ਜੋਕੋਵਿਚ ਅਤੇ ਕੋਕੋ ਗਾਫ ਆਸਾਨ ਜਿੱਤ ਨਾਲ ਅਮਰੀਕੀ ਓਪਨ ਦੇ ਦੂਜੇ ਦੌਰ ’ਚ

Wednesday, Aug 28, 2024 - 11:23 AM (IST)

ਨਿਊਯਾਰਕ– ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਅਤੇ ਕੋਕੋ ਗਾਫ ਨੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ’ਚ ਖਿਤਾਬ ਦਾ ਬਚਾਅ ਕਰਨ ਦੀ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ ਪਹਿਲੇ ਦੌਰ ਦੇ ਮੈਚ ’ਚ ਮੋਲਦੋਵਾ ਦੇ ਕੁਆਲੀਫਾਇਰ ਰਾਡੂ ਅਲਬੋਟ ਨੂੰ 6-2,6-2,6-4 ਨਾਲ ਹਰਾਇਆ। ਉਨ੍ਹਾਂ ਨੇ ਅਮਰੀਕੀ ਓਪਨ ’ਚ 89ਵਾਂ ਮੈਚ ਜਿੱਤ ਕੇ ਰੋਜਰ ਫੈੱਡਰਰ ਦੇ ਰਿਕਾਰਡ ਦੀ ਬਰਾਬਰੀ ਕੀਤੀ। ਜੋਕੋਵਿਚ ਰਿਕਾਰਡ 25ਵੇਂ ਗ੍ਰੈਂਡ ਸਲੈਮ ਖਿਤਾਬ ਦੀ ਕੋਸ਼ਿਸ਼ ’ਚ ਹੈ। ਜੋਕੋਵਿਚ ਦਾ ਅਗਲਾ ਮੁਕਾਬਲਾ ਸਰਬੀਆ ਦੇ ਉਨ੍ਹਾਂ ਦੇ ਹਮਵਤਨ ਲਾਸਲੋ ਜੇਰੇ ਨਾਲ ਹੋਵੇਗਾ, ਜਿਸ ਨੇ ਜਾਨ ਲੇਨਾਰਡ ਸਟ੍ਰਫ ’ਤੇ 6-7, 6-1, 6-7,6-4, 6-2 ਨਾਲ ਜਿੱਤ ਹਾਸਲ ਕੀਤੀ। ਇਕ ਸਾਲ ਪਹਿਲਾਂ ਜੋਕੋਵਿਚ ਅਮਰੀਕੀ ਓਪਨ ਦੇ ਤੀਜੇ ਦੌਰ ’ਚੇ ਜੇਰੇ ਤੋਂ ਪਹਿਲੇ 2 ਸੈੱਟ ਹਾਰ ਗਿਆ ਸੀ ਪਰ ਇਸ ਤੋਂ ਬਾਅਦ ਉਸ ਨੇ ਵਾਪਸੀ ਕਰ ਕੇ 5 ਸੈੱਟਾਂ ’ਚ ਇਹ ਮੁਕਾਬਲਾ ਜਿੱਤਿਆ ਸੀ।
ਗਾਫ ਨੇ ਸੋਮਵਾਰ ਨੂੰ ਇਥੇ ਪਹਿਲੇ ਦੌਰ ਦੇ ਮੈਚ ’ਚ ਵਰਵਰਾ ਗ੍ਰੇਵੇਚਾ ਨੂੰ 6-2, 6-0 ਨਾਲ ਹਰਾਇਆ। ਗਾਫ ਹਾਲ ’ਚ ਖਰਾਬ ਫਾਰਮ ਨਾਲ ਜੂਝ ਰਹੀ ਸੀ ਪਰ ਇਥੇ ਉਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦਬਦਬਾ ਬਣਾਈ ਰੱਖਿਆ। ਉਨ੍ਹਾਂ ਮੈਚ ਤੋਂ ਬਾਅਦ ਕਿਹਾ,‘ਪਿਛਲੇ ਕੁਝ ਹਫਤੇ ਮੁਸ਼ਕਿਲਾਂ ਨਾਲ ਭਰੇ ਸਨ। ਮੈਂ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰਤੀਬੱਧ ਸੀ ਪਰ ਮੈਂ ਆਪਣੇ ਇਲਾਵਾ ਕਿਸੇ ਦੇ ਸਾਹਮਣੇ ਕੁਝ ਸਾਬਿਤ ਨਹੀਂ ਕਰਨਾ ਹੈ।’
ਅਮਰੀਕਾ ਦੇ ਇਕ ਹੋਰ ਖਿਡਾਰੀ ਅਤੇ ਪਿਛਲੇ ਸਾਲ ਸੈਮੀਫਾਈਨਲ ’ਚ ਪਹੁੰਚਣ ਵਾਲੇ 13ਵਾਂ ਦਰਜਾ ਹਾਸਲ ਬੇਨ ਸ਼ੈਲਟਨ ਨੇ 2020 ਦੇ ਚੈਂਪੀਅਨ ਡੋਮੀਨਿਕ ਥਿਏਮ ਨੂੰ 6-4,6-2,6-2 ਨਾਲ ਹਰਾਇਆ। ਥਿਏਮ ਦਾ ਇਹ ਅਮਰੀਕੀ ਓਪਨ ’ਚ ਆਖਰੀ ਮੈਚ ਸੀ ਕਿਉਂਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਇਸ ਸੀਜ਼ਨ ਤੋਂ ਬਾਅਦ ਉਹ ਸੰਨਿਆਸ ਲੈ ਲੈਣਗੇ। ਅਮਰੀਕੀ ਓਪਨ ’ਚ 2017 ਦੀ ਚੈਂਪੀਅਨ ਸਲੋਐਨ ਸਟੀਫਨਜ਼ ਨੇ ਕਲਾਰਾ ਬਿਊਰੇਲ ਵਿਰੁੱਧ ਸ਼ੁਰੂਆਤੀ 9 ਗੇਮਾਂ ਜਿੱਤੀਆਂ ਪਰ ਇਸ ਤੋਂ ਬਾਅਦ ਉਸ ਦੀ ਲੈਅ ਖਰਾਬ ਹੋ ਗਈ ਅਤੇ ਉਸ ਨੂੰ 0-6, 7-5, 7-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮਹਿਲਾ ਵਰਗ ’ਚ ਜਿਨ੍ਹਾਂ ਹੋਰ ਦਰਜਾ ਹਾਸਲ ਖਿਡਾਰੀਆਂ ਨੇ ਅਗਲੇ ਦੌਰ ’ਚ ਜਗ੍ਹਾ ਬਣਾਈ, ਉਨ੍ਹਾਂ ’ਚ ਇਸ ਮਹੀਨੇ ਦੇ ਸ਼ੁਰੂ ’ਚ ਪੈਰਿਸ ਓਲੰਪਿਕ ’ਚ ਸੋਨ ਤਮਗਾ ਜਿੱਤਣ ਵਾਲੀ 7ਵਾਂ ਦਰਜਾ ਹਾਸਲ ਝੇਂਗ ਕਵਿਨਵੇਨ, ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਇਥੇ 24ਵਾਂ ਦਰਜਾ ਹਾਸਲ ਡੋਨਾ ਵੇਕਿਚ, 12ਵਾਂ ਦਰਜਾ ਹਾਸਲ ਡਾਰੀਆ ਕਸਾਟਕਿਨਾ ਅਤੇ 14ਵਾਂ ਦਰਜਾ ਹਾਸਲ ਮੈਡੀਸਨ ਕੀਜ਼ ਸ਼ਾਮਲ ਹਨ। 9ਵਾਂ ਦਰਜਾ ਹਾਸਲ ਮਾਰੀਆ ਸਕਕਾਰੀ ਸੱਜੇ ਮੋਢੇ ਦੀ ਸੱਟ ਕਾਰਨ ਇਕ ਸੈੱਟ ਤੋਂ ਬਾਅਦ ਮੈਚ ਤੋਂ ਹਟ ਗਈ।
ਪੁਰਸ਼ ਵਰਗ ’ਚ ਜਿਸ ਦਰਜਾ ਹਾਸਲ ਖਿਡਾਰੀ ਨੂੰ ਪਹਿਲੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ, ਉਹ 15ਵਾਂ ਦਰਜਾ ਹੋਲਗਰ ਰੂਨ ਸਨ, ਜਿਨ੍ਹਾਂ ਨੂੰ ਅਮਰੀਕਾ ਦੇ ਬ੍ਰੈਂਡਨ ਨਕਾਸ਼ਿਮਾ ਨੇ 6-2,6-1, 6-4 ਨਾਲ ਹਰਾਇਆ। ਪੁਰਸ਼ ਵਰਗ ’ਚ ਅੱਗੇ ਵਧਣ ਵਾਲੇ ਖਿਡਾਰੀਆਂ ’ਚ ਚੌਥਾ ਦਰਜਾ ਹਾਸਲ ਅਲੈਂਗਜ਼ੈਂਡਰ ਜਵੇਰੇਵ, 6ਵਾਂ ਦਰਜਾ ਹਾਸਲ ਐਂਡਰੀ ਰੂਬਲੇਵ, 8ਵਾਂ ਦਰਜਾ ਹਾਸਲ ਕੈਸਪਰ ਰੂਡ, 9ਵਾਂ ਦਰਜਾ ਹਾਸਲ ਅਤੇ 2022 ਦੇ ਉੱਪ ਜੇਤੂ ਗ੍ਰਿਗੋਰ ਦਿਮਿਤ੍ਰੋਵ ਤੇ 12ਵਾਂ ਦਰਜਾ ਹਾਸਲ ਟੇਲਰ ਫ੍ਰਿਟਜ਼ ਸ਼ਾਮਲ ਹਨ।


Aarti dhillon

Content Editor

Related News