CAS ਨੇ ਇਕ ਵਾਰ ਫ਼ਿਰ ਟਾਲਿਆ ਵਿਨੇਸ਼ ਦੇ ਸਿਲਵਰ ਮੈਡਲ ''ਤੇ ਫ਼ੈਸਲਾ, ਆਖ਼ਿਰ ਕਦੋਂ ਖ਼ਤਮ ਹੋਵੇਗਾ ਇੰਤਜ਼ਾਰ ?
Wednesday, Aug 14, 2024 - 04:15 AM (IST)
ਸਪੋਰਟਸ ਡੈਸਕ- ਕੋਰਟ ਆਫ਼ ਆਰਬਿਟ੍ਰੇਸ਼ਨ ਫਾਰ ਸਪੋਰਟਸ ਨੇ ਇਕ ਵਾਰ ਫ਼ਿਰ ਤੋਂ ਵਿਨੇਸ਼ ਫੋਗਾਟ ਨੂੰ ਸਿਲਵਰ ਮੈਡਲ ਦੇਣ ਦੇ ਫ਼ੈਸਲੇ ਨੂੰ ਟਾਲ ਦਿੱਤਾ ਹੈ। ਇਸ ਤੋਂ ਪਹਿਲਾਂ ਸਪੋਰਟਸ ਕੋਰਟ ਨੇ ਇਸ ਮਾਮਲੇ ਦਾ ਫ਼ੈਸਲਾ 9 ਅਗਸਤ ਨੂੰ ਸੁਣਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਟਾਲ ਕੇ 13 ਅਗਸਤ ਕਰ ਦਿੱਤਾ ਗਿਆ ਸੀ।
ਹੁਣ ਇਕ ਵਾਰ ਫ਼ਿਰ ਐਨ ਫ਼ੈਸਲੇ ਦੀ ਘੜੀ 'ਤੇ ਆ ਕੇ ਕੋਰਟ ਨੇ ਮੁੜ ਆਪਣਾ ਫ਼ੈਸਲਾ ਟਾਲ ਦਿੱਤਾ ਹੈ। ਹੁਣ ਇਹ ਫ਼ੈਸਲਾ ਆਜ਼ਾਦੀ ਦਿਵਸ ਤੋਂ ਅਗਲੇ ਦਿਨ, ਭਾਵ 16 ਅਗਸਤ ਰਾਤ 9.30 ਵਜੇ ਸੁਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿੱਲੋਗ੍ਰਾਮ ਭਾਰ ਵਰਗ ਤੋਂ 100 ਗ੍ਰਾਮ ਭਾਰ ਵੱਧ ਹੋਣ ਕਾਰਨ ਫਾਈਨਲ ਮੁਕਾਬਲਾ ਖੇਡਣ ਤੋਂ ਪਹਿਲਾਂ ਹੀ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ। ਇਸ ਫ਼ੈਸਲੇ ਤੋਂ ਦੁਖ਼ੀ ਹੋ ਕੇ ਉਸ ਨੇ ਖੇਡ ਤੋਂ ਸੰਨਿਆਸ ਲੈਣ ਦਾ ਵੀ ਐਲਾਨ ਕਰ ਦਿੱਤਾ ਸੀ।
ਇਸ ਫ਼ੈਸਲੇ ਤੋਂ ਦੁਖੀ ਵਿਨੇਸ਼ ਨੇ ਸਪੋਰਟਸ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਨੂੰ ਸਾਂਝੇ ਤੌਰ 'ਤੇ ਸਿਲਵਰ ਮੈਡਲ ਦਿੱਤਾ ਜਾਵੇ, ਜਿਸ ਨੂੰ ਅਦਾਲਤ ਵੱਲੋਂ ਸਵੀਕਾਰ ਕਰ ਲਿਆ ਗਿਆ ਸੀ ਤੇ ਇਸ ਮਾਮਲੇ ਦੀ ਸੁਣਵਾਈ ਵੀ 9 ਅਗਸਤ ਨੂੰ ਪੂਰੀ ਹੋ ਗਈ ਸੀ। ਹੁਣ ਬਸ ਇਸ ਮਾਮਲੇ ਦਾ ਫ਼ੈਸਲਾ ਆਉਣਾ ਬਾਕੀ ਹੈ।
ਇਸ ਮਾਮਲੇ ਦਾ ਫ਼ੈਸਲਾ ਵੀ ਪਹਿਲਾਂ 9 ਅਗਸਤ ਨੂੰ ਰਾਤ 9.30 ਵਜੇ ਆਉਣਾ ਤੈਅ ਕੀਤਾ ਗਿਆ ਸੀ, ਪਰ ਉਸ ਸਮੇਂ ਇਹ ਫ਼ੈਸਲਾ ਟਾਲ ਕੇ 13 ਅਗਸਤ ਨੂੰ ਕਰ ਦਿੱਤਾ ਗਿਆ ਸੀ। ਪਰ ਅੱਜ ਇਕ ਵਾਰ ਫ਼ਿਰ ਤੋਂ ਐਨ ਮੌਕੇ 'ਤੇ ਆ ਕੇ ਕੋਰਟ ਨੇ ਇਹ ਫ਼ੈਸਲਾ ਹੁਣ 16 ਅਗਸਤ ਰਾਤ 9.30 ਵਜੇ ਐਲਾਨ ਦਾ ਸਮਾਂ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e