ਚੰਗੀ ਮੁਕਾਬਲੇਬਾਜ਼ੀ ਬਰਕਰਾਰ ਰੱਖਦੇ ਹੋਏ ਜੈਵਲਿਨ ਨੂੰ ਪ੍ਰਸਿੱਧ ਬਣਾਉਣਾ ਚਾਹੁੰਦੇ ਨੇ ਚੋਪੜਾ ਤੇ ਨਦੀਮ

Sunday, Aug 11, 2024 - 02:59 PM (IST)

ਪੈਰਿਸ, (ਭਾਸ਼ਾ)– ਜੈਵਲਿਨ ਥ੍ਰੋਅ ਦੇ ਸੁਪਰ ਸਟਾਰ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਮੈਦਾਨ ’ਤੇ ਆਪਣੀ ਚੰਗੀ ਮੁਕਾਬਲੇਬਾਜ਼ੀ ਤੇ ਮੈਦਾਨ ਦੇ ਬਾਹਰ ਪੱਕੀ ਦੋਸਤੀ ਨਾਲ ਭਾਰਤ ਤੇ ਪਾਕਿਸਤਾਨ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਤੇ ਇਸ ਖੇਡ ਨਾਲ ਜੋੜਨ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਤਿਆਰ ਹਨ। ਨਦੀਮ ਨੇ ਪੈਰਿਸ ਓਲੰਪਿਕ ਦੀ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ 92.97 ਮੀਟਰ ਦੀ ਸ਼ਾਨਦਾਰ ਥ੍ਰੋਅ ਨਾਲ ਓਲੰਪਿਕ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ ਜਦਕਿ ਆਪਣੇ ਖਿਤਾਬ ਦਾ ਬਚਾਅ ਕਰ ਰਹੇ ਚੋਪੜਾ ਨੇ 89.45 ਮੀਟਰ ਦੀ ਸੈਸ਼ਨ ਦੀ ਸਰਵਸ੍ਰੇਸ਼ਠ ਕੋਸ਼ਿਸ਼ ਨਾਲ ਚਾਂਦੀ ਤਮਗਾ ਜਿੱਤਿਆ।

ਚੋਪੜਾ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਦੋਵਾਂ ਦੀ ਸਫਲਤਾ ਨਾਲ ਭਾਰਤ ਤੇ ਪਾਕਿਸਤਾਨ ਦੋਵਾਂ ਵਿਚਾਲੇ ਐਥਲੈਟਿਕਸ ਪ੍ਰਸਿੱਧੀ ਹੋਵੇਗੀ ਤਾਂ ਉਸ ਨੇ ਕਿਹਾ, ‘‘ਇਹ ਪਹਿਲਾਂ ਤੋਂ ਹੀ ਵੱਧ ਚੁੱਕੀ ਹੈ। ਅਸੀਂ ਪਹਿਲਾਂ ਤੋਂ ਹੀ ਭਾਰਤ ਵਿਚ ਜ਼ਿਆਦਾਤਰ ਪ੍ਰਤਿਭਾਸ਼ਾਲੀ ਜੈਵਲਿਨ ਥ੍ਰੋਅਰ ਦੇਖ ਰਹੇ ਹਾਂ। ਪਾਕਿਸਤਾਨ ਵਿਚ ਵੀ ਇਹ ਹੀ ਹੋ ਰਿਹਾ ਹੈ।’’ਚੋਪੜਾ ਨੇ ਕਿਹਾ,‘‘ਜਦੋਂ ਅਸੀਂ ਏਸ਼ੀਆਈ ਖੇਡਾਂ ਵਿਚ ਗਏ ਤਾਂ ਅਰਸ਼ਦ ਗੋਡੇ ਦੀ ਸੱਟ ਕਾਰਨ ਮੁਕਾਬਲੇਬਾਜ਼ੀ ਨਹੀਂ ਕਰ ਸਕਿਆ ਸੀ ਤਾਂ ਉਸਦੀ ਜਗ੍ਹਾ ਖੇਡਣ ਆਏ ਯਾਸਿਰ ਸੁਲਤਾਨ ਨੇ ਬਹੁਤ ਚੰਗੀ ਥ੍ਰੋ ਕੀਤੀ। ਅਰਸ਼ਦ ਦਾ ਤਮਗਾ ਹੋਰ ਜ਼ਿਆਦਾ ਬੱਚਿਆਂ ਨੂੰ ਉਤਸ਼ਾਹਿਤ ਕਰੇਗਾ ਜਿਹੜਾ ਬਹੁਤ ਵਧੀਆ ਹੈ।’’

ਚੋਪੜਾ ਪਿਛਲੇ ਸਾਲ ਚੀਨ ਦੇ ਹਾਂਗਝੋਊ ਵਿਚ ਹੋਏ ਏਸ਼ੀਆਡ ਦਾ ਜ਼ਿਕਰ ਕਰ ਰਿਹਾ ਸੀ, ਜਿਸ ਵਿਚ ਉਸ ਨੇ ਸੋਨ ਤਮਗਾ ਜਿੱਤਿਆ ਸੀ। ਇਹ ਪੁੱਛਣ ’ਤੇ ਕਿ ਕੀ ਭਾਰਤ-ਪਾਕਿਸਤਾਨ ਵਿਰੋਧਤਾ ਕ੍ਰਿਕਟ ਤੋਂ ਹਟ ਕੇ ਜੈਵਲਿਨ ਸੁੱਟਣ ਵਿਚ ਬਦਲ ਜਾਵੇਗੀ ਤਾਂ ਇਸ ’ਤੇ ਚੋਪੜਾ ਨੇ ਕਿਹਾ, ‘‘ਇਹ ਤਦ ਸੰਭਵ ਹੋਵੇਗਾ ਜਦੋਂ ਸਾਡੇ ਕੋਲ ਕ੍ਰਿਕਟ ਦੀ ਤਰ੍ਹਾਂ ਮੁਕਾਬਲੇਬਾਜ਼ ਹੋਣਗੇ। ਸਾਡੇ ਕੋਲ ਦੋ ਵੱਡੀਆਂ ਪ੍ਰਤੀਯੋਗਿਤਾਵਾਂ ਹਨ। ਚਾਰ ਸਾਲ ਵਿਚ ਓਲੰਪਿਕ ਤੇ ਦੋ ਸਾਲ ਵਿਚ ਵਿਸ਼ਵ ਚੈਂਪੀਅਨਸ਼ਿਪ।’’ਪਾਨੀਪਤ ਕੋਲ ਖੰਡਰਾ ਪਿੰਡ ਦੇ 26 ਸਾਲਾ ਚੋਪੜਾ ਨੇ ਕਿਹਾ, ‘‘ਜੇਕਰ ਜ਼ਿਆਦਾ ਮੁਕਾਬਲੇ ਹੁੰਦੇ ਹਨ ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਦੇਖਣਗੇ ਜਿਵੇਂ ਡਾਇਮੰਡ ਲੀਗ ਤੇ ਕੁਝ ਹੋਰ ਮੁਕਾਬਲਿਆਂ ਨੂੰ ਦੇਖਦੇ ਹਨ।’’

27 ਸਾਲਾ ਨਦੀਮ ਨੇ ਕਿਹਾ,‘‘ਮੈਂ ਬਹੁਤ ਖੁਸ਼ ਹਾਂ। ਹਿੱਸਾ ਲੈਣ ਵਾਲੇ ਸੈਂਕੜਿਆਂ ਦੇਸ਼ਾਂ ਵਿਚੋਂ ਪਾਕਿਸਤਾਨ ਤੇ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਨੀਰਜ ਨੇ ਬੁਡਾਪੇਸਟ ਵਿਚ (2023) ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿਤਿਆ ਤੇ ਇਹ ਮੇਰੇ ਲਈ ਇਕ ਸੁਨਹਿਰਾ ਪਲ ਹੈ।’’ ਨਦੀਮ ਨੇ ਕਿਹਾ,‘‘ਸਾਡੀ ਦੋਸਤੀ ਬਹੁਤ ਮਜ਼ਬੂਤ ਹੈ ਤੇ ਮੈਂ ਚਾਹੁੰਦਾ ਹਾਂ ਕਿ ਇਹ ਲੰਬੇ ਸਮੇਂ ਤੱਕ ਜਾਰੀ ਰਹੇ।’’ ਇਹ ਪੁੱਛਣ ’ਤੇ ਕਿ ਉਸ ਨੇ ਸੋਨ ਤਮਗੇ ਵਾਲੀ ਓਲੰਪਿਕ ਰਿਕਾਰਡ ਥ੍ਰੋਅ ਦੀ ਕਲਿੱਪ ਕਿੰਨੀ ਵਾਰ ਦੇਖੀ ਹੈ ਤਾਂ ਉਸ ਨੇ ਕਿਹਾ, ‘‘ਮੈਂ ਇਸ ਨੂੰ ਕਈ ਵਾਰ ਦੇਖਿਆ ਤੇ ਮੈਨੂੰ ਲੱਗਦਾ ਹੈ ਕਿ ਮੈਂ ਇਸ ਤੋਂ ਵੀ ਬਿਹਤਰ ਕਰ ਸਕਦਾ ਹਾਂ। ਮੈਨੂੰ ਉਮੀਦ ਹੈ ਕਿ ਇਕ ਦਿਨ ਮੈਂ ਆਪਣੀ ਇਸ ਸਮਰੱਥਾ ਦਾ ਪ੍ਰਦਰਸ਼ਨ ਕਰ ਸਕਾਂਗਾ।’’


Tarsem Singh

Content Editor

Related News