IPL 2026 ਕੁਆਲੀਫਾਇਰ 1 'ਚ GT ਦੀ ਹਾਰ ਲਈ ਕਪਤਾਨ ਗਿੱਲ ਨੇ ਖਰਾਬ ਫੀਲਡਿੰਗ ਨੂੰ ਦੱਸਿਆ ਜ਼ਿੰਮੇਵਾਰ

Wednesday, May 27, 2026 - 03:45 PM (IST)

IPL 2026 ਕੁਆਲੀਫਾਇਰ 1 'ਚ GT ਦੀ ਹਾਰ ਲਈ ਕਪਤਾਨ ਗਿੱਲ ਨੇ ਖਰਾਬ ਫੀਲਡਿੰਗ ਨੂੰ ਦੱਸਿਆ ਜ਼ਿੰਮੇਵਾਰ

ਧਰਮਸ਼ਾਲਾ : ਆਈਪੀਐਲ 2026 ਦੇ ਪਹਿਲੇ ਕੁਆਲੀਫਾਇਰ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਹੱਥੋਂ 92 ਦੌੜਾਂ ਦੀ ਵੱਡੀ ਹਾਰ ਤੋਂ ਬਾਅਦ ਗੁਜਰਾਤ ਟਾਈਟਨਸ (GT) ਦੇ ਕਪਤਾਨ ਸ਼ੁਭਮਨ ਗਿੱਲ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਦੀ ਗਰਾਊਂਡ ਫੀਲਡਿੰਗ ਉਮੀਦਾਂ ਦੇ ਮੁਤਾਬਕ ਨਹੀਂ ਸੀ। ਗੁਜਰਾਤ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਤਿੰਨ ਕੈਚ ਛੱਡੇ ਅਤੇ ਰਨ ਆਊਟ ਕਰਨ ਦਾ ਇੱਕ ਅਹਿਮ ਮੌਕਾ ਵੀ ਗੁਆ ਦਿੱਤਾ।

ਰਜਤ ਪਾਟੀਦਾਰ ਨੂੰ ਜੀਵਨਦਾਨ ਪਿਆ ਭਾਰੀ 
ਮੈਚ ਦਾ ਸਭ ਤੋਂ ਨਿਰਣਾਇਕ ਮੋੜ 14ਵੇਂ ਓਵਰ ਵਿੱਚ ਆਇਆ ਜਦੋਂ ਕਾਗਿਸੋ ਰਬਾਡਾ ਨੇ ਰਜਤ ਪਾਟੀਦਾਰ ਦਾ ਕੈਚ ਛੱਡ ਦਿੱਤਾ, ਜਦੋਂ ਉਹ ਸਿਰਫ਼ 21 ਦੌੜਾਂ 'ਤੇ ਖੇਡ ਰਹੇ ਸਨ।  ਇਸ ਜੀਵਨਦਾਨ ਦਾ ਫਾਇਦਾ ਉਠਾਉਂਦਿਆਂ ਪਾਟੀਦਾਰ ਨੇ 33 ਗੇਂਦਾਂ ਵਿੱਚ ਨਾਬਾਦ 93 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। 14ਵੇਂ ਓਵਰ ਦੀ ਸਮਾਪਤੀ 'ਤੇ ਆਰਸੀਬੀ ਦਾ ਸਕੋਰ 3 ਵਿਕਟਾਂ 'ਤੇ 140 ਦੌੜਾਂ ਸੀ, ਪਰ ਪਾਟੀਦਾਰ ਦੇ ਹਮਲੇ ਕਾਰਨ ਉਨ੍ਹਾਂ ਨੇ ਆਖਰੀ ਛੇ ਓਵਰਾਂ ਵਿੱਚ 114 ਦੌੜਾਂ ਬਟੋਰ ਲਈਆਂ।

ਬੱਲੇਬਾਜ਼ੀ ਵਿੱਚ ਵੀ ਗੁਜਰਾਤ ਰਹੀ ਫਾਡੀ 
ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਦੀ ਸ਼ੁਰੂਆਤ ਬਹੁਤ ਨਿਰਾਸ਼ਾਜਨਕ ਰਹੀ ਅਤੇ ਪਾਵਰਪਲੇਅ ਵਿੱਚ ਹੀ ਉਨ੍ਹਾਂ ਦੇ ਪੰਜ ਖਿਡਾਰੀ ਸਿਰਫ਼ 51 ਦੌੜਾਂ 'ਤੇ ਪਵੇਲੀਅਨ ਪਰਤ ਗਏ। ਇੱਕ ਸਮੇਂ ਟੀਮ 88 ਦੌੜਾਂ 'ਤੇ 8 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ, ਪਰ ਰਾਹੁਲ ਤੇਵਤੀਆ ਦੇ ਅਰਧ ਸੈਂਕੜੇ ਦੀ ਮਦਦ ਨਾਲ ਟੀਮ 162 ਦੌੜਾਂ ਤੱਕ ਪਹੁੰਚਣ ਵਿੱਚ ਸਫਲ ਰਹੀ। ਕਪਤਾਨ ਗਿੱਲ ਅਨੁਸਾਰ, ਦਬਾਅ ਵਾਲੀਆਂ ਸਥਿਤੀਆਂ ਵਿੱਚ ਟੀਮ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਧਰਮਸ਼ਾਲਾ ਦੀ ਤੇਜ਼ ਆਊਟਫੀਲਡ ਅਤੇ ਵਿਕਟ ਦੇ ਵਿਵਹਾਰ ਨੂੰ ਦੇਖਦਿਆਂ, ਜੇਕਰ ਪਾਵਰਪਲੇਅ ਵਿੱਚ ਬਿਹਤਰ ਪ੍ਰਦਰਸ਼ਨ ਹੁੰਦਾ ਤਾਂ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਸੀ।

ਗੁਜਰਾਤ ਕੋਲ ਅਜੇ ਵੀ ਹੈ ਫਾਈਨਲ ਦਾ ਮੌਕਾ 
ਇਸ ਹਾਰ ਦੇ ਬਾਵਜੂਦ ਗੁਜਰਾਤ ਟਾਈਟਨਸ ਟੂਰਨਾਮੈਂਟ ਤੋਂ ਬਾਹਰ ਨਹੀਂ ਹੋਈ ਹੈ। ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਉਨ੍ਹਾਂ ਕੋਲ 29 ਮਈ ਨੂੰ ਨਿਊ ਚੰਡੀਗੜ੍ਹ ਵਿਖੇ ਹੋਣ ਵਾਲੇ ਕੁਆਲੀਫਾਇਰ 2 ਵਿੱਚ ਇੱਕ ਹੋਰ ਮੌਕਾ ਹੋਵੇਗਾ। ਉੱਥੇ ਉਨ੍ਹਾਂ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡੇ ਜਾਣ ਵਾਲੇ ਐਲੀਮੀਨੇਟਰ ਮੁਕਾਬਲੇ ਦੀ ਜੇਤੂ ਟੀਮ ਨਾਲ ਹੋਵੇਗਾ।


author

Tarsem Singh

Content Editor

Related News