ਸੱਟ ਕਾਰਨ ਨਿਊਜ਼ੀਲੈਂਡ ਦੌਰੇ ''ਤੋਂ ਬਾਹਰ ਹੋਇਆ ਧਵਨ, ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ

01/21/2020 12:57:55 PM

ਨਵੀਂ ਦਿੱਲੀ : ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੌਰੇ 'ਤੇ ਜਾਣ ਤੋਂ ਪਹਿਲਾਂ ਇਕ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੱਟ ਕਾਰਨ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ। ਉਹ (ਧਵਨ) ਆਸਟਰੇਲੀਆ ਖਿਲਾਫ ਤੀਜੇ ਵਨ ਡੇ ਵਿਚ ਫੀਲਡਿੰਗ ਦੌਰਾਨ ਜ਼ਖਮੀ ਹੋ ਗਏ ਸੀ। ਹਾਲਾਂਕਿ ਅਜੇ ਤਕ ਇਹ ਪੁਸ਼ਟੀ ਨਹੀਂ ਹੋਈ ਕਿ ਉਸ ਦੀ ਸੱਟ ਕਿੰਨੀ ਡੂੰਘੀ ਹੈ। ਸੱਟ ਦੇ ਕਾਰਨ ਹੀ ਉਹ ਭਾਰਤੀ ਪਾਰੀ ਦੌਰਾਨ ਬੱਲੇਬਾਜ਼ੀ ਵੀ ਕਰਨ ਨਹੀਂ ਆਏ ਸੀ।

ਦੱਸ ਦਈਏ ਕਿ ਟੀਮ ਇੰਡੀਆ ਨਿਊਜ਼ੀਲੈਂਡ ਦੌਰੇ ਲਈ ਸੋਮਵਾਰ ਦੇਰ ਰਾਤ 2 ਹਿੱਸਿਆਂ ਵਿਚ ਨਿਊਜ਼ੀਲੈਂਡ ਲਈ ਰਵਾਨਾ ਹੋ ਗਈ ਅਤੇ ਦੋਵੇਂ ਗਰੁਪ ਦੇ ਨਾਲ ਸ਼ਿਖਰ ਧਵਨ ਰਵਾਨਾ ਨਹੀਂ ਹੋਏ। ਤੀਜੇ ਵਨ ਡੇ ਵਿਚ ਆਸਟਰੇਲੀਆਈ ਬੱਲੇਬਾਜ਼ੀ ਦੌਰਾਨ 5ਵੇਂ ਓਵਰ ਵਿਚ ਐਰੋਨ ਫਿੰਚ ਦੀ ਇਕ ਸਾਟ ਨੂੰ ਰੋਕਣ ਦੀ ਕੋਸ਼ਿਸ਼ ਵਿਚ ਡਾਈਵ ਲਗਾਉਂਦਿਆਂ ਧਵਨ ਆਪਣਾ ਮੋਢਾ ਜ਼ਖਮੀ ਕਰਾ ਬੈਠੇ ਸੀ ਅਤੇ ਬਾਅਦ ਵਿਚ ਉਸ ਨੂੰ ਮੋਢੇ ਨੂੰ ਸੇਕ ਦਿੰਦਿਆਂ ਵੀ ਦੇਖਿਆ ਗਿਆ ਸੀ।

ਇਸ ਤੋਂ ਬਾਅਦ ਧਵਨ ਨੂੰ ਐਕਸਰੇ ਲਈ ਬੈਂਗਲੁਰੂ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਸੂਤਰਾਂ ਦੀ ਮੰਨੀਏ ਤਾਂ ਰਿਪੋਰਟ ਜ਼ਿਆਦਾ ਹੌਸਲਾ ਦੇਣ ਵਾਲੀ ਨਹੀਂ ਹੈ। ਦੌਰੇ ਲਈ ਧਵਨ ਦੇ ਬਦਲ ਦੇ ਰੂਪ 'ਚ ਬੀ. ਸੀ. ਸੀ. ਆਈ. ਅਧਿਕਾਰੀਆਂ ਨੇ ਟੀਮ ਮੈਨੇਜਮੈਂਟ ਦੇ ਨਾਲ-ਨਾਲ ਚੋਣ ਕਮੇਟੀ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਅਜੇ ਕਿਸੇ ਬਦਲ ਦਾ ਐਲਾਨ ਨਹੀਂ ਕੀਤਾ ਗਿਆ। ਕਾਰਨ ਇਹ ਹੈ ਕਿ ਭਾਰਤੀ ਏ ਟੀਮ ਦੇ ਨਾਲ ਕਈ ਖਿਡਾਰੀ ਪਹਿਲਾਂ ਤੋਂ ਹੀ ਨਿਊਜ਼ੀਲੈਂਡ ਦੌਰੇ 'ਤੇ ਹਨ। ਵੈਸੇ ਮਯੰਕ ਅਗਰਵਾਲ ਤੋਂ ਇਲਾਵਾ ਸ਼ੁਭਮਨ ਗਿੱਲ ਅਤੇ ਪ੍ਰਿਥਵੀ ਸ਼ਾਹ ਜਗ੍ਹਾ ਹਾਸਲ ਕਰਨ ਲਈ ਦੌੜ 'ਚ ਹਨ। ਹਾਲਾਂਕਿ ਪ੍ਰਦਰਸ਼ਨ ਦੇ ਆਧਰ 'ਤੇ ਮਯੰਕ ਧਵਨ ਦੀ ਜਗ੍ਹਾ ਲੈਣ ਲਈ ਮਜ਼ਬੂਤ ਦਾਅਵੇਦਾਰ ਹਨ।