ਵਿਨੇਸ਼ ਚਾਂਦੀ ਤਮਗੇ ਦੀ ਹੱਕਦਾਰ : ਸਚਿਨ ਤੇਂਦੁਲਕਰ
Saturday, Aug 10, 2024 - 10:26 AM (IST)
ਨਵੀਂ ਦਿੱਲੀ–ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਪੈਰਿਸ ਓਲੰਪਿਕ ਵਿਚ ਮਹਿਲਾ 50 ਕਿ. ਗ੍ਰਾ. ਕੁਸ਼ਤੀ ਮੁਕਾਬਲੇਬਾਜ਼ ਦੇ ਫਾਈਨਲ ਵਿਚ ਪਹੁੰਚਣ ਤੋਂ ਬਾਅਦ ਭਾਰ ਕਾਰਨ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ਦੀ ਆਲੋਚਨਾ ਕਰਦੇ ਹੋਏ ਇਸ ਪਹਿਲਵਾਨ ਨੂੰ ਚਾਂਦੀ ਤਮਗੇ ਦੀ ਹੱਕਦਾਰ ਦੱਸਿਆ। ਵਿਨੇਸ਼ ਨੂੰ ਪੈਰਿਸ ਓਲੰਪਿਕ ਵਿਚ 50 ਕਿ. ਗ੍ਰਾ. ਭਾਰ ਦੀ ਪ੍ਰਤੀਯੋਗਿਤਾ ਦੇ ਸੋਨ ਤਮਗਾ ਮੁਕਾਬਲੇ ਤੋਂ ਪਹਿਲਾ ਭਾਰ ਕਰਨ ਦੌਰਾਨ 100 ਗ੍ਰਾਮ ਤੋਂ ਵੱਧ ਪਾਇਆ ਗਿਆ, ਜਿਸ ਨਾਲ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ। ਵਿਨੇਸ਼ ਦੇ ਇਸ ਫੈਸਲੇ ਵਿਰੁੱਧ ਖੇਡ ਪੰਚਾਟ ਦਾ ਦਰਵਾਜ਼ਾ ਖੜਕਾਇਆ ਹੈ।
ਤੇਂਦੁਲਕਰ ਨੇ ਕਿਹਾ ਕਿ ਖੇਡਾਂ ਵਿਚ ਨਿਯਮਾਂ ਵਿਚ ਸਮੇਂ-ਸਮੇਂ ’ਤੇ ਗੌਰ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਕਿਹਾ, ‘‘ਹਰ ਖੇਡ ਦੇ ਕੁਝ ਨਿਯਮ ਹੁੰਦੇ ਹਨ ਤੇ ਉਨ੍ਹਾਂ ਨਿਯਮਾਂ ਦੇ ਸਬੰਧ ਵਿਚ ਦੇਖਣ ਦੀ ਲੋੜ ਹੈ, ਸ਼ਾਇਦ ਕਦੇ-ਕਦੇ ਉਨ੍ਹਾਂ ’ਤੇ ਦੁਬਾਰਾ ਧਿਆਨ ਵੀ ਦਿੱਤਾ ਜਾਣਾ ਚਾਹੀਦਾ ਹੈ।’’
ਸਚਿਨ ਨੇ ਲਿਖਿਆ, ‘ਵਿਨੇਸ਼ ਫੋਗਾਟ ਨੇ ਨਿਰਪੱਖਤਾ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਭਾਰ ਦੇ ਆਧਾਰ ’ਤੇ ਉਸਦੀ ਅਯੋਗਤਾ ਫਾਈਨਲ ਤੋਂ ਪਹਿਲਾਂ ਹੋਈ ਸੀ ਤੇ ਅਜਿਹੇ ਵਿਚ ਉਸ ਤੋਂ ਚਾਂਦੀ ਤਮਗਾ ਖੋਹ ਲਿਆ ਜਾਣਾ ਤਰਕ ਤੇ ਖੇਡ ਦੀ ਸਮਝ ਤੋਂ ਪਰੇ ਹੈ।’’
ਮਾਸਟਰ ਬਲਾਸਟਰ ਨੇ ਕਿਹਾ ਕਿ ਜੇਕਰ ਖਿਡਾਰੀ ਅਨੈਤਿਕ ਚੀਜ਼ਾਂ ਦਾ ਇਸਤੇਮਾਲ ਕਰਨ ਤਾਂ ਉਸ ਨੂੰ ਅਯੋਗ ਕਰਨਾ ਜਾਇਜ਼ ਹੈ ਪਰ ਵਿਨੇਸ਼ ਦੇ ਮਾਮਲੇ ਵਿਚ ਅਜਿਹਾ ਨਹੀਂ ਹੋਇਆ ਹੈ।