕਲ, ਈਸ਼ਾਨ ਕਿਸ਼ਨ (ਵਿਕਟਕੀਪਰ), ਰਿਕੀ ਭੂਈ, ਸਾਰਾਂਸ਼ ਜੈਨ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਆਦਿਤਿਆ ਠਾਕਰੇ, ਹਰਸ਼ਿਤ ਰਾਣਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਸੇਨਗੁਪਤਾ, ਕੇ.ਐੱਸ. ਭਰਤ , ਸੌਰਭ ਕੁਮਾਰ। 
ਮੈਚ ਸਵੇਰੇ : 9.30 ਵਜੇ। 


author

Aarti dhillon

Content Editor

Related News