ਲਖਨਊ ਵਿਰੁੱਧ ਬੈਂਗਲੁਰੂ ਦੀਆਂ ਨਜ਼ਰਾਂ ਟਾਪ-2 ’ਚ ਜਗ੍ਹਾ ਬਣਾਉਣ ’ਤੇ
Tuesday, May 27, 2025 - 10:55 AM (IST)

ਲਖਨਊ– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਪਣੇ ਆਖਰੀ ਲੀਗ ਮੁਕਾਬਲੇ ਵਿਚ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ਵਿਰੁੱਧ ਮੈਦਾਨ ’ਚ ਉਤਰੇਗੀ ਤਾਂ ਉਸਦੀ ਕੋਸ਼ਿਸ਼ ਜਿੱਤ ਦੇ ਨਾਲ ਅੰਕ ਸੂਚੀ ਵਿਚ ਟਾਪ-2 ਵਿਚ ਆਪਣੀ ਜਗ੍ਹਾ ਪੱਕੀ ਕਰਨ ’ਤੇ ਹੋਵੇਗੀ। ਸੁਪਰ ਜਾਇੰਟਸ ਦੀ ਟੀਮ ਹਾਲਾਂਕਿ ਮੌਜੂਦਾ ਸੈਸ਼ਨ ਵਿਚ ਆਪਣੀ ਨਿਰਾਸ਼ਾਜਨਕ ਮੁਹਿੰਮ ਦਾ ਅੰਤ ਜਿੱਤ ਨਾਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਏਗੀ।
ਇਹ ਵੀ ਪੜ੍ਹੋ : IPL Playoffs ਤੋਂ ਪਹਿਲਾਂ ਟੀਮ ਲਈ ਖੁਸ਼ਖਬਰੀ, ਪਰਤਿਆ ਮੈਚ ਵਿਨਰ ਖਿਡਾਰੀ
ਗੁਜਰਾਤ ਦੀਆਂ ਲਗਾਤਾਰ ਹਾਰਾਂ ਨੇ ਤੀਜੇ ਸਥਾਨ ’ਤੇ ਕਾਬਜ਼ ਆਰ. ਸੀ. ਬੀ. ਲਈ 2016 ਤੋਂ ਬਾਅਦ ਪਹਿਲੀ ਵਾਰ ਟਾਪ-2 ਵਿਚ ਜਗ੍ਹਾ ਬਣਾਉਣ ਦਾ ਸ਼ਾਨਦਾਰ ਮੌਕਾ ਬਣਾ ਦਿੱਤਾ ਹੈ। ਆਈ. ਪੀ. ਐੱਲ. ਦੀ ਅੰਕ ਸੂਚੀ ਵਿਚ ਟਾਪ-2 ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਤੀਜੇ ਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਦੇ ਮੁਕਾਬਲੇ ਫਾਈਨਲ ਦਾ ਇਕ ਵਾਧੂ ਮੌਕਾ ਮਿਲਦਾ ਹੈ।
ਆਰ. ਸੀ. ਬੀ. ਦੇ ਨਾਂ 17 ਅੰਕ ਹਨ ਤੇ ਉਸਦੇ ਲਈ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੈ। ਚੋਟੀ ’ਤੇ ਪਹੁੰਚਣ ਲਈ ਉਸ ਨੂੰ ਇਸ ਮੈਚ ਵਿਚ ਜਿੱਤ ਜ਼ਰੂਰੀ ਹੈ। ਮੁੰਬਈ ਇੰਡੀਅਨਜ਼ (16 ਅੰਕ) ਤੇ ਪੰਜਾਬ ਕਿੰਗਜ਼ (17 ਅੰਕ) ਵਿਚੋਂ ਕੋਈ ਇਕ ਅੱਜ ਸ਼ਾਮ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਗੁਜਰਾਤ ਤੋਂ (18 ਅੰਕ) ਤੋਂ ਅੱਗੇ ਨਿਕਲਣ ਲਈ ਤਿਆਰ ਹੈ। ਭਾਰਤ-ਪਾਕਿਸਤਾਨ ਸੈਨਿਕ ਸੰਘਰਸ਼ ਕਾਰਨ ਲੀਗ ਦੀ 10 ਦਿਨ ਦੀ ਬ੍ਰੇਕ ਤੋਂ ਪਹਿਲਾਂ ਆਰ. ਸੀ. ਬੀ. ਸ਼ਾਨਦਾਰ ਫਾਰਮ ਵਿਚ ਸੀ। ਉਸ ਨੇ ਲਗਾਤਾਰ 4 ਮੈਚ ਜਿੱਤੇ ਸਨ ਪਰ ਇਸ ਬ੍ਰੇਕ ਨੇ ਟੀਮ ਦੀ ਲੈਅ ਨੂੰ ਪ੍ਰਭਾਵਿਤ ਕੀਤਾ।
ਇਹ ਵੀ ਪੜ੍ਹੋ : IPL Playoffs ਤੋਂ ਪਹਿਲਾਂ ਟੀਮ 'ਚ ਸ਼ਾਮਲ ਹੋਇਆ 6 ਫੁੱਟ 8 ਇੰਚ ਦਾ ਖਤਰਨਾਕ ਗੇਂਦਬਾਜ਼, ਵਰ੍ਹਾਏਗਾ ਕਹਿਰ
ਲੀਗ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਉਸਦਾ ਮੈਚ ਮੀਂਹ ਵਿਚ ਰੱਦ ਹੋ ਗਿਆ ਤੇ ਫਿਰ ਸਨਰਾਈਜ਼ਰਜ਼ ਹੈਦਰਾਬਾਦ ਤੋਂ 42 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਵਾਪਸੀ ਨਾਲ ਆਰ. ਸੀ. ਬੀ. ਦੇ ਖੇਮੇ ਵਿਚ ਉਤਸ਼ਾਹ ਵਧਿਆ ਹੈ। ਹੇਜ਼ਲਵੁੱਡ ਇਸ ਸੈਸ਼ਨ ਵਿਚ ਟੀਮ ਲਈ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਗੇਂਦਬਾਜ਼ ਰਿਹਾ ਹੈ। ਉਸ ਨੇ 10 ਮੈਚਾਂ ਵਿਚੋਂ 18 ਵਿਕਟਾਂ ਲਈਆਂ ਹਨ ਤੇ ਫਿਲਹਾਲ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿਚ ਚੌਥੇ ਨੰਬਰ ’ਤੇ ਹੈ। ਆਰ. ਸੀ. ਬੀ. ਵੀ ਹਾਲਾਤ ਤੋਂ ਜਾਣੂ ਹੋਵੇਗੀ ਕਿਉਂਕਿ ਉਸ ਨੇ ਆਪਣਾ ਪਿਛਲਾ ਮੈਚ ਇਕਾਨਾ ਸਟੇਡੀਅਮ ਵਿਚ ਹੀ ਖੇਡਿਆ ਸੀ। ਲਖਨਊ ਨੂੰ ਹਾਲਾਂਕਿ ਉਸਦੇ ਘਰੇਲੂ ਮੈਦਾਨ ’ਤੇ ਹਰਾਉਣਾ ਆਸਾਨ ਨਹੀਂ ਹੋਵੇਗਾ। ਆਪਣੇ ਪਿਛਲੇ ਮੈਚ ਵਿਚ ਗੁਜਰਾਤ ਨੂੰ ਹਰਾਉਣ ਤੋਂ ਬਾਅਦ ਮੇਜ਼ਬਾਨ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8