ਦਿੱਲੀ ਦਾ ਸਾਹਮਣਾ ਅੱਜ ਗੁਜਰਾਤ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

Sunday, May 18, 2025 - 01:52 PM (IST)

ਦਿੱਲੀ ਦਾ ਸਾਹਮਣਾ ਅੱਜ ਗੁਜਰਾਤ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਨਵੀਂ ਦਿੱਲੀ– ਆਈਪੀਐੱਲ 2025 ਦਾ 60ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਤੇ ਗੁਜਰਾਤ ਟਾਈਟਨਜ਼ ਵਿਚਾਲੇ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ 'ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਭਾਰਤ-ਪਾਕਿਸਤਾਨ ਸੰਘਰਸ਼ ਕਾਰਨ ਆਪਣੇ ਪਿਛਲੇ ਮੈਚ ਦੇ ਅਚਾਨਕ ਮੁਲਤਵੀ ਹੋਣ ਦਾ ਝਟਕਾ ਝੱਲਣ ਵਾਲੀ ਦਿੱਲੀ ਕੈਪੀਟਲਸ ਦੀ ਟੀਮ ਅੱਜ ਇੱਥੇ ਆਈ. ਪੀ. ਐੱਲ. ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਗੁਜਰਾਤ ਟਾਈਟਨਜ਼ ਨਾਲ ਭਿੜੇਗੀ ਤਾਂ ਉਸਦੀ ਕੋਸ਼ਿਸ਼ ਗੇਂਦਬਾਜ਼ੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਫਿਰ ਤੋਂ ਇਕਜੁੱਟ ਹੋਣ ਦੀ ਹੋਵੇਗੀ, ਜਿਸ ਨਾਲ ਕਿ ਪਲੇਅ ਆਫ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖ ਸਕੇ। ਦਿੱਲੀ ਨੇ ਆਪਣੇ ਪਿਛਲੇ 5 ਮੈਚਾਂ ਵਿਚੋਂ 3 ਗਵਾਏ ਹਨ ਤੇ ਇਕ ਮੈਚ ਮੀਂਹ ਕਾਰਨ ਬੇਨਤੀਜਾ ਰਿਹਾ ਹੈ। ਧਰਮਸ਼ਾਲਾ ਵਿਚ ਦਿੱਲੀ ਦਾ ਪਿਛਲਾ ਮੁਕਾਬਲਾ ਜੰਮੂ ਤੇ ਪਠਾਨਕੋਟ ਵਿਚ ਹਵਾਈ ਹਮਲੇ ਦੀ ਚਿਤਾਵਨੀ ਤੋਂ ਬਾਅਦ ਵਿਚਾਲੇ ਵਿਚ ਹੀ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲੀਗ ਨੂੰ ਇਕ ਹਫਤੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਟੂਰਨਾਮੈਂਟ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਕਈ ਵਿਦੇਸ਼ੀ ਖਿਡਾਰੀ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਲਈ ਵਾਪਸ ਨਹੀਂ ਆ  ਰਹੇ, ਜਿਸ ਨਾਲ ਫ੍ਰੈਂਚਾਈਜ਼ੀ ਨੂੰ ਆਪਣੀ ਟੀਮ ਵਿਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਹੋਈ ਵਾਇਰਲ, ਦੇਖੋ ਕਿੰਨੇ ਪੜ੍ਹਾਕੂ ਸਨ ਵਿਰਾਟ

ਦਿੱਲੀ ਦੀ ਟੀਮ ਅਜੇ 11 ਮੈਚਾਂ ਵਿਚੋਂ 13 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਟੀਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਚੋਟੀ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਬਾਕੀ ਸੈਸ਼ਨ ਲਈ ਵਾਪਸ ਨਾ ਪਰਤਣ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦਾ ਇਹ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ 14 ਵਿਕਟਾਂ ਲੈ ਕੇ ਮੌਜੂਦਾ ਸੈਸ਼ਨ ਵਿਚ ਹੁਣ ਤੱਕ ਟੀਮ ਦਾ ਸਭ ਤੋਂ ਸਫਲ ਗੇਂਦਬਾਜ਼ ਹੈ ਤੇ ਉਸਦੀ ਗੈਰ-ਹਾਜ਼ਰੀ ਦਿੱਲੀ ਲਈ ਵੱਡਾ ਝਟਕਾ ਹੈ। ਦਿੱਲੀ ਨੂੰ ਹਾਲਾਂਕਿ ਉਸ ਸਮੇਂ ਰਾਹਤ ਮਿਲੀ ਜਦੋਂ ਉਸ ਨੇ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਆਪਣੇ ਨਾਲ ਜੋੜਿਆ, ਜਿਸ ਨੂੰ ਸ਼ੁੱਕਰਵਾਰ ਨੂੰ ਆਪਣੇ ਰਾਸ਼ਟਰੀ ਬੋਰਡ ਤੋਂ ਨੋ-ਆਬਜੈਕਸ਼ਨ ਪੱਤਰ (ਐੱਨ. ਓ. ਸੀ.) ਮਿਲਿਆ। ਤਜਰਬੇਕਾਰ ਮੁਸਤਾਫਿਜ਼ੁਰ ਨੇ ਆਈ. ਪੀ. ਐੱਲ. ਵਿਚ 7.84 ਦੀ ਇਕਨਾਮੀ ਰੇਟ ਨਾਲ 38 ਵਿਕਟਾਂ ਲਈਆਂ ਹਨ। ਉਸ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਗੁਜਰਾਤ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਵਿਰੁੱਧ ਦਿੱਲੀ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਾਵਈ ਕਰੇ।

ਅਕਸ਼ਰ ਪਟੇਲ ਦੀ ਅਗਵਾਈ ਵਾਲੀ ਦਿੱਲੀ ਟੀਮ ਨੇ ਘਰੇਲੂ ਮੈਦਾਨ ’ਤੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਇਸ ਸੈਸ਼ਨ ਵਿਚ ਅਰੁਣ ਜੇਤਲੀ ਸਟੇਡੀਅਮ ਵਿਚ ਉਸ ਨੂੰ ਸਿਰਫ ਇਕ ਜਿੱਤ ਮਿਲੀ ਹੈ ਤੇ ਉਹ ਵੀ ਸੁਪਰ ਓਵਰ ਦੇ ਰਾਹੀਂ। ਦਿੱਲੀ ਤੇ ਗੁਜਰਾਤ ਦੀਆਂ ਟੀਮਾਂ ਜਦੋਂ ਪਿਛਲੀ ਵਾਰ 19 ਅਪ੍ਰੈਲ ਨੂੰ ਭਿੜੀਆਂ ਸਨ ਤਾਂ ਟਾਈਟਨਜ਼ ਨੇ ਜੋਸ ਬਟਲਰ ਦੀ 54 ਗੇਂਦਾਂ ’ਤੇ 97 ਦੌੜਾਂ ਦੀ ਪਾਰੀ ਨਾਲ 200 ਤੋਂ ਵੱਧ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਕੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਹਾਲ ਦੇ ਮੁਕਾਬਲਿਆਂ ਵਿਚ ਦਿੱਲੀ ਦੀਆਂ ਸਮੱਸਿਆਵਾਂ ਹੋਰ ਵੀ ਵੱਧ ਗਈਆਂ ਹਨ। ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੀਂਹ ਪ੍ਰਭਾਵਿਤ ਮੈਚ ਵਿਚ ਉਸਦਾ ਚੋਟੀ ਤੇ ਮੱਧਕ੍ਰਮ ਲੜਖੜਾ ਗਿਆ ਜਦਕਿ ਪੰਜਾਬ ਕਿੰਗਜ਼ ਨੇ ਉਸਦੇ ਗੇਂਦਬਾਜ਼ਾਂ ਦੀ ਕਾਫੀ ਧੁਨਾਈ ਕੀਤੀ, ਜਿਸ ਨੇ ਧਰਮਸ਼ਾਲਾ ਵਿਚ ਮੈਚ ਰੱਦ ਹੋਣ ਤੋਂ ਪਹਿਲਾਂ ਸਿਰਫ 10.1 ਓਵਰਾਂ ਵਿਚ 1 ਵਿਕਟ ’ਤੇ 122 ਦੌੜਾਂ ਬਣਾ ਲਈਆਂ ਸਨ। ਦੁਸ਼ਮੰਤਾ ਚਮੀਰਾ ਤੇ ਮੁਕੇਸ਼ ਕੁਮਾਰ ਦੀ ਮੌਜੂਦਗੀ ਵਾਲੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਜੂਝਣਾ ਪਿਆ ਹੈ, ਜਿਸ ਨਾਲ ਮੁਸਤਾਫਿਜ਼ੁਰ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋਵੇਗੀ। ਦਿੱਲੀ ਦੀ ਬੱਲੇਬਾਜ਼ੀ ਵਿਚ ਵੀ ਨਿਰੰਤਰਤਾ ਦੀ ਕਮੀ ਹੈ। 5 ਮਈ ਨੂੰ ਆਪਣੇ ਪਿਛਲੇ ਮੈਚ ਵਿਚ ਦਿੱਲੀ ਨੇ ਸਨਰਾਈਜ਼ਰਜ਼ ਵਿਰੁੱਧ 29 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਧਰਮਸ਼ਾਲਾ ਵਿਚ ਟੀਮ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ।

ਇਹ ਵੀ ਪੜ੍ਹੋ : ਟੀਮ ਦੀ ਹੋਈ ਬੱਲੇ-ਬੱਲੇ, Playoffs ਤੋਂ ਪਹਿਲਾਂ ਟੀਮ ਨਾਲ ਜੁੜੇ ਦੋ ਧਾਕੜ ਖਿਡਾਰੀ

ਤਜਰਬੇਕਾਰ ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ ਦੀ ਵਾਪਸੀ ਨਾਲ ਦਿੱਲੀ ਨੂੰ ਮਜ਼ਬੂਤੀ ਮਿਲੇਗੀ। ਟੀਮ ਨੂੰ ਨਾਲ ਹੀ ਉਮੀਦ ਹੋਵੇਗੀ ਕਿ ਅਭਿਸ਼ੇਕ ਪੋਰੈੱਲ ਤੇ ਕਰੁਣ ਨਾਇਰ ਦੀ ਮੌਜੂਦਗੀ ਵਾਲਾ ਚੋਟੀਕ੍ਰਮ ਹਾਲ ਦੇ ਸੰਘਰਸ਼ਾਂ ਤੋਂ ਉੱਭਰ ਕੇ ਗੁਜਰਾਤ ਟਾਈਟਨਜ਼ ਵਿਰੁੱਧ ਬਿਹਤਰ ਪ੍ਰਦਰਸ਼ਨ ਕਰੇਗਾ। ਦਿੱਲੀ ਨੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਨਾਇਰ ਦੇ ਨਾਲ ਪ੍ਰਯੋਗ ਕੀਤਾ ਸੀ ਪਰ ਇਹ ਕਦਮ ਉਲਟਾ ਪੈ ਗਿਆ ਕਿਉਂਕਿ ਉਹ ਸਨਰਾਈਜ਼ਰਜ਼ ਵਿਰੁੱਧ ਖਾਤਾ ਵੀ ਨਹੀਂ ਖੋਲ ਸਕਿਆ। ਡੂ ਪਲੇਸਿਸ ਤੇ ਪੋਰੈੱਲ ਵੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਬਦਲਣ ਵਿਚ ਅਸਫਲ ਰਹੇ। ਮੌਜੂਦਾ ਸੈਸ਼ਨ ਵਿਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਲੋਕੇਸ਼ ਰਾਹੁਲ ਨੂੰ ਕਪਤਾਨ ਅਕਸ਼ਰ ਦੇ ਨਾਲ ਅਹਿਮ ਭੂਮਿਕਾ ਨਿਭਾਉਣੀ ਪਵੇਗੀ। ਜੇਕਰ ਇਹ ਜੋੜੀ ਠੋਸ ਨੀਂਹ ਰੱਖਦੀ ਹੈ ਤਾਂ ਟ੍ਰਿਸਟਨ ਸਟੱਬਸ, ਵਿਪਰਾਜ ਨਿਗਮ ਤੇ ਆਸ਼ੂਤੋਸ਼ ਸ਼ਰਮਾ ਵਰਗੇ ਖਿਡਾਰੀ ਡੈੱਥ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਜੋੜ ਸਕਦੇ ਹਨ। ਗੁਜਰਾਤ ਦੀ ਟੀਮ 11 ਮੈਚਾਂ ਵਿਚੋਂ 16 ਅੰਕਾਂ ਨਾਲ ਚੋਟੀ ’ਤੇ ਹੈ। ਜੋਸ ਬਟਲਰ ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਟੀਮ ਨਾਲ ਦੁਬਾਰਾ ਜੁੜ ਗਏ ਹਨ। ਇੰਗਲੈਂਡ ਦਾ ਬਟਲਰ ਹਾਲਾਂਕਿ ਰਾਸ਼ਟਰੀ ਟੀਮ ਲਈ ਖੇਡਣ ਕਾਰਨ ਚੇਨਈ ਸੁਪਰ ਕਿੰਗਜ਼ ਵਿਰੁੱਧ ਗੁਜਰਾਤ ਦੇ ਆਖਰੀ ਲੀਗ ਮੈਚ ਵਿਚ ਉਪਲੱਬਧ ਨਹੀਂ ਹੋਵੇਗਾ। ਸ਼ੁਭਮਨ ਗਿੱਲ, ਬੀ. ਸਾਈ ਸੁਦਰਸ਼ਨ ਤੇ ਬਟਲਰ ਦੀ ਮੌਜੂਦਗੀ ਵਿਚ ਟਾਈਟਨਜ਼ ਦਾ ਚੋਟੀਕ੍ਰਮ ਮਜ਼ਬੂਤ ਹੈ। ਇਹ ਸਾਰੇ ਮੌਜੂਦਾ ਸੈਸ਼ਨ ਵਿਚ 500 ਦੌੜਾਂ ਦਾ ਅੰਕੜਾ ਪਾਰ ਕਰ ਚੁੱਕੇ ਹਨ। ਤੇਜ਼ ਰਨ ਰੇਟ ਨਾਲ ਇਸ ਦੇ ਲਗਾਤਾਰ ਦੌੜਾਂ ਬਣਾਉਣ ਦਾ ਮਤਲਬ ਹੈ ਕਿ ਸ਼ੇਰਫੇਨ ਰਦਰਫੋਰਡ ਨੂੰ ਛੱਡ ਕੇ ਟਾਈਟਨਜ਼ ਦੇ ਮੱਧਕ੍ਰਮ ਦੇ ਹੋਰ ਬੱਲੇਬਾਜ਼ਾਂ ਦੀ ਪ੍ਰੀਖਿਆਨਹੀਂ ਹੋਈ ਹੈ। ਦਿੱਲੀ ਨੂੰ ਗੁਜਰਾਤ ਦੇ ਮੱਧਕ੍ਰਮ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨ ਲਈ ਜਲਦੀ ਵਿਕਟਾਂ ਲੈਣੀਆਂ ਪੈਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Tarsem Singh

Content Editor

Related News