ਦਿੱਲੀ ਦਾ ਸਾਹਮਣਾ ਅੱਜ ਮੁੰਬਈ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
Sunday, Apr 13, 2025 - 01:07 PM (IST)

ਨਵੀਂ ਦਿੱਲੀ– ਖਰਾਬ ਫਾਰਮ ਨਾਲ ਜੂਝ ਰਿਹਾ ਰੋਹਿਤ ਸ਼ਰਮਾ ਐਤਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਹੋਣ ਵਾਲੇ ਮੈਚ ਵਿਚ ਸਪਿੰਨਰਾਂ ਦੀ ਸਖਤ ਚੁਣੌਤੀ ਤੋਂ ਪਾਰ ਪਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਖੁਦ ਨੂੰ ਪ੍ਰਸੰਗਿਕ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ। ਰੋਹਿਤ ਜਿੱਥੇ ਦੌੜਾਂ ਬਣਾਉਣ ਲਈ ਜੂਝ ਰਿਹਾ ਹੈ, ਉੱਥੇ ਹੀ ਮੁੰਬਈ ਦੀ ਟੀਮ ਨੂੰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ, ਜਿਹੜਾ ਦਿੱਲੀ ਦੇ ਮਾਹਿਰ ਬੱਲੇਬਾਜ਼ ਕੇ. ਐੱਲ. ਰਾਹੁਲ ਦੇ ਸਾਹਮਣੇ ਸਖਤ ਚੁਣੌਤੀ ਪੇਸ਼ ਕਰ ਸਕਦਾ ਹੈ। ਦਿੱਲੀ ਦੀ ਟੀਮ ਨੇ ਟੂਰਨਾਮੈਂਟ ਦੇ ਪਹਿਲੇ ਪੜਾਅ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਇਸ ਲਈ ਉਹ ਇਸ ਮੈਚ ਵਿਚ ਜਿੱਤ ਦੇ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗੀ।
ਦਿੱਲੀ ਦੀ ਟੀਮ ਦੀਆਂ ਨਜ਼ਰਾਂ ਲਗਾਤਾਰ 5ਵੀਂ ਜਿੱਤ ਹਾਸਲ ਕਰਨ ’ਤੇ ਹੋਣਗੀਆਂ ਜਦਕਿ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਮੁੰਬਈ ਦੀ ਟੀਮ 6 ਮੈਚਾਂ ਵਿਚ 5ਵੀਂ ਹਾਰ ਤੋਂ ਬਚਣ ਦੀ ਕੋਸ਼ਿਸ਼ ਕਰੇਗੀ। ਆਈ. ਪੀ. ਐੱਲ. ਵਰਗੇ ਟੂਰਨਾਮੈਂਟ ਵਿਚ ਇਕ ਹਾਰ ਨਾਲ ਲੈਅ ਗੜਬੜਾ ਸਕਦੀ ਹੈ ਤੇ ਮੁੰਬਈ ਇੰਡੀਅਨਜ਼ ਤਾਂ ਪਿਛਲੇ ਸਾਲ ਤੋਂ ਚੱਲੇ ਆ ਰਹੇ ਖਰਾਬ ਪ੍ਰਦਰਸ਼ਨ ਵਿਚ ਸੁਧਾਰ ਨਹੀਂ ਕਰ ਸਕੀ ਹੈ।
ਪਿਛਲੇ ਸਾਲ ਉਸਦੀ ਟੀਮ ਆਖਰੀ ਸਥਾਨ ’ਤੇ ਰਹੀ ਸੀ। ਮੁੰਬਈ ਲਈ ਰੋਹਿਤ ਦੀ ਫਾਰਮ ਚਿੰਤਾ ਦਾ ਵਿਸ਼ਾ ਹੈ ਜਿਹੜਾ ਹੁਣ ਤੱਕ ਸਿਰਫ 38 ਦੌੜਾਂ ਹੀ ਬਣਾ ਸਕਿਆ ਹੈ। ਦਿੱਲੀ ਵਿਰੁੱਧ ਉਸ ਨੂੰ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਵਰਗੇ ਸ਼ਾਨਦਾਰ ਸਪਿੰਨਰਾਂ ਤੋਂ ਇਲਾਵਾ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਪਰਾਜ ਨਿਗਮ ਤੋਂ ਸਖਤ ਚੁਣੌਤੀ ਮਿਲਣਾ ਤੈਅ ਹੈ।
ਇਹ ਵੀ ਪੜ੍ਹੋ : ਸਫੈਦ ਗੇਂਦ ਦੇ ਰੂਪ ਦਾ ਬਾਦਸ਼ਾਹ ਸਾਬਤ ਹੋ ਰਿਹੈ ਕੇ. ਐੱਲ. ਰਾਹੁਲ
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਕੁਲਦੀਪ ਨੂੰ ਅਜੇ ਤੱਕ ਟੂਰਨਾਮੈਂਟ ਦਾ ਸਰਵੋਤਮ ਸਪਿੰਨਰ ਕਰਾਰ ਦਿੱਤਾ ਹੈ। ਕੁਲਦੀਪ ਨੇ ਅਜੇ ਤੱਕ ਸਾਰੇ ਮੈਚਾਂ ਵਿਚ 4 ਓਵਰਾਂ ਦਾ ਆਪਣਾ ਕੋਟਾ ਪੂਰਾ ਕੀਤਾ ਹੈ ਤੇ ਉਸ ਨੇ 6 ਦੌੜਾਂ ਪ੍ਰਤੀ ਓਵਰ ਤੋਂ ਵੀ ਘੱਟ ਦੀ ਇਕਨਾਮੀ ਰੇਟ ਨਾਲ 8 ਵਿਕਟਾਂ ਲਈਆਂ ਹਨ। ਨਿਗਮ ਇਕ ਆਲਰਾਊਂਡਰ ਹੈ ਤੇ ਉਸ ਨੇ ਅਜੇ ਤੱਕ 5 ਵਿਕਟਾਂ ਲਈਆਂ ਹਨ।
ਕਪਤਾਨ ਅਕਸ਼ਰ ਪਟੇਲ ਨੂੰ ਅਜੇ ਤੱਕ ਕੋਈ ਵਿਕਟ ਨਹੀਂ ਮਿਲੀ ਹੈ। ਮੁੰਬਈ ਵਿਰੁੱਧ ਉਹ ਗੇਂਦਬਾਜ਼ੀ ਦਾ ਆਗਾਜ਼ ਕਰ ਸਕਦਾ ਹੈ ਕਿਉਂਕਿ ਰੋਹਿਤ ਨੂੰ ਖੱਬੇ ਹੱਥ ਦੇ ਸਪਿੰਨਰਾਂ ਨੂੰ ਖੇਡਣ ਵਿਚ ਮਜ਼ਾ ਨਹੀਂ ਆਉਂਦਾ ਹੈ। ਮੁਬਈ ਵੱਲੋਂ ਰੋਹਿਤ ਤੋਂ ਇਲਾਵਾ ਤਿਲਕ ਵਰਮਾ ਤੇ ਉਪ ਕਪਤਾਨ ਸੂਰਯਕੁਮਾਰ ਯਾਦਵ ਵੀ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਹਨ।
ਮੁੰਬਈ ਨੂੰ ਜੇਕਰ ਜਿੱਤ ਦੀ ਰਾਹ ’ਤੇ ਪਰਤਣਾ ਹੈ ਤਾਂ ਇਨ੍ਹਾਂ ਤਿੰਨੇ ਬੱਲੇਬਾਜ਼ਾਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ। ਫਿੱਟ ਹੋ ਕੇ ਵਾਪਸੀ ਕਰਨ ਵਾਲਾ ਬੁਮਰਾਹ ਪਹਿਲੇ ਮੈਚ ਵਿਚ ਜ਼ਿਆਦਾ ਖਤਰਨਾਕ ਨਜ਼ਰ ਨਹੀਂ ਆਇਆ ਸੀ ਪਰ ਪੂਰੀ ਉਮੀਦ ਹੈ ਕਿ ਉਹ ਜਲਦ ਹੀ ਆਪਣੀ ਅਸਲ ਲੈਅ ਹਾਸਲ ਕਰ ਲਵੇਗਾ। ਦਿੱਲੀ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਲਈ ਉਸਦਾ ਸਾਹਮਣਾ ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗੀ। ਦਿੱਲੀ ਦਾ ਸਲਾਮੀ ਬੱਲੇਬਾਜ਼ ਜੈਕ ਫ੍ਰੇਜ਼ਰ ਮੈਕਗਰਕ ਦੌੜਾਂ ਬਣਾਉਣ ਲਈ ਜੂਝ ਰਿਹਾ ਹੈ ਪਰ ਰਾਹੁਲ ਬਹੁਤ ਚੰਗੀ ਫਾਰਮ ਵਿਚ ਹੈ ਅਜਿਹੇ ਵਿਚ ਰਾਹੁਲ ਤੇ ਬੁਮਰਾਹ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਦਿੱਲੀ ਕੈਪੀਟਲਸ ਦਾ ਇਸ ਸੈਸ਼ਨ ਵਿਚ ਆਪਣੇ ਘਰੇਲੂ ਮੈਦਾਨ ’ਤੇ ਇਹ ਪਹਿਲਾ ਮੈਚ ਹੋਵੇਗਾ। ਉਸ ਨੇ ਆਪਣੇ ਪਹਿਲੇ ਦੋ ਘਰੇਲੂ ਮੈਚ ਵਿਸ਼ਾਖਾਪਟਨਮ ਵਿਚ ਖੇਡੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8