ਦੁਬਈ ਤੋਂ ਨਾਂ ਵਾਪਸ ਲੈਣ ’ਤੇ ਆਲੋਚਨਾ ਬੇਤੁਕੀ ਹੈ : ਸਬਾਲੇਂਕਾ
Thursday, Mar 19, 2026 - 03:05 PM (IST)
ਦੁਬਈ– ਦੁਨੀਆ ਦੀ ਨੰਬਰ ਇਕ ਖਿਡਾਰਨ ਆਰਿਆਨਾ ਸਬਾਲੇਂਕਾ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੁਬਈ ਚੈਂਪੀਅਨਸ਼ਿਪ ’ਚੋਂ ਉਸ ਦੇ ਦੇਰੀ ਨਾਲ ਨਾਂ ਵਾਪਸ ਲੈਣ ’ਤੇ ਹੋ ਰਹੀ ਆਲੋਚਨਾ ‘ਬੇਤੁਕੀ’ ਹੈ ਤੇ ਹੋ ਸਕਦਾ ਹੈ ਕਿ ਉਹ ਇਸ ਟੂਰਨਾਮੈਂਟ ’ਚ ਦੁਬਾਰਾ ਨਾ ਖੇਡੇ। ਬੇਲਾਰੂਸ ਦੀ ਸਬਾਲੇਂਕਾ ਤੇ ਉਸ ਸਮੇਂ ਦੁਨੀਆ ਦੀ ਨੰਬਰ 2 ਖਿਡਾਰਨ ਇਗਾ ਸਵਿਯਾਤੇਕ ਨੇ 13 ਫਰਵਰੀ ਨੂੰ ਡਬਲਯੂ. ਟੀ. ਏ. 1000 ਈਵੈਂਟ ਤੋਂ ਨਾਂ ਵਾਪਸ ਲੈ ਲਿਆ ਸੀ, ਜੋ ਟੂਰਨਾਮੈਂਟ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਦੀ ਗੱਲ ਹੈ।
ਟੂਰਨਾਮੈਂਟ ਦੇ ਡਾਇਰੈਕਟਰ ਸਲਾਹ ਤਹਿਲਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਬਾਲੇਂਕਾ ਤੇ ਪੋਲੈਂਡ ਦੀ ਸਵਿਯਾਤੇਕ ਦੇ ਰੈਂਕਿੰਗ ਅੰਕ ਕੱਟ ਲਏ ਜਾਣੇ ਚਾਹੀਦੇ ਹਨ। 4 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਬਾਲੇਂਕਾ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੇ ਖੁਦ ਨੂੰ ਸਭ ਤੋਂ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਇਹ ਦੇਖ ਕੇ ਸੱਚ ’ਚ ਬਹੁਤ ਦੁੱਖ ਹੁੰਦਾ ਹੈ ਕਿ ਟੂਰਨਾਮੈਂਟ ਦੇ ਡਾਇਰੈਕਟਰ ਤੇ ਟੂਰਨਾਮੈਂਟ ਸਾਨੂੰ (ਖਿਡਾਰੀਆਂ ਨੂੰ) ਸੁਰੱਖਿਆ ਨਹੀਂ ਦੇ ਰਹੇ ਹਨ। ਉਨ੍ਹਾਂ ਨੂੰ ਬੱਸ ਆਪਣੀ (ਵਿਕਰੀ), ਆਪਣੇ ਟੂਰਨਾਮੈਂਟ ਦੀ ਪ੍ਰਵਾਹ ਹੈ ਤੇ ਬੱਸ ਇੰਨਾ ਹੀ। ਮੈਨੂੰ ਪੱਕਾ ਨਹੀਂ ਪਤਾ ਕਿ ਉਨ੍ਹਾਂ ਦੇ ਇਸ ਕੁਮੈਂਟ ਤੋਂ ਬਾਅਦ ਮੈਂ ਕਦੇ ਉੱਥੇ ਜਾਣਾ ਚਾਹਾਂਗੀ ਵੀ ਜਾਂ ਨਹੀਂ। ਮੇਰੇ ਲਈ ਇਹ ਬਹੁਤ ਜ਼ਿਆਦਾ ਹੈ।’’
