ਦਿੱਲੀ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
Tuesday, Apr 29, 2025 - 11:14 AM (IST)

ਨਵੀਂ ਦਿੱਲੀ– ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦੇ 48ਵੇਂ ਮੈਚ 'ਚ ਅੱਜ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ 'ਚ ਦਿੱਲੀ ਕੈਪੀਟਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦਿੱਲੀ ਕੈਪੀਟਲਸ ਮੰਗਲਵਾਰ ਨੂੰ ਜਦੋਂ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨਾਲ ਭਿੜੇਗੀ ਤਾਂ ਟੀਮ ਦੀਆਂ ਨਜ਼ਰਾਂ ਵਿਚਾਲੇ ਦੇ ਓਵਰਾਂ ਵਿਚ ਬਿਹਤਰ ਬੱਲੇਬਾਜ਼ੀ ਕਰਨ ’ਤੇ ਟਿਕੀਆਂ ਹੋਣਗੀਆਂ।
ਦਿੱਲੀ ਨੂੰ ਆਪਣੇ ਪਿਛਲੇ ਚਾਰ ਮੈਚਾਂ ਵਿਚੋਂ ਦੋ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਵਿਚ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਮਿਲੀ ਹਾਰ ਵੀ ਸ਼ਾਮਲ ਹੈ ਤੇ ਟੀਮ ਲੀਗ ਗੇੜ ਦੇ ਆਖਰੀ ਮੁਕਾਬਲਿਆਂ ਵਿਚ ਲੜਖੜਾਉਣ ਤੋਂ ਬਚਣਾ ਚਾਹੇਗੀ। ਚੋਟੀਕ੍ਰਮ ਵਿਚ ਅਭਿਸ਼ੇਕ ਪੋਰੈੱਲ ਨੇ ਹਮਲਾਵਰ ਤੇਵਰਾਂ ਦੇ ਨਾਲ ਬੱਲੇਬਾਜ਼ੀ ਕੀਤੀ ਹੈ ਪਰ ਵਾਪਸੀ ਕਰਨ ਤੋਂ ਬਾਅਦ ਤਜਰਬੇਕਾਰ ਫਾਫ ਡੂ ਪਲੇਸਿਸ ਨੂੰ ਅਰੁਣ ਜੇਤਲੀ ਸਟੇਡੀਅਮ ਦੀ ਹੌਲੇ ਸੁਭਾਅ ਦੀ ਪਿੱਚ ’ਤੇ ਜੂਝਣਾ ਪਿਆਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਇਸ ਨਾਲ ਤਾਲਮੇਲ ਬਿਠਾਾਉਣਾ ਪਵੇਗਾ।ਲੋਕੇਸ਼ ਰਾਹੁਲ ਮੌਜੂਦਾ ਸੈਸ਼ਨ ਵਿਚ ਦਿੱਲੀ ਦਾ ਸਭ ਤੋਂ ਸਫਲ ਬੱਲੇਬਾਜ਼ ਰਿਹਾ ਹੈ ਪਰ ਐਤਵਾਰ ਨੂੰ ਸਪਿੰਨਰਾਂ ਵਿਰੁੱਧ ਤੇਜ਼ੀ ਨਾਲ ਦੌੜਾਂ ਜੋੜਨ ਵਿਚ ਉਹ ਅਸਫਲ ਰਿਹਾ। ਉਹ ਸੁਨੀਲ ਨਾਰਾਇਣ ਤੇ ਵਰੁਣ ਚੱਕਰਵਰਤੀ ਦੀ ਤਜਰਬੇਕਾਰ ਸਪਿੰਨ ਜੋੜੀ ਵਿਰੁੱਧ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗਾ।
ਕੇ. ਕੇ. ਆਰ. ਕੋਲ ਉੱਚ ਪੱਧਰੀ ਸਪਿੰਨਰ ਹਨ ਜਿਹੜੇ ਮੇਜ਼ਬਾਨ ਟੀਮ ਨੂੰ ਸਖਤ ਚੁਣੌਤੀ ਪੇਸ਼ ਕਰ ਸਕਦੇ ਹਨ। ਪੰਜਾਬ ਕਿੰਗਜ਼ ਵਿਰੁੱਧ ਮੀਂਹ ਪ੍ਰਭਾਵਿਤ ਮੈਚ ਵਿਚ ਜੂਝਣ ਤੋਂ ਬਾਅਦ ਨਾਈਟ ਰਾਈਡਰਜ਼ ਦਾ ਆਤਮਵਿਸ਼ਵਾਸ ਥੋੜ੍ਹਾ ਘੱਟ ਹੋਵੇਗਾ। ਦਿੱਲੀ ਨੂੰ ਕਰੁਣ ਨਾਇਰ ਤੋਂ ਵੀ ਚੰਗੀ ਪਾਰੀ ਦੀ ਉਮੀਦ ਹੋਵੇਗੀ, ਜਿਸ ਨਾਲ ਕਿ ਮੱਧ ਕ੍ਰਮ ਵਿਚ ਸਾਰਾ ਬੋਝ ਰਾਹੁਲ ’ਤੇ ਨਾ ਆਵੇ।
ਇਹ ਵੀ ਪੜ੍ਹੋ : ਪਹਿਲਗਾਮ ਅੱਤਵਾਦੀ ਹਮਲੇ ਬਾਰੇ ਸ਼ਾਹਿਦ ਅਫਰੀਦੀ ਦਾ ਬੇਹੱਦ ਘਟੀਆ ਬਿਆਨ, ਸੁਣ ਕੇ ਖੌਲ ਉੱਠੇਗਾ ਖ਼ੂਨ
ਗੇਂਦਬਾਜ਼ੀ ਵਿਭਾਗ ਵਿਚ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਪਿਛਲੇ ਮੈਚ ਵਿਚ 2 ਵਿਕਟਾਂ ਲਈਆਂ ਪਰ ਉਸ ਨੂੰ ਦੂਜੇ ਪਾਸੇ ਤੋਂ ਸਮਰਥਨ ਨਹੀਂ ਮਿਲਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਵਿਕਟ ਲੈਣ ਵਿਚ ਅਸਫਲ ਰਿਹਾ ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਪਣੀ ਸਾਬਕਾ ਟੀਮ ਕੇ. ਕੇ. ਆਰ. ਦੀ ਕਮਜ਼ੋਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗਾ ਜਦਕਿ ਵਿਚਾਲੇ ਦੇ ਓਵਰਾਂ ਵਿਚ ਕੁਲਦੀਪ ਯਾਦਵ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਦਿੱਲੀ ਨੂੰ ਆਪਣੀ ਫੀਲਡਿੰਗ ਵਿਚ ਵੀ ਸੁਧਾਰ ਕਰਨਾ ਪਵੇਗਾ।
ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਪੋਰੇਲ ਨੇ ਕਰੁਣਾਲ ਪੰਡਯਾ ਦੀ ਮਹੱਤਵਪੂਰਨ ਵਿਕਟ ਗਵਾਈ ਸੀ। ਕੇ. ਕੇ. ਆਰ. ਦੇ ਅਜੇ ਸਿਰਫ ਸੱਤ ਅੰਕ ਹਨ ਤੇ ਟੀਮ ਅੰਕ ਸੂਚੀ ਵਿਚ ਸੱਤਵੇਂ ਸਥਾਨ ’ਤੇ ਚੱਲ ਰਹੀ ਹੈ। ਟੀਮ ਆਪਣੇ ਪਿਛਲੇ ਤਿੰਨ ਮੈਚਾਂ ਵਿਚ ਜਿੱਤ ਦਰਜ ਕਰਨ ਵਿਚ ਅਸਫਲ ਰਹੀ ਹੈ, ਜਿਨ੍ਹਾਂ ਵਿਚੋਂ ਦੋ ਵਿਚ ਉਸ ਨੂੰ ਹਾਰ ਮਿਲੀ ਤੇ ਇਕ ਮੈਚ ਬੇਨਤੀਜਾ ਰਿਹਾ।
ਕੇ. ਕੇ. ਆਰ. ਨੂੰ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀ ਉਮੀਦ ਜਿਊਂਦੀ ਰੱਖਣ ਲਈ ਇਹ ਮੁਕਾਬਲਾ ਜਿੱਤਣਾ ਪਵੇਗਾ ਕਿਉਂਕਿ ਦਿੱਲੀ ਤੋਂ ਬਾਅਦ ਹਾਰ ਨਾਲ ਉਸਦੀ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀ ਰਾਹ ਕਾਫੀ ਮੁਸ਼ਕਿਲ ਹੋ ਜਾਵੇਗੀ। ਟੀਮ ਨੂੰ ਵੱਖ-ਵੱਖ ਵਿਭਾਗਾਂ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਨਾਰਾਇਣ ਦੇ ਨਾਲ ਕਵਿੰਟਨ ਡੀ ਕੌਕ ਤੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਮਿਲਿਆ ਹੈ।ਟੀਮ ਦੌੜਾਂ ਬਣਾਉਣ ਲਈ ਰਹਾਨੇ ਤੇ ਨੌਜਵਾਨ ਅੰਗਕ੍ਰਿਸ਼ ਰਘੂਵੰਸ਼ੀ ’ਤੇ ਕਾਫੀ ਵੱਧ ਨਿਰਭਰ ਹੈ। ਮੱਧਕ੍ਰਮ ਵਿਚ ਵੈਂਕਟੇਸ਼ ਅਈਅਰ, ਆਂਦ੍ਰੇ ਰਸਲ, ਰਿੰਕੂ ਸਿੰਘ ਤੇ ਰਮਨਦੀਪ ਸਿੰਘ ਜ਼ਿਆਦਾ ਪ੍ਰਭਾਵ ਨਹੀਂ ਛੱਡ ਸਕੇ ਹਨ।
ਟੀਮ ਦੀ ਗੇਂਦਬਾਜ਼ੀ ਵੀ ਚਿੰਤਾ ਦਾ ਵਿਸ਼ਾ ਹੈ। ਕੇ. ਕੇ. ਆਰ. ਦੇ ਗੇਂਦਬਾਜ਼ਾਂ ਨੂੰ ਸਲਾਮੀ ਜੋੜੀਆਂ ਨੂੰ ਤੋੜਨ ਵਿਚ ਦਿੱਕਤ ਹੋ ਰਹੀ ਹੈ, ਜਿਸ ਨਾਲ ਵਿਰੋਧੀ ਟੀਮਾਂ ਉਸਦੇ ਵਿਰੁੱਧ ਵੱਡਾ ਸਕੋਰ ਖੜ੍ਹਾ ਕਰ ਰਹੀਆਂ ਹਨ। ਪਿਛਲੇ ਮੈਚ ਵਿਚ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ਾਂ ਨੇ 120 ਦੌੜਾਂ ਜੋੜੀਆਂ। ਕੇ. ਕੇ. ਆਰ. ਦੀ ਟੀਮ ਡੈੱਥ ਓਵਰਾਂ ਵਿਚ ਬਿਹਤਰ ਗੇਂਦਬਾਜ਼ੀ ਕਰਨ ਵਿਚ ਸਫਲ ਰਹੀ ਪਰ ਦਿੱਲੀ ਵਿਰੁੱਧ ਰਨ ਰੇਟ ਵਿਚ ਰੋਕ ਲਗਾਉਣ ਲਈ ਨਾਰਾਇਣ, ਚੱਕਰਵਰਤੀ, ਵੈਭਵ ਅਰੋੜਾ ਤੇ ਹਰਸ਼ਿਤ ਰਾਣਾ ਨੂੰ ਸਮੂਹਿਕ ਕੋਸ਼ਿਸ਼ ਕਰਨੀ ਪਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8