ਏਸ਼ੀਅਨ ਗੇਮਸ 'ਚ ਕ੍ਰਿਕਟ ਸ਼ਡਿਊਲ ਦਾ ਹੋਇਆ ਐਲਾਨ; 28 ਸਤੰਬਰ ਨੂੰ ਹੋਵੇਗਾ ਟੀਮ ਇੰਡੀਆ ਦਾ ਪਹਿਲਾ ਮੈਚ
Wednesday, Aug 26, 2026 - 11:42 AM (IST)
ਸਪੋਰਟਸ ਡੈਸਕ- ਏਸ਼ੀਅਨ ਗੇਮਜ਼ 2026 ਵਿੱਚ ਕ੍ਰਿਕਟ ਮੁਕਾਬਲਿਆਂ ਦੇ ਸ਼ਡਿਊਲ ਦਾ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਸਾਰਿਆਂ ਦੀਆਂ ਨਜ਼ਰਾਂ ਭਾਰਤ ਦੀਆਂ ਪੁਰਸ਼ (ਮੇਂਸ) ਅਤੇ ਮਹਿਲਾ (ਵੂਮੇਂਸ) ਕ੍ਰਿਕਟ ਟੀਮਾਂ ਦੇ ਪ੍ਰਦਰਸ਼ਨ 'ਤੇ ਟਿਕੀਆਂ ਹੋਣਗੀਆਂ। ਭਾਰਤੀ ਟੀਮ ਨੇ ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਕੇ ਸੋਨ ਤਗਮੇ ਜਿੱਤੇ ਸਨ ਅਤੇ ਉਹ ਇਸ ਵਾਰ ਵੀ ਮੈਡਲ ਜਿੱਤਣ ਦੇ ਵੱਡੇ ਦਾਵੇਦਾਰ ਵਜੋਂ ਮੈਦਾਨ ਵਿੱਚ ਉਤਰਨਗੇ। ਇਸ ਟੂਰਨਾਮੈਂਟ ਦੇ ਸਾਰੇ ਮੁਕਾਬਲੇ ਕੋਰੋਗੀ ਐਥਲੈਟਿਕ ਪਾਰਕ ਵਿੱਚ ਖੇਡੇ ਜਾਣਗੇ।
ਪੁਰਸ਼ ਏਸ਼ੀਅਨ ਗੇਮਜ਼ ਦਾ ਸ਼ਡਿਊਲ
ਪੁਰਸ਼ਾਂ ਦੇ ਵਰਗ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਨੂੰ ਸਿੱਧੀ ਐਂਟਰੀ ਮਿਲੀ ਹੈ, ਜਿਸ ਕਾਰਨ ਇਹ ਸਿੱਧਾ ਕੁਆਰਟਰ ਫਾਈਨਲ ਵਿੱਚ ਖੇਡਣਗੀਆਂ। ਬਾਕੀ ਟੀਮਾਂ ਨੂੰ ਗਰੁੱਪ ਪੜਾਅ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਗਰੁੱਪ A ਵਿੱਚ ਅਫ਼ਗਾਨਿਸਤਾਨ, ਜਾਪਾਨ ਤੇ ਨੇਪਾਲ ਹਨ ਅਤੇ ਗਰੁੱਪ B ਵਿੱਚ ਹਾਂਗਕਾਂਗ (ਚੀਨ), ਮਲੇਸ਼ੀਆ ਤੇ ਓਮਾਨ ਸ਼ਾਮਲ ਹਨ। ਭਾਰਤੀ ਪੁਰਸ਼ ਟੀਮ ਆਪਣਾ ਪਹਿਲਾ ਕੁਆਰਟਰ ਫਾਈਨਲ ਮੈਚ 28 ਸਤੰਬਰ ਨੂੰ ਗਰੁੱਪ A ਵਿੱਚ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਵਿਰੁੱਧ ਖੇਡੇਗੀ। ਪੁਰਸ਼ ਵਰਗ ਦੇ ਸੈਮੀਫਾਈਨਲ 1 ਅਕਤੂਬਰ ਨੂੰ ਅਤੇ ਕਾਂਸੀ ਦੇ ਤਗਮੇ ਤੇ ਫਾਈਨਲ ਦੇ ਰੋਮਾਂਚਕ ਮੁਕਾਬਲੇ 3 ਅਕਤੂਬਰ ਨੂੰ ਖੇਡੇ ਜਾਣਗੇ।
ਮਹਿਲਾ ਏਸ਼ੀਅਨ ਗੇਮਜ਼ ਦਾ ਸ਼ਡਿਊਲ
ਇਸ ਟੂਰਨਾਮੈਂਟ ਵਿੱਚ ਭਾਰਤ, ਜਾਪਾਨ, ਬੰਗਲਾਦੇਸ਼, ਚੀਨ, ਸ਼੍ਰੀਲੰਕਾ, ਮਲੇਸ਼ੀਆ, ਪਾਕਿਸਤਾਨ ਅਤੇ ਥਾਈਲੈਂਡ ਦੀਆਂ ਮਹਿਲਾ ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤੀ ਮਹਿਲਾ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 18 ਸਤੰਬਰ 2026 ਨੂੰ ਜਾਪਾਨ ਵਿਰੁੱਧ ਨਾਕਆਊਟ ਮੈਚ ਖੇਡ ਕੇ ਕਰੇਗੀ। ਮਹਿਲਾ ਵਰਗ ਦੇ ਮੁਕਾਬਲੇ 17 ਸਤੰਬਰ ਨੂੰ ਬੰਗਲਾਦੇਸ਼ ਬਨਾਮ ਚੀਨ ਅਤੇ ਪਾਕਿਸਤਾਨ ਬਨਾਮ ਥਾਈਲੈਂਡ ਦੇ ਮੈਚਾਂ ਨਾਲ ਸ਼ੁਰੂ ਹੋਣਗੇ। ਇਸ ਤੋਂ ਬਾਅਦ ਸੈਮੀਫਾਈਨਲ ਮੁਕਾਬਲੇ 20 ਸਤੰਬਰ ਨੂੰ ਅਤੇ ਕਾਂਸੀ ਦੇ ਤਗਮੇ (ਬ੍ਰੌਂਜ ਮੈਡਲ) ਤੇ ਫਾਈਨਲ ਦੇ ਮੁਕਾਬਲੇ 22 ਸਤੰਬਰ ਨੂੰ ਖੇਡੇ ਜਾਣਗੇ।
