ਜਿੱਤ ਕੇ ਵੀ ਪੰਤ ਨੂੰ ਪੈ ਗਿਆ 'ਘਾਟਾ', 'ਨੋਟਬੁੱਕ' ਸੈਲੀਬ੍ਰੇਸ਼ਨ ਵਾਲੇ ਰਾਠੀ 'ਤੇ ਵੀ ਹੋ ਗਿਆ ਵੱਡਾ Action
Saturday, Apr 05, 2025 - 12:46 PM (IST)

ਸਪੋਰਟਸ ਡੈਸਕ- ਸ਼ੁੱਕਰਵਾਰ ਨੂੰ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਪੰਤ ਦੀ ਅਗਵਾਈ ਵਾਲੀ ਲਖਨਊ ਸੁਪਰਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਹਰਾਇਆ ਸੀ। ਪਰ ਇਹ ਜਿੱਤ ਟੀਮ ਦੇ ਕਪਤਾਨ ਰਿਸ਼ਭ ਪੰਤ ਲਈ ਸ਼ੁੱਭ ਸਾਬਿਤ ਨਹੀਂ ਹੋਈ, ਕਿਉਂਕਿ ਉਸ ਨੂੰ ਹੌਲੀ ਓਵਰ ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ।
ਇਸ ਤੋਂ ਇਲਾਵਾ ਲਖਨਊ ਦੇ ਸਪਿਨਰ ਦਿਗਵੇਸ਼ ਰਾਠੀ ਨੂੰ ਵੀ ਲਗਾਤਾਰ ਦੂਜੀ ਵਾਰ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਖਾਤੇ 'ਚ ਇਕ ਡੀਮੈਰਿਟ ਅੰਕ ਵੀ ਜੋੜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. 'ਚ ਗੇਂਦਬਾਜ਼ੀ ਕਰਨ ਵਾਲੀ ਟੀਮ ਲਈ 90 ਮਿੰਟਾਂ ਦੇ ਅੰਦਰ ਪਾਰੀ ਖ਼ਤਮ ਕਰਨ ਦਾ ਨਿਯਮ ਹੈ। ਅਜਿਹਾ ਨਾ ਹੋਣ 'ਤੇ ਟੀਮ ਨੂੰ 30 ਗਜ਼ ਦੇ ਘੇਰੇ ਦੇ ਅੰਦਰ ਇਕ ਵਾਧੂ ਖਿਡਾਰੀ ਰੱਖਣਾ ਪੈਂਦਾ ਹੈ। ਅਜਿਹਾ ਹੀ ਹੋਇਆ ਸੀ ਇਸ ਮੁਕਾਬਲੇ 'ਚ ਵੀ, ਜਿੱਥੇ ਲਖਨਊ ਨਿਰਧਾਰਿਤ ਸਮੇਂ ਨਾਲੋਂ 1 ਓਵਰ ਪਿੱਛੇ ਚੱਲ ਰਹੀ ਸੀ, ਜਿਸ ਕਾਰਨ ਆਈ.ਪੀ.ਐੱਲ. ਦੇ ਨਿਯਮ 2.22 ਦੇ ਤਹਿਤ ਟੀਮ ਦੇ ਕਪਤਾਨ ਰਿਸ਼ਭ ਪੰਤ ਨੂੰ 12 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਇਸ ਤੋਂ ਬਾਅਦ ਲਖਨਊ ਦੇ ਹੀ ਸਪਿਨਰ ਦਿਗਵੇਸ਼ ਰਾਠੀ ਨੇ ਪੰਜਾਬ ਕਿੰਗਜ਼ ਖ਼ਿਲਾਫ਼ ਪਿਛਲੇ ਮੈਚ 'ਚ ਵੀ 'ਨੋਟਬੁੱਕ' ਸੈਲੀਬ੍ਰੇਸ਼ਨ ਕੀਤਾ ਸੀ, ਜਿਸ ਕਾਰਨ ਉਸ ਨੂੰ ਜੁਰਮਾਨਾ ਲਗਾਇਆ ਗਿਆ ਸੀ। ਉਸ ਨੇ ਪਿਛਲੀ ਗਲਤੀ ਤੋਂ ਕੋਈ ਸਬਕ ਨਹੀਂ ਲਿਆ ਤੇ ਇਸ ਮੈਚ 'ਚ ਵੀ ਨਮਨ ਧੀਰ ਨੂੰ ਆਊਟ ਕਰਨ ਤੋਂ ਬਾਅਦ ਉਸ ਨੂੰ ਇਸੇ ਤਰ੍ਹਾਂ ਦੀ ਸੈਲੀਬ੍ਰੇਸ਼ਨ ਕਰਦੇ ਹੋਏ ਦੇਖਿਆ ਗਿਆ, ਜਿਸ ਕਾਰਨ ਉਸ ਨੂੰ ਲਗਾਤਾਰ ਦੂਜੇ ਮੈਚ 'ਚ ਮੈਚ ਫ਼ੀਸ ਦਾ ਅੱਧਾ ਹਿੱਸਾ ਜੁਰਮਾਨੇ ਵਜੋਂ ਸੁਣਾਇਆ ਗਿਆ ਹੈ।
ਉਸ ਦੀ ਇਸ ਹਰਕਤ ਮਗਰੋਂ ਬੀ.ਸੀ.ਸੀ.ਆਈ. ਨੇ ਆਚਾਰ ਸੰਹਿਤਾ ਦੇ ਅਨੁਛੇਦ 2.5 ਦੇ ਤਹਿਤ ਰਾਠੀ ਨੂੰ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਠੋਕਿਆ ਗਿਆ ਹੈ ਤੇ ਨਾਲ ਹੀ ਉਸ ਦੇ ਖਾਤੇ 'ਚ ਇਕ ਡੀਮੈਰਿਟ ਅੰਕ ਵੀ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ- ਕੀ ਬਣੂੰ ਦੁਨੀਆ ਦਾ....! ਮਾਸੀ ਨੇ ਪੈਸਿਆਂ ਖ਼ਾਤਰ ਆਪਣੀ ਹੀ ਭਾਣਜੀ ਦਾ ਕਰ ਲਿਆ 'ਸੌਦਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e