T20 ਵਿਸ਼ਵ ਕੱਪ : ICC ਨੇ ਪਾਕਿਸਤਾਨ ਨੂੰ ਸੁਣਾ'ਤਾ 'ਫਾਈਨਲ ਅਲਟੀਮੇਟਮ'!
Tuesday, Feb 03, 2026 - 09:31 PM (IST)
ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2026 ਦੇ ਸਭ ਤੋਂ ਵੱਡੇ ਮੁਕਾਬਲੇ ਨੂੰ ਲੈ ਕੇ ਸਿਆਸੀ ਤਣਾਅ ਸਿਖਰਾਂ 'ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ 15 ਫਰਵਰੀ ਨੂੰ ਭਾਰਤ ਵਿਰੁੱਧ ਹੋਣ ਵਾਲੇ ਮੈਚ ਦੇ ਬਾਈਕਾਟ ਦੀ ਸਥਿਤੀ ਵਿੱਚ 'ਫਾਈਨਲ ਅਲਟੀਮੇਟਮ' ਜਾਰੀ ਕਰ ਦਿੱਤਾ ਹੈ। ਸੂਤਰਾਂ ਅਨੁਸਾਰ, ਜੇਕਰ ਪਾਕਿਸਤਾਨ ਇਸ ਮੈਚ ਵਿੱਚ ਨਹੀਂ ਖੇਡਦਾ, ਤਾਂ ਉਸ ਨੂੰ ਨਾ ਸਿਰਫ਼ ਆਰਥਿਕ ਬਲਕਿ ਕਾਨੂੰਨੀ ਤੌਰ 'ਤੇ ਵੀ ਭਾਰੀ ਕੀਮਤ ਚੁਕਾਉਣੀ ਪਵੇਗੀ।
ICC ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਮੈਚ ਦਾ ਬਾਈਕਾਟ ਕਰਨ 'ਤੇ ਅਧਿਕਾਰਤ ਬ੍ਰੌਡਕਾਸਟਰ ਜਿਓਸਟਾਰ ਵੱਲੋਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ICC ਪਾਕਿਸਤਾਨ ਦੇ ਸਾਲਾਨਾ ਮਾਲੀਏ ਦਾ ਹਿੱਸਾ ਰੋਕ ਸਕਦਾ ਹੈ, ਜੋ ਕਿ ਲਗਭਗ 35 ਮਿਲੀਅਨ ਅਮਰੀਕੀ ਡਾਲਰ ਬਣਦਾ ਹੈ। ਇਹ ਰਕਮ ਰੋਕ ਕੇ ਬ੍ਰੌਡਕਾਸਟਰ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ ਸਵਾਗਤ
ਹਾਲਾਂਕਿ ਪਾਕਿਸਤਾਨ ਸਰਕਾਰ ਨੇ ਆਪਣੀ ਟੀਮ ਨੂੰ ਭਾਰਤ ਵਿਰੁੱਧ ਨਾ ਖੇਡਣ ਦੇ ਨਿਰਦੇਸ਼ ਦਿੱਤੇ ਹਨ ਪਰ ਖੇਡ ਮਾਹਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਤਰਕਹੀਣ ਹੈ। ਪਾਕਿਸਤਾਨ ਆਪਣੇ ਸਾਰੇ ਮੈਚ ਆਪਣੀ ਮੰਗ ਅਨੁਸਾਰ ਨਿਊਟਰਲ ਵੇਨਿਊ (ਸ਼੍ਰੀਲੰਕਾ) ਵਿੱਚ ਖੇਡ ਰਿਹਾ ਹੈ। ਭਾਰਤੀ ਸਰਕਾਰ ਨੇ ਭਾਵੇਂ ਆਪਣੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਉਸ ਨੇ ਕਦੇ ਵੀ ਨਿਊਟਰਲ ਵੇਨਿਊ 'ਤੇ ਪਾਕਿਸਤਾਨ ਵਿਰੁੱਧ ਖੇਡਣ ਤੋਂ ਮਨਾਂ ਨਹੀਂ ਕੀਤਾ। ਅਜਿਹੇ ਵਿੱਚ ਪਾਕਿਸਤਾਨ ਦੇ ਇਨਕਾਰ ਨਾਲ PCB ਦੇ ਪੂਰੀ ਤਰ੍ਹਾਂ ਤਬਾਹ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਕੁਝ ਸੂਤਰਾਂ ਦਾ ਮੰਨਣਾ ਹੈ ਕਿ PCB ਚੇਅਰਮੈਨ ਮੋਹਸਿਨ ਨਕਵੀ, ਜੋ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ, ਇਸ ਮੁੱਦੇ 'ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ 12 ਫਰਵਰੀ ਨੂੰ ਬੰਗਲਾਦੇਸ਼ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਪਾਕਿਸਤਾਨ ਆਪਣੇ ਫੈਸਲੇ 'ਤੇ 'ਯੂ-ਟਰਨ' ਲੈ ਸਕਦਾ ਹੈ ਕਿਉਂਕਿ 15 ਫਰਵਰੀ ਦੇ ਮੈਚ ਤੋਂ ਪਹਿਲਾਂ ਕੁਝ ਸਮਾਂ ਬਾਕੀ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਪਾਕਿਸਤਾਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਸਕਦਾ ਹੈ।
ਇਹ ਵੀ ਪੜ੍ਹੋ- ਟੈਸਟ ਕ੍ਰਿਕਟ ਦੇ ਨਿਯਮਾਂ 'ਚ ਹੋਇਆ ਇਤਿਹਾਸਕ ਬਦਲਾਅ
