BCCI ਨੇ AUS ਵਿਰੁੱਧ ਵਨਡੇ ਤੇ ਟੈਸਟ ਸੀਰੀਜ਼ ਦਾ ਕੀਤਾ ਐਲਾਨ, ਜਾਣੋ ਕਦੋਂ ਖੇਡੇ ਜਾਣਗੇ ਮੈਚ

Thursday, Aug 27, 2026 - 01:06 PM (IST)

BCCI ਨੇ AUS ਵਿਰੁੱਧ ਵਨਡੇ ਤੇ ਟੈਸਟ ਸੀਰੀਜ਼ ਦਾ ਕੀਤਾ ਐਲਾਨ, ਜਾਣੋ ਕਦੋਂ ਖੇਡੇ ਜਾਣਗੇ ਮੈਚ

ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤ ਅਤੇ ਆਸਟ੍ਰੇਲੀਆ ਦੀਆਂ ਅੰਡਰ-19 ਟੀਮਾਂ ਵਿਚਕਾਰ ਹੋਣ ਵਾਲੀ ਆਉਣ ਵਾਲੀ ਘਰੇਲੂ ਲੜੀ ਦੇ ਅਧਿਕਾਰਤ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰੇ ਦੌਰਾਨ ਦੋਵਾਂ ਜੂਨੀਅਰ ਟੀਮਾਂ ਵਿਚਕਾਰ ਤਿੰਨ ਇਕ ਰੋਜ਼ਾ (ਵਨਡੇ) ਮੈਚ ਅਤੇ ਦੋ ਮਲਟੀ-ਡੇ (ਟੈਸਟ) ਮੈਚ ਖੇਡੇ ਜਾਣਗੇ। ਇਹ ਲੜੀ 18 ਸਤੰਬਰ 2026 ਤੋਂ ਸ਼ੁਰੂ ਹੋ ਕੇ 8 ਅਕਤੂਬਰ 2026 ਤੱਕ ਚੱਲੇਗੀ, ਜਿਸ ਦੇ ਮੁਕਾਬਲੇ ਰਾਜਕੋਟ ਅਤੇ ਅਹਿਮਦਾਬਾਦ ਵਿਖੇ ਖੇਡੇ ਜਾਣਗੇ।

ਸਹਿਵਾਗ ਅਤੇ ਦ੍ਰਾਵਿੜ ਦੇ ਪੁੱਤਰਾਂ ਦੀ ਐਂਟਰੀ 
ਬੋਰਡ ਵੱਲੋਂ ਐਲਾਨੀ ਗਈ ਭਾਰਤੀ ਅੰਡਰ-19 ਟੀਮ ਵਿੱਚ ਭਾਰਤ ਦੇ ਦੋ ਦਿੱਗਜ ਸਾਬਕਾ ਖਿਡਾਰੀਆਂ ਦੇ ਪੁੱਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਬਕਾ ਤੂਫ਼ਾਨੀ ਬੱਲੇਬਾਜ਼ ਵੀਰੇਂਦਰ ਸਹਿਵਾਗ ਦੇ ਪੁੱਤਰ ਆਰਿਆਵੀਰ ਸਹਿਵਾਗ ਅਤੇ ਸਾਬਕਾ ਕਪਤਾਨ ਤੇ ਕੋਚ ਰਾਹੁਲ ਦ੍ਰਾਵਿੜ ਦੇ ਪੁੱਤਰ ਅਨਵੈ ਦ੍ਰਾਵਿੜ (ਵਿਕਟਕੀਪਰ) ਨੂੰ ਭਾਰਤ ਦੀ ਵਨਡੇ ਟੀਮ ਵਿੱਚ ਜਗ੍ਹਾ ਮਿਲੀ ਹੈ। ਹਾਲਾਂਕਿ, ਇਹ ਦੋਵੇਂ ਖਿਡਾਰੀ ਸਿਰਫ਼ ਵਨਡੇ ਲੜੀ ਦਾ ਹਿੱਸਾ ਹਨ ਅਤੇ ਉਨ੍ਹਾਂ ਨੂੰ ਮਲਟੀ-ਡੇ (ਟੈਸਟ) ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਵਨਡੇ ਟੀਮ ਦੀ ਕਮਾਨ ਲਕਸ਼ੈ ਰਾਏਚੰਦਾਨੀ ਦੇ ਹੱਥ ਹੋਵੇਗੀ ਅਤੇ ਯਸ਼ਬਰਧਨ ਚੌਹਾਨ ਉਪ-ਕਪਤਾਨ ਹੋਣਗੇ। ਜਦਕਿ ਮਲਟੀ-ਡੇ ਮੁਕਾਬਲਿਆਂ ਲਈ ਟੀਮ ਦੀ ਅਗਵਾਈ ਯਸ਼ਬਰਧਨ ਚੌਹਾਨ ਕਰਨਗੇ ਅਤੇ ਲਕਸ਼ੈ ਰਾਏਚੰਦਾਨੀ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ।

ਮੈਚਾਂ ਦਾ ਪੂਰਾ ਸ਼ਡਿਊਲ 
ਇਸ ਦੌਰੇ ਦੀ ਸ਼ੁਰੂਆਤ ਵਨਡੇ ਲੜੀ ਨਾਲ ਹੋਵੇਗੀ, ਜਿਸ ਦੇ ਸਾਰੇ ਤਿੰਨੇ ਮੈਚ ਰਾਜਕੋਟ ਵਿੱਚ ਸਵੇਰੇ 9:00 ਵਜੇ ਤੋਂ ਖੇਡੇ ਜਾਣਗੇ। ਪਹਿਲਾ ਵਨਡੇ 18 ਸਤੰਬਰ, ਦੂਜਾ ਵਨਡੇ 21 ਸਤੰਬਰ ਅਤੇ ਤੀਜਾ ਵਨਡੇ 23 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ 27 ਸਤੰਬਰ ਤੋਂ ਮਲਟੀ-ਡੇ ਲੜੀ (ਟੈਸਟ ਲੜੀ) ਸ਼ੁਰੂ ਹੋਵੇਗੀ, ਜਿਸ ਦਾ ਪਹਿਲਾ ਮੈਚ 27 ਤੋਂ 30 ਸਤੰਬਰ ਤੱਕ ਰਾਜਕੋਟ ਵਿੱਚ ਹੋਵੇਗਾ। ਦੂਜਾ ਮਲਟੀ-ਡੇ ਟੈਸਟ ਮੈਚ 5 ਤੋਂ 8 ਅਕਤੂਬਰ ਤੱਕ ਅਹਿਮਦਾਬਾਦ (ਗਰਾਊਂਡ B) ਵਿਖੇ ਖੇਡਿਆ ਜਾਵੇਗਾ, ਜੋ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।


author

Tarsem Singh

Content Editor

Related News