ਨਹੀਂ ਦਸ ਸਕਦਾ ਕਿ ਕਦੋਂ ਫਿੱਟ ਹੋ ਕੇ ਵਾਪਸੀ ਕਰਾਂਗਾ : ਭੁਵਨੇਸ਼ਵਰ

12/29/2019 4:30:23 PM

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਅਜੇ ਨਹੀਂ ਪਤਾ ਕਿ ਉਹ ਕਦੋਂ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ ਕਰਨਗੇ ਕਿਉਂਕਿ ਅਜੇ ਤਕ ਇਹ ਤੈਅ ਨਹੀਂ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਸਪੋਰਟਸ ਹਰਨੀਆ ਦੇ ਇਲਾਜ ਲਈ ਸਰਜਰੀ ਦੀ ਜ਼ਰੂਰਤ ਹੈ ਜਾਂ ਨਹੀਂ। ਇਹ ਤਜਰਬੇਕਾਰ ਤੇਜ਼ ਗੇਂਦਬਾਜ਼ ਕਥਿਤ ਤੌਰ 'ਤੇ ਆਪਣੇ ਰਿਹੈਬਲੀਟੇਸ਼ਨ 'ਚ ਖ਼ਾਮੀ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੁੰਦਾ। ਉਹ ਹਾਲਾਂਕਿ ਹੈਰਾਨ ਹੈ ਕਿ ਉਸ ਦੇ ਹਰਨੀਆ ਦਾ ਪਹਿਲਾਂ ਪਤਾ ਕਿਉਂ ਨਹੀਂ ਲੱਗਾ। ਭੁਵਨੇਸ਼ਵਰ ਨੇ ਪੱਤਰਕਾਰਾਂ ਨੂੰ ਕਿਹਾ, ''ਵਰਲਡ ਟੀ-20 'ਚ ਅਜੇ ਵੀ 9 ਮਹੀਨਿਆਂ ਦਾ ਸਮਾਂ ਹੈ। ਮੈਂ ਇਸ ਬਾਰੇ ਨਹੀਂ ਸੋਚ ਰਿਹਾ। ਸਭ ਤੋਂ ਪਹਿਲਾਂ ਮੈਨੂੰ ਫਿੱਟ ਹੋਣਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਫਿੱਟ ਹੋ ਸਕਾਂਗਾ।'' ਐੱਨ. ਸੀ. ਏ. ਦੀ ਭੂਮਿਕਾ 'ਤੇ 29 ਸਾਲ ਦੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ, ''ਇਹ ਬੀ. ਸੀ. ਸੀ. ਆਈ. 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਕਿਵੇਂ ਲੈਂਦੇ ਹਨ। ਉਨ੍ਹਾਂ ਨੂੰ ਐੱਨ. ਸੀ. ਏ. ਨਾਲ ਗੱਲ ਕਰਨੀ ਚਾਹੀਦੀ ਹੈ।''

ਉਨ੍ਹਾਂ ਕਿਹਾ, ''ਐੱਨ. ਸੀ. ਏ. ਨੇ ਯਕੀਨੀ ਤੌਰ 'ਤੇ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ ਹੋਵੇਗੀ ਪਰ ਮੈਨੂੰ ਨਹੀਂ ਪਤਾ ਕਿ ਕੀ ਗਲਤ ਹੋਇਆ ਅਤੇ ਉਹ ਇਸ ਦਾ ਪਤਾ ਕਿਉਂ ਨਹੀਂ ਲਗਾ ਸਕੇ। ਫਿਰ ਵੀ ਇਸ ਬਾਰੇ 'ਚ ਟਿੱਪਣੀ ਕਰਨ ਲਈ ਮੈਂ ਸਹੀ ਵਿਅਕਤੀ ਨਹੀਂ ਹਾਂ ਕਿਉਂਕਿ ਮੈਂ ਸ਼ਾਇਦ ਕੁਝ ਹੋਰ ਕਹਾਂ ਅਤੇ ਬੀ. ਸੀ. ਸੀ. ਆਈ. ਕਿਸੇ ਹੋਰ ਸਿੱਟੇ 'ਤੇ ਪਹੁੰਚੇ।'' ਭਾਰਤ ਲਈ 21 ਟੈਸਟ, 114 ਵਨ-ਡੇ ਅਤੇ 43 ਟੀ-20 ਖੇਡ ਚੁੱਕੇ ਮੇਰਠ ਦੇ ਭੁਵਨੇਸ਼ਵਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਖਿਡਾਰੀ ਐੱਨ. ਸੀ. ਏ. 'ਚ 'ਚ ਜਾਣ ਤੋਂ ਡਰਦੇ ਹਨ ਤਾਂ ਉਨ੍ਹਾਂ ਕਿਹਾ, ''ਇਹ ਕਿਸੇ ਵੀ ਖਿਡਾਰੀ ਦੀ ਨਿੱਜੀ ਇੱਛਾ ਹੈ ਕਿ ਉਹ ਐੱਨ. ਸੀ. ਏ. ਜਾਣਾ ਚਾਹੁੰਦਾ ਹੈ ਜਾਂ ਨਹੀਂ।'' ਆਪਣੇ ਉਭਰਨ ਦੀ ਪ੍ਰਕਿਰਿਆ 'ਤੇ ਭੁਵਨੇਸ਼ਵਰ ਨੇ ਕਿਹਾ, ''ਸਰਜਰੀ ਨੂੰ ਲੈ ਕੇ ਅਜੇ ਤਕ ਕੁਝ ਵੀ ਤੈਅ ਨਹੀਂ ਹੈ ਪਰ ਸਪੋਰਟਸ ਹਰਨੀਆ ਦੇ ਮਾਮਲੇ 'ਚ ਆਮ ਤੌਰ 'ਤੇ ਸਰਜਰੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਡਾਕਟਰ ਨੂੰ ਮਿਲਣਾ ਹੋਵੇਗਾ। ਮੈਨੂੰ ਨਹੀਂ ਪਤਾ ਕਿ ਇਸ ਤੋਂ ਬਾਅਦ ਕੀ ਹੋਵੇਗਾ ਪਰ ਅਸੀਂ ਜਿੰਨਾ ਛੇਤੀ ਹੋ ਸਕੇ ਇਸ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ, ''ਜਦੋਂ ਤਕ ਮੈਂ ਡਾਕਟਰ ਨਾਲ ਸਲਾਹ ਨਹੀਂ ਲੈ ਲੈਂਦਾ ਉਦੋਂ ਤਕ ਨਹੀਂ ਦਸ ਸਕਦਾ ਕਿ ਕਦੋਂ ਵਾਪਸੀ ਕਰਾਂਗਾ ਕਿਉਂਕਿ ਇਹ ਇਲਾਜ 'ਤੇ ਨਿਰਭਰ ਕਰੇਗਾ।'' ਵੈਸਟਇੰਡੀਜ਼ ਦੌਰੇ ਦੇ ਬਾਅਦ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਬਾਹਰ ਹੋਏ ਭੁਵਨੇਸ਼ਵਰ ਨੇ ਇਸੇ ਟੀਮ ਖਿਲਾਫ ਇਸ ਮਹੀਨੇ ਟੀ-20 ਸੀਰੀਜ਼ 'ਚ ਵਾਪਸੀ ਕੀਤੀ ਸੀ ਪਰ ਇਕ ਵਾਰ ਫਿਰ ਸੱਟ ਦਾ ਸ਼ਿਕਾਰ ਹੋ ਗਏ।

Tarsem Singh

This news is Content Editor Tarsem Singh