ਕੋਚ ਸ਼ਾਸਤਰੀ ਦਾ ਵੱਡਾ ਬਿਆਨ, ਧੋਨੀ ਜਲਦ ਕਰਨਗੇ ਸੰਨਿਆਸ ਦਾ ਐਲਾਨ

01/09/2020 1:38:52 PM

ਨਵੀਂ ਦਿੱਲੀ : ਕਾਫੀ ਸਮੇਂ ਤੋਂ ਧੋਨੀ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਸੀ ਕਿ ਉਹ ਟੀਮ ਇੰਡੀਆ ਵਿਚ ਸ਼ਾਮਲ ਹੋਣਗੇ ਜਾਂ ਨਹੀਂ। ਉੱਥੇ ਹੀ ਹੁਣ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਖਾਸ ਕਰ ਧੋਨੀ ਦੇ ਸੰਨਿਆਸ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕੋਚ ਸ਼ਾਸਤਰੀ ਨੇ ਕਿਹਾ ਕਿ ਧੋਨੀ ਆਪਣੇ ਵਨ ਡੇ ਕਰੀਅਰ ਨੂੰ ਅਲਵਿਦਾ ਕਹਿਣ ਵਾਲੇ ਹਨ। ਭਾਵ ਹੁਣ ਧੋਨੀ ਜਲਦੀ ਹੀ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣਗੇ। ਹਾਲਾਂਕਿ ਉਸ ਨੇ ਇਹ ਵੀ ਕਿਹਾ ਕਿ ਧੋਨੀ ਅਜੇ ਟੀ-20 ਖੇਡਦੇ ਰਹਿਣਗੇ।

ਕੋਚ ਸ਼ਾਸਤਰੀ ਨੇ ਉਮੀਦ ਜਤਾਈ ਹੈ ਕਿ ਟੀ-20 ਵਰਲਡ ਕੱਪ ਵਿਚ ਉਹ ਭਾਰਤੀ ਟੀਮ ਦਾ ਹਿੱਸਾ ਹੋਣਗੇ। ਸ਼ਾਸਤਰੀ ਨੇ ਕਿਹਾ ਕਿ ਆਈ. ਪੀ. ਐੱਲ. ਵਿਚ ਉਸ ਦੀ ਪ੍ਰਦਰਸ਼ਨ ਤੈਅ ਕਰੇਗਾ ਕਿ ਉਹ ਟੀ-20 ਵਰਲਡ ਕੱਪ ਖੇਡਣਗੇ ਜਾਂ ਨਹੀਂ। ਰਵੀ ਸ਼ਾਸਤਰੀ ਨੇ ਕਿਹਾ ਕਿ ਧੋਨੀ ਲੰਬੇ ਸਮੇਂ ਤੋਂ ਕ੍ਰਿਕਟ ਦੇ ਸਾਰ ਸਵਰੂਪ ਖੇਡਦੇ ਆਏ ਹਨ। ਫਿਰ ਉਸ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਅਤੇ ਹੁਣ ਉਹ ਵਨ ਡੇ ਕ੍ਰਿਕਟ ਵੀ ਛੱਡ ਸਕਦੇ ਹਨ।

ਜ਼ਿਕਰਯੋਗ ਹੈ ਕਿ ਧੋਨੀ ਸਾਲ 2019 ਵਨ ਡੇ ਵਰਲਡ ਕੱਪ ਦੇ ਬਾਅਦ ਤੋਂ ਹੀ ਟੀਮ ਇੰਡੀਆ 'ਚੋਂ ਬਾਹਰ ਹਨ। ਅਜਿਹੇ 'ਚ ਉਸ ਦੇ ਸੰਨਿਆਸ ਨੂੰ ਲੈ ਕੇ ਖਬਰਾਂ ਬਣ ਰਹੀਆਂ ਸੀ ਪਰ ਖੁਦ ਸ਼ਾਸਤਰੀ ਨੇ ਧੋਨੀ ਨੂੰ ਲੈ ਕੇ ਇਹ ਬਿਆਨ ਦੇ ਕੇ ਧੋਨੀ ਦੇ ਭਵਿੱਖ 'ਤੇ ਆਪਣੀ ਰਾਏ ਰੱਖੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਧੋਨੀ ਕਦੋਂ ਵਨ ਡੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਦੇ ਹਨ।