ਦਿਲੀਪ ਟਰਾਫੀ : ਉੱਤਰ ਖੇਤਰ ਨੇ ਪੱਛਮੀ ਖੇਤਰ ਨੂੰ ਹਰਾਇਆ, ਸੈਮੀਫਾਈਨਲ ’ਚ ਦੱਖਣੀ ਖੇਤਰ ਨਾਲ ਭਿੜੇਗਾ
Thursday, Aug 27, 2026 - 10:59 AM (IST)
ਬੈਂਗਲੁਰੂ– ਖੱਬੇ ਹੱਥ ਦੇ ਸਪਿੰਨਰ ਆਬਿਦ ਮੁਸ਼ਤਾਕ ਤੇ ਨਿਸ਼ਾਂਤ ਸਿੰਧੂ ਨੇ ਪੱਛਮੀ ਖੇਤਰ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਚੌਥੇ ਦਿਨ ਸਵੇਰੇ 6.3 ਓਵਰਾਂ ’ਚ ਹੀ ਪੈਵੇਲੀਅਨ ਭੇਜ ਦਿੱਤਾ, ਜਿਸ ਨਾਲ ਉੱਤਰ ਖੇਤਰ ਨੇ 52 ਦੌੜਾਂ ਨਾਲ ਜਿੱਤ ਹਾਸਲ ਕਰਕੇ ਦਿਲੀਪ ਟਰਾਫੀ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ, ਜਿੱਥੇ ਉਸ ਦਾ ਮੁਕਾਬਲਾ ਦੱਖਣੀ ਖੇਤਰ ਨਾਲ ਹੋਵੇਗਾ।
ਪੱਛਮੀ ਖੇਤਰ ਨੇ ਟਰਨ ਲੈ ਰਹੀ ਪਿੱਚ ’ਤੇ 287 ਦੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦਿਆਂ ਆਖਰੀ ਦਿਨ ਦੀ ਸ਼ੁਰੂਆਤ 7 ਵਿਕਟਾਂ ’ਤੇ 220 ਦੌੜਾਂ ਤੋਂ ਕੀਤੀ ਪਰ ਉਸ ਦੀ ਟੀਮ 234 ਦੌੜਾਂ ’ਤੇ ਸਿਮਟ ਗਈ। ਉਰਵਿਲ ਪਟੇਲ (25) ਤੇ ਭਰੋਸੇਮੰਦ ਤਨੁਸ਼ ਕੋਟਿਆਨ (0) ਨੇ ਪੱਛਮੀ ਖੇਤਰ ਦੀ ਪਾਰੀ ਅੱਗੇ ਵਧਾਈ। ਮੁਸ਼ਤਾਕ (22 ਓਵਰਾਂ ’ਚ 7 ਦੌੜਾਂ ਦੇ ਕੇ 4 ਵਿਕਟਾਂ) ਨੇ ਜਲਦੀ ਹੀ ਕੋਟਿਅਾਨ ਨੂੰ ਆਊਟ ਕਰ ਦਿੱਤਾ ਤੇ ਉਸ ਤੋਂ ਬਾਅਦ ਤੁਸ਼ਾਰ ਦੇਸ਼ਪਾਂਡੇ (5) ਦੀ ਵਿਕਟ ਵੀ ਲਈ। ਇਸ ਤੋਂ ਬਾਅਦ ਸਿੰਧੂ ਨੇ ਉਰਵਿਲ ਨੂੰ ਆਊਟ ਕਰਕੇ ਮੈਚ ਦਾ ਅੰਤ ਕੀਤਾ। ਮੁਸ਼ਤਾਕ ਨੇ ਮੈਚ ’ਚ 99 ਦੌੜਾਂ ਦੇ ਕੇ 9 ਵਿਕਟਾਂ ਲਈਆਂ ਤੇ ਉਸ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।
ਇਸ ਮੈਚ ਦਾ ਫੈਸਲਾਕੁੰਨ ਮੋੜ ਨਿਸ਼ਚਿਤ ਰੂਪ ਨਾਲ ਪੱਛਮੀ ਖੇਤਰ ਦੇ ਕਪਤਾਨ ਰਿਤੂਰਾਜ ਗਾਇਕਵਾੜ (70 ਗੇਂਦਾਂ ’ਚ 66 ਦੌੜਾਂ) ਦਾ ਰਨ ਆਊਟ ਹੋਣਾ ਰਿਹਾ, ਜਿਸ ਨੇ ਮੁਸ਼ੀਰ ਖਾਨ (96) ਨਾਲ 111 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਉਸ ਸਮੇਂ ਪੱਛਮੀ ਖੇਤਰ ਦਾ ਸਕੋਰ 3 ਵਿਕਟਾਂ ’ਤੇ 195 ਦੌੜਾਂ ਸੀ ਤੇ ਉਹ ਚੰਗੀ ਸਥਿਤੀ ’ਚ ਦਿਸ ਰਿਹਾ ਸੀ।
ਇਸ ਤੋਂ ਬਾਅਦ ਪੱਛਮੀ ਖੇਤਰ ਨੇ ਗਾਇਕਵਾੜ ਤੇ ਮੁਸ਼ੀਰ ਸਮੇਤ 4 ਵਿਕਟਾਂ 7 ਓਵਰਾਂ ਤੋਂ ਵੀ ਘੱਟ ਸਮੇਂ ’ਚ 25 ਦੌੜਾਂ ਜੋੜ ਕੇ ਗੁਆ ਦਿੱਤੀਆਂ। ਉੱਤਰ ਖੇਤਰ ਨੇ ਇਸ ਤੋਂ ਬਾਅਦ ਸ਼ਿਕੰਜਾ ਕੱਸ ਦਿੱਤਾ ਤੇ ਆਸਾਨ ਜਿੱਤ ਹਾਸਲ ਕੀਤੀ।
ਉੱਤਰ ਖੇਤਰ ਨੇ ਆਪਣੀ ਪਹਿਲੀ ਪਾਰੀ ’ਚ 251 ਦੌੜਾਂ ਬਣਾਈਆਂ ਸਨ ਜਿਨ੍ਹਾਂ ਦੇ ਜਵਾਬ ’ਚ ਪੱਛਮੀ ਖੇਤਰ ਦੀ ਟੀਮ 187 ਦੌੜਾਂ ’ਤੇ ਆਊਟ ਹੋ ਗਈ ਸੀ। ਉੱਤਰ ਖੇਤਰ ਨੇ ਆਪਣੀ ਦੂਜੀ ਪਾਰੀ ’ਚ 222 ਦੌੜਾਂ ਬਣਾਈਆਂ।
ਸੈਮੀਫਾਈਨਲ 30 ਅਗਸਤ ਤੋਂ ਖੇਡੇ ਜਾਣਗੇ ਜਿਸ ’ਚ ਉੱਤਰ ਖੇਤਰ ਦਾ ਸਾਹਮਣਾ ਦੱਖਣੀ ਖੇਤਰ ਨਾਲ ਜਦਕਿ ਪੂਰਬੀ ਖੇਤਰ ਦਾ ਸਾਹਮਣਾ ਮੱਧ ਖੇਤਰ ਨਾਲ ਹੋਵੇਗਾ।
