ਕੋਚ ਹਰਿੰਦਰ ਦੀ ਮਹਿਲਾ ਹਾਕੀ ਟੀਮ ਨੂੰ ਸਲਾਹ, ਅਤੀਤ ਨੂੰ ਭੁੱਲ ਕੇ ਭਵਿੱਖ ਬਾਰੇ ਸੋਚੋ

Friday, Aug 16, 2024 - 06:10 PM (IST)

ਕੋਚ ਹਰਿੰਦਰ ਦੀ ਮਹਿਲਾ ਹਾਕੀ ਟੀਮ ਨੂੰ ਸਲਾਹ, ਅਤੀਤ ਨੂੰ ਭੁੱਲ ਕੇ ਭਵਿੱਖ ਬਾਰੇ ਸੋਚੋ

ਨਵੀਂ ਦਿੱਲੀ- ‘ਅਤੀਤ ਨੂੰ ਭੁੱਲ ਕੇ ਭਵਿੱਖ ਦੇ ਬਾਰੇ ਵਿਚ ਸੋਚੋ’, ਲਾਸ ਏਂਜਲਸ ਓਲੰਪਿਕ 2028 ਦੀਆਂ ਤਿਆਰੀਆਂ ਵਿਚ ਰੁੱਝੇ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਆਪਣੀ ਟੀਮ ਨੂੰ ਇਹ ਹੀ ਸਲਾਹ ਦਿੱਤੀ ਹੈ। ਟੋਕੀਓ ਓਲੰਪਿਕ ਵਿਚ ਚੌਥੇ ਸਥਾਨ ’ਤੇ ਰਹਿਣ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਪੈਰਿਸ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ ਜਿੱਥੇ ਪੁਰਸ਼ ਟੀਮ ਨੇ ਲਗਾਤਾਰ ਦੂਜਾ ਕਾਂਸੀ ਤਮਗਾ ਜਿੱਤਿਆ। ਹਰਿੰਦਰ ਨੇ ਕਿਹਾ, ‘‘ਜਦੋਂ ਮੈਂ ਇਸ ਟੀਮ ਦੇ ਨਾਲ ਫਿਰ ਤੋਂ ਜੁੜਿਆ ਤਾਂ ਅਸੀਂ ਇਸ ’ਤੇ ਵਿਸਥਾਰਪੂਰਵਕ ਗੱਲ ਕੀਤੀ। ਮੈਂ ਹਮੇਸ਼ਾ ਹਾਂ-ਪੱਖੀ ਚੀਜ਼ਾਂ ਦੇਖਦਾ ਹਾਂ ਤੇ ਮੇਰਾ ਮੰਨਣਾ ਹੈ ਕਿ ਉਨ੍ਹਾਂ ਲਈ ਕੁਝ ਬਿਹਤਰ ਹੋਣਾ ਭਵਿੱਖ ਦੇ ਗਰਭ ਵਿਚ ਛੁਪਿਆ ਹੈ। ਉਸ ਨੇ ਕਿਹਾ ਕਿ ਲੜਕੀਆਂ ਟੁੱਟੀਆਂ ਹੋਈਆਂ ਸਨ ਤੇ ਪੂਰੇ ਦੇਸ਼ ਉਨ੍ਹਾਂ ਦੇ ਓਲੰਪਿਕ ਵਿਚ ਨਾ ਖੇਡ ਸਕਣ ਤੋਂ ਦੁਖੀ ਸੀ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਵੱਡਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। 
ਇਸ ਸਾਲ ਅਪ੍ਰੈਲ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਬਣਨ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਵਿਚ ਉਸ ਨੇ ਕਿਹਾ, ‘ਮੈਂ ਉਨ੍ਹਾਂ ਨੂੰ ਕਿਹਾ ਕਿ ਅਤੀਤ ਨੂੰ ਭੁੱਲ ਜਾਓ ਤੇ ਭਵਿੱਖ ਦੇ ਬਾਰੇ ਵਿਚ ਸੋਚੋ। ਮੈਂ ਇਸ ਮਿਸ਼ਨ ਨੂੰ ‘ਰੋਡ ਟੂ ਐੱਲ. ਏ. 2028’ ਨਾਂ ਦਿੱਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਫਰ ਖੂਬਸੂਰਤ ਹੋਵੇਗਾ। ਇਸ ਤੋਂ ਪਹਿਲਾਂ 2017-18 ਵਿਚ ਭਾਰਤੀ ਟੀਮ ਦੇ ਮੁੱਖ ਕੋਚ ਰਹੇ ਹਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 2028 ਲਾਸ ਏਂਜਲਸ ਓਲੰਪਿਕ ਹੈ।
ਉਸ ਨੇ ਕਿਹਾ,‘‘ਭਾਰਤ ਨੇ ਹਾਕੀ ਵਿਚ ਪਹਿਲਾ ਓਲੰਪਿਕ ਤਮਗਾ 1928 ਵਿਚ ਲਾਸ ਏਜਲਸ ਵਿਚ ਹੀ ਜਿੱਤਿਆ ਸੀ ਜਦੋਂ ਧਿਆਨ ਚੰਦ ਉਸ ਟੀਮ ਦਾ ਹਿੱਸਾ ਸੀ। ਇਸ ਤੋਂ ਬਿਹਤਰ ਕੀ ਹੋਵੇਗਾ ਕਿ ਅਸੀਂ 100 ਸਾਲ ਬਾਅਦ ਉਸੇ ਸਥਾਨ ’ਤੇ ਓਲੰਪਿਕ ਤਮਗੇ ਜਿੱਤੇ।’’ ਇਹ ਪੁੱਛਣ ’ਤੇ ਕਿ ਉਹ ਟੀਮ ਵਿਚ ਕੀ ਬਦਲਾਅ ਲਿਆਉਣਾ ਚਾਹੁੰਦੇ ਹਨ ਤਾਂ ਉਸ ਨੇ ਕਿਹਾ,‘‘ਪਿਛਲੇ ਚਾਰ ਸਾਲਾਂ ਵਿਚ ਜੋ ਚੰਗਾ ਕੰਮ ਹੋਇਆ ਹੈ, ਮੈਂ ਉਸ ਨੂੰ ਨਹੀਂ ਬਦਲਾਂਗਾ। ਇਸ ਤੋਂ ਬਾਅਦ ਇਕ-ਇਕ ਕਰਕੇ ਦੇਖਾਂਗੇ ਕਿ ਕਿੱਥੇ ਗਲਤੀਆਂ ਹੋਈਆਂ ਹਨ। ਮੈਂ ਖਿਡਾਰਨਾਂ ਨੂੰ ਕਿਹਾ ਕਿ ਪ੍ਰੋ ਲੀਗ ਗਵਿਚ ਚੰਗੇ ਨਤੀਜੇ ਨਹੀਂ ਮਿਲ ਸਕਦੇ ਹਨ ਕਿਉਂਕਿ ਅਸੀਂ ਐੱਲ. ਏ. 2028 ਦੀ ਨੀਂਹ ਤਿਆਰ ਕਰਨੀ ਹੈ।’’


author

Aarti dhillon

Content Editor

Related News