ਜੋਕੋਵਿਚ ਦੀ ਗ੍ਰੈਂਡ ਸਲੈਮ ’ਚ ਰਿਕਾਰਡ 400ਵੀਂ ਜਿੱਤ, ਆਸਟ੍ਰੇਲੀਅਨ ਓਪਨ ’ਚ ਕੀਤੀ ਫੈਡਰਰ ਦੀ ਬਰਾਬਰੀ
Sunday, Jan 25, 2026 - 10:58 AM (IST)
ਮੈਲਬੌਰਨ- ਧਾਕੜ ਨੋਵਾਕ ਜੋਕੋਵਿਚ ਨੇ ਟੈਨਿਸ ਜਗਤ ’ਚ ਨਵਾਂ ਇਤਿਹਾਸ ਸਿਰਜਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਇੱਥੇ ਗ੍ਰੈਂਡ ਸਲੈਮ ’ਚ 400ਵੀਂ ਜਿੱਤ ਤੇ ਆਸਟ੍ਰੇਲੀਅਨ ਓਪਨ ’ਚ 102ਵੀਂ ਜਿੱਤ ਦਰਜ ਕੀਤੀ।
24 ਵਾਰ ਦਾ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਆਸਟ੍ਰੇਲੀਅਨ ਓਪਨ ਦੇ ਤੀਜੇ ਦੌਰ ਦੇ ਮੈਚ ’ਚ ਬੋਟਿਕ ਵਾਨ ਡੇ ਜ਼ੈਂਡਸ਼ੁਲਪ ਨੂੰ 6-3, 6-4, 7-6 ਨਾਲ ਹਰਾ ਕੇ ਗ੍ਰੈਂਡ ਸਲੈਮ ਸਿੰਗਲਜ਼ ’ਚ 400 ਜਿੱਤਾਂ ਦਰਜ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਇਸ ਜਿੱਤ ਦੇ ਨਾਲ ਆਸਟ੍ਰੇਲੀਅਨ ਓਪਨ ’ਚ ਉਸ ਦੀ ਜਿੱਤ-ਹਾਰ ਦਾ ਰਿਕਾਰਡ 102-10 ਹੋ ਗਿਆ ਹੈ, ਜਿਹੜਾ ਇਸ ਟੂਰਨਾਮੈਂਟ ’ਚ ਸਭ ਤੋਂ ਵੱਧ ਮੈਚ ਜਿੱਤਣ ਦੇ ਮਾਮਲੇ ’ਚ ਰੋਜ਼ਰ ਫੈਡਰਰ ਦੇ ਕਰੀਅਰ ਰਿਕਾਰਡ ਦੀ ਬਰਾਬਰੀ ਹੈ। ਜੋਕੋਵਿਚ ਹੁਣ ਤੱਕ ਆਸਟ੍ਰੇਲੀਅਨ ਓਪਨ ਦਾ ਖਿਤਾਬ 10 ਵਾਰ ਜਿੱਤ ਚੁੱਕਾ ਹੈ, ਜਿਹੜਾ ਕਿਸੇ ਵੀ ਖਿਡਾਰੀ ਵੱਲੋਂ ਸਭ ਤੋਂ ਵੱਧ ਹੈ।
38 ਸਾਲਾ ਜੋਕੋਵਿਚ ਇਸ ਵਾਰ ਆਪਣੇ ਕਰੀਅਰ ਦਾ 25ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਟੀਚੇ ਨਾਲ ਆਸਟ੍ਰੇਲੀਆ ’ਚ ਖੇਡ ਰਿਹਾ ਹੈ। ਜੇਕਰ ਉਹ ਅਜਿਹਾ ਕਰਨ ’ਚ ਸਫਲ ਰਿਹਾ ਤਾਂ ਉਹ ਆਲਟਾਈਮ ਸਭ ਤੋਂ ਸਫਲ ਟੈਨਿਸ ਖਿਡਾਰੀ ਬਣ ਜਾਣਗੇ।
ਰੈਂਕਿੰਗ ’ਚ ਸਭ ਤੋਂ ਵੱਧ ਸਮੇਂ ਤੱਕ ਨੰਬਰ-1 ਦੇ ਸਥਾਨ ’ਤੇ ਰਹੇ ਇਸ ਖਿਡਾਰੀ ਨੇ ਇਸ ਦੇ ਨਾਲ ਹੀ ਗ੍ਰੈਂਡ ਸਲੈਮ ਇਤਿਹਾਸ ’ਚ 33 ਵੱਖ-ਵੱਖ ਸੱਤ੍ਹਾ ’ਤੇ 100 ਜਾਂ ਉਸ ਤੋਂ ਵੱਧ ਮੈਚ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣਨ ਦਾ ਰਿਕਾਰਡ ਕਾਇਮ ਕੀਤਾ। ਉਸ ਦੇ ਨਾਂ ਵਿੰਬਲਡਨ ’ਚ ਘਾਹ ਵਾਲੇ ਕੋਰਟ ’ਤੇ 102 ਜਿੱਤਾਂ, ਰੋਲਾਂ ਗੈਰੋ (ਫ੍ਰੈਂਚ ਓਪਨ) ’ਚ ਮਿੱਟੀ (ਕਲੇਅ) ਵਾਲੇ ਕੋਰਟ ’ਤੇ 101 ਜਿੱਤਾਂ ਅਤੇ ਆਸਟ੍ਰੇਲੀਅਨ ਓਪਨ ’ਚ ਹਾਰਡ ਕੋਰਟ ’ਤੇ 100 ਤੋਂ ਵੱਧ ਜਿੱਤਾਂ ਹਨ।
