ਧੋਨੀ ਟੀਮ ਦੇ ਹਿੱਤ ’ਚ ਹੀ ਫੈਸਲਾ ਲੈਣਗੇ : ਸਿਮੰਸ
Saturday, May 23, 2026 - 11:23 AM (IST)
ਅਹਿਮਦਾਬਾਦ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਗੇਂਦਬਾਜ਼ੀ ਕੋਚ ਐਰਿਕ ਸਿਮੰਸ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਕਦੋਂ ਵਾਪਸੀ ਕਰੇਗਾ, ਇਸ ਦਾ ਫੈਸਲਾ ਇਹ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਖੁਦ ਕਰੇਗਾ। 44 ਸਾਲਾ ਧੋਨੀ ਪੈਰ ’ਚ ਸੱਟ ਲੱਗਣ ਕਾਰਨ ਆਈ. ਪੀ. ਐੱਲ. ਦੇ ਇਸ ਸੈਸ਼ਨ ’ਚ ਇਕ ਵੀ ਮੈਚ ਨਹੀਂ ਖੇਡ ਸਕਿਆ ਪਰ ਸਿਮੰਸ ਨੇ ਕਿਹਾ ਕਿ ਉਸ ਨੇ ਨੈੱਟ ’ਤੇ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ।
ਸਿਮੰਸ ਤੋਂ ਪੁੱਛਿਆ ਗਿਆ ਕਿ ਕੀ ਧੋਨੀ ਅਗਲੇ ਸਾਲ ਲਈ ਉਪਲੱਬਧ ਰਹੇਗਾ, ਉਸ ਨੇ ਕਿਹਾ, ‘‘ਕੀ ਤੁਸੀਂ ਸੱਚਮੁੱਚ ਇਹ ਸਵਾਲ ਪੁੱਛ ਰਹੇ ਹੋ। ਉਸ ਦੇ ਪੈਰ ’ਤੇ ਸੱਟ ਲੱਗੀ ਸੀ, ਜਿਸ ਨਾਲ ਉਸ ਨੂੰ ਦੌੜਨ ’ਚ ਬਹੁਤ ਦਿੱਕਤ ਹੋ ਰਹੀ ਸੀ। ਇਸ ਲਈ ਉਹ ਨਹੀਂ ਖੇਡ ਸਕਿਆ। ਨੈੱਟ ’ਤੇ ਅਭਿਆਸ ਦੌਰਾਨ ਉਹ ਇਸ ਤਰ੍ਹਾਂ ਨਾਲ ਬੱਲੇਬਾਜ਼ੀ ਕਰ ਰਿਹਾ ਸੀ, ਜਿਵੇਂ ਉਹ ਪਹਿਲਾਂ ਕਰਿਆ ਕਰਦਾ ਸੀ ਪਰ ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਇਸ ਦਾ ਫੈਸਲਾ ਖੁਦ ਧੋਨੀ ਹੀ ਕਰੇਗਾ ਕਿ ਉਹ ਕਦੋਂ ਖੇਡਣ ਲਈ ਤਿਆਰ ਹਨ। ਉਸ ਦੀ ਵਾਪਸੀ ਲਈ ਸਹੀ ਸਮਾਂ ਕੀ ਹੈ। ਜੇਕਰ ਉਸ ਨੂੰ ਪਤਾ ਹੈ ਕਿ ਉਹ ਫਿੱਟ ਨਹੀਂ ਤਾਂ ਉਹ ਨਹੀਂ ਖੇਡੇਗਾ ਪਰ ਜੇਕਰ ਉਹ ਫਿੱਟ ਹੁੰਦਾ ਹੈ ਤਾਂ ਉਹ ਜ਼ਰੂਰ ਖੇਡੇਗਾ। ਉਹ ਨਿੱਜੀ ਨਹੀਂ, ਬਲਕਿ ਟੀਮ ਦੇ ਹਿੱਤ ’ਚ ਫੈਸਲਾ ਲਵੇਗਾ। ਉਸ ਦੇ ਖੇਡਣ ਨਾਲ ਟੀਮ ਨੂੰ ਫਾਇਦਾ ਮਿਲੇਗਾ।’’
