ਜਰਮਨੀ ਵਿਰੁੱਧ ਦੋ-ਪੱਖੀ ਸੀਰੀਜ਼ ਦਿੱਲੀ ’ਚ ਹਾਕੀ ਦੀ ਭਾਵਨਾ ਨੂੰ ਦੁਬਾਰਾ ਜਿਊਂਦਾ ਕਰੇਗੀ : ਹਰਮਨਪ੍ਰੀਤ ਸਿੰਘ
Thursday, Sep 26, 2024 - 11:00 AM (IST)
![ਜਰਮਨੀ ਵਿਰੁੱਧ ਦੋ-ਪੱਖੀ ਸੀਰੀਜ਼ ਦਿੱਲੀ ’ਚ ਹਾਕੀ ਦੀ ਭਾਵਨਾ ਨੂੰ ਦੁਬਾਰਾ ਜਿਊਂਦਾ ਕਰੇਗੀ : ਹਰਮਨਪ੍ਰੀਤ ਸਿੰਘ](https://static.jagbani.com/multimedia/2024_9image_11_00_347331453harman.jpg)
ਨਵੀਂ ਦਿੱਲੀ– ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਰਮਨੀ ਵਿਰੁੱਧ 2 ਮੈਚਾਂ ਦੀ ਦੋ-ਪੱਖੀ ਸੀਰੀਜ਼ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ 23 ਤੇ 24 ਅਕਤੂਬਰ ਨੂੰ ਹੋਣ ਵਾਲੇ ਮੈਚ ਨਾਲ ਉਸਦੀ ਟੀਮ ਨੂੰ ਖੁਦ ਨੂੰ ਪਰਖਣ ਦਾ ਮੌਕਾ ਮਿਲੇਗਾ ਤੇ ਇਸ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦੇ ਲੋਕਾਂ ਵਿਚ ਇਸ ਖੇਡ ਦੇ ਪ੍ਰਤੀ ਭਾਵਨਾ ਨੂੰ ਦੁਬਾਰਾ ਜਿਊਂਦਾ ਕਰਨ ਵਿਚ ਮਦਦ ਮਿਲੇਗੀ। ਇਹ ਦੋਵੇਂ ਮੈਚ ਮੇਜਰ ਧਿਆਨਚੰਦ ਸਟੇਡੀਅਮ ਵਿਚ ਖੇਡੇ ਜਾਣਗੇ। ਇਸ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਇਕ ਦਹਾਕੇ ਤੋਂ ਬਾਅਦ ਪੁਰਸ਼ਾਂ ਦੀ ਕੌਮਾਂਤਰੀ ਹਾਕੀ ਦੀ ਵਾਪਸੀ ਹੋਵੇਗੀ। ਇਸ ਤੋਂ ਪਹਿਲਾਂ ਇੱਥੇ ਆਖਰੀ ਵਾਰ 2014 ਵਿਚ ਹਾਕੀ ਵਰਲਡ ਲੀਗ ਦੇ ਮੈਚ ਖੇਡੇ ਗਏ ਸਨ।
ਹਰਮਨਪ੍ਰੀਤ ਨੇ ਕਿਹਾ,‘‘ਇਹ ਲੜੀ ਦੋ ਟੀਮਾਂ ਵਿਚਾਲੇ ਆਪਸ ਵਿਚ ਖੇਡਣ ਨੂੰ ਲੈ ਕੇ ਸੀਮਤ ਨਹੀਂ ਹੈ। ਇਸ ਨਾਲ ਦਿੱਲੀ ਵਿਚ ਹਾਕੀ ਦੀ ਭਾਵਨਾ ਨੂੰ ਦੁਬਾਰਾ ਜਿਊਂਦਾ ਕਰਨ ਵਿਚ ਮਦਦ ਮਿਲੇਗੀ। ਸਾਨੂੰ ਉਮੀਦ ਹੈ ਕਿ ਇਹ ਲੜੀ ਇਸ ਖੇਤਰ ਦੇ ਨੌਜਵਾਨ ਖਿਡਾਰੀਆਂ ਨੂੰ ਇਸ ਖੇਡ ਨਾਲ ਜੁੜਨ ਲਈ ਉਤਸ਼ਾਹਿਤ ਕਰੇਗੀ। ਇੰਨੇ ਸਾਲਾਂ ਬਾਅਦ ਦਿੱਲੀ ਵਿਚ ਘਰੇਲੂ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣਾ ਇਕ ਟੀਮ ਦੇ ਰੂਪ ਵਿਚ ਸਾਡੇ ਲਈ ਅਸਲ ਵਿਚ ਵਿਸ਼ੇਸ਼ ਹੈ। ਮੇਜਰ ਧਿਆਨਚੰਦ ਸਟੇਡੀਅਮ ਵਿਚ ਬਹੁਤ ਸਾਰਾ ਇਤਿਹਾਸ ਤੇ ਯਾਦਾਂ ਜੁੜੀਆਂ ਹਨ ਤੇ ਇੱਥੇ ਟੀਮ ਦੀ ਅਗਵਾਈ ਕਰਨਾ ਵੱਡਾ ਸਨਮਾਨ ਹੋਵੇਗਾ।’’