ਬੱਲੇਬਾਜ਼ ‘ਹਾਰਡ ਲੈਂਥ’ ਲਈ ਲੋੜੀਂਦੀ ਤਿਆਰੀ ਨਹੀਂ ਕਰ ਰਹੇ : ਸਟੇਨ
Wednesday, Apr 29, 2026 - 03:56 PM (IST)
ਨਵੀਂ ਦਿੱਲੀ– ਦੱਖਣੀ ਅਫਰੀਕਾ ਦੇ ਧਾਕੜ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਬੱਲੇਬਾਜ਼ ‘ਹਾਰਡ ਲੈਂਥ’ (ਸਟੀਕ ਲੈਂਥ ’ਤੇ ਕੀਤੀ ਗਈ ਗੇਂਦ) ਲਈ ਲੋੜੀਂਦੀ ਤਿਆਰੀ ਨਹੀਂ ਕਰ ਰਹੇ ਹਨ ਤੇ ਜੋਸ਼ ਹੇਜ਼ਲਵੁੱਡ ਤੇ ਭੁਵਨੇਸ਼ਵਰ ਕੁਮਾਰ ਨੇ ਐਤਵਾਰ ਨੂੰ ਇੱਥੇ ਖੇਡੇ ਗਏ ਆਈ. ਪੀ. ਐੱਲ. ਮੈਚ ’ਚ ਬੱਲੇਬਾਜ਼ਾਂ ਦੀ ਇਹ ਹੀ ਕਮਜ਼ੋਰੀ ਉਜਾਗਰ ਕਰ ਦਿੱਤੀ। ਹੇਜ਼ਲਵੁੱਡ ਤੇ ਭੁਵਨੇਸ਼ਵਰ ਨੇ ਪਹਿਲੇ 4 ਓਵਰਾਂ ’ਚ 6 ਵਿਕਟਾਂ ਲੈ ਕੇ ਦਿੱਲੀ ਕੈਪੀਟਲਸ ਦੀ ਬੱਲੇਬਾਜ਼ੀ ਨੂੰ ਤਹਿਸ-ਨਹਿਸ ਕਰ ਦਿੱਤਾ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਦਿੱਲੀ ਨੂੰ 16.3 ਓਵਰਾਂ ’ਚ 75 ਦੌੜਾਂ ’ਤੇ ਆਊਟ ਕਰ ਦਿੱਤਾ ਤੇ 9 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ।
ਸਟੇਨ ਨੇ ਕਿਹਾ ਕਿ ਬੱਲੇਬਾਜ਼ ਹੁਣ ਡਰਦੇ ਨਹੀਂ ਹਨ ਪਰ ਉਹ ਹੇਜ਼ਲਵੁੱਡ, ਭੁਵਨੇਸ਼ਵਰ, ਕੈਗੀਸੋ ਰਬਾਡਾ ਤੇ ਜੋਫਰਾ ਆਰਚਰ ਵਰਗੇ ਗੇਂਦਬਾਜ਼ਾਂ ਦੀ ਸਹੀ ਲੈਂਥ ’ਤੇ ਕੀਤੀਆਂ ਗਈਆਂ ਗੇਂਦਾਂ ਦਾ ਸਾਹਮਣਾ ਕਰਨ ਲਈ ਲੋੜੀਂਦਾ ਅਭਿਆਸ ਨਹੀਂ ਕਰਦੇ ਹਨ। ਸਟੇਨ ਨੇ ਐਕਸ ’ਤੇ ਲਿਖਿਆ, ‘‘ਬੱਲੇਬਾਜ਼ ਭੁਵਨੇਸ਼ਵਰ, ਹੇਜ਼ਲਵੁੱਡ, ਰਬਾਡਾ ਤੇ ਆਰਚਰ ਵਰਗੇ ਤੇਜ਼ ਗੇਂਦਬਾਜ਼ਾਂ ਤੋਂ ਖੌਫ ਨਹੀਂ ਖਾਂਦੇ ਪਰ ਉਨ੍ਹਾਂ ਦੇ ਮਨ ’ਚ ਡਰ ਰਹਿੰਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਇਹ ਧਾਕੜ ਗੇਂਦਬਾਜ਼ ਕਿੱਥੇ ਗੇਂਦਬਾਜ਼ੀ ਕਰਨ ਵਾਲੇ ਹਨ ਪਰ ਉਹ ਇਸ ਦੀ ਲੋੜੀਂਦੀ ਤਿਆਰੀ ਨਹੀਂ ਕਰਦੇ ਹਨ। ਉਨ੍ਹਾਂ ਦੇ ਕੋਲ ਇਸ ਤਰ੍ਹਾਂ ਦੀਆਂ ਗੇਂਦਾਂ ਦਾ ਕੋਈ ਜਵਾਬ ਨਹੀਂ ਹੁੰਦਾ ਹੈ।’’
ਉਸ ਨੇ ਕਿਹਾ, ‘‘ਡਰ ਤਕਨੀਕੀ ਹੁਨਰ ਨੂੰ ਲੈ ਕੇ ਹੈ। ਇਸ ’ਚ ਹੁਣ ਬਦਲਾਅ ਕਰਨਾ ਸੰਭਵ ਨਹੀਂ ਹੈ। ਦੇਖਦੇ ਰਹੋ ਕਿ ਇਹ ਗੇਂਦਬਾਜ਼ ਆਪਣਾ ਦਬਦਬਾ ਬਣਾਈ ਰੱਖਦੇ ਹਨ। ਇਸ ਨੂੰ ‘ਹਾਰਡ ਲੈਂਥ’ ਇੰਝ ਹੀ ਨਹੀਂ ਕਿਹਾ ਜਾਂਦਾ।’’
ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਹਰਸ਼ਲ ਗਿਬਸ ਨੇ ਸਟੇਨ ਦੀ ਟਿੱਪਣੀ ਨੂੰ ਬੱਲੇਬਾਜ਼ੀ ਦੇ ਨਜ਼ਰੀਏ ਤੋਂ ਸਮਝਾਉਂਦੇ ਹੋਏ ਕਿਹਾ ਕਿ ਬੱਲੇਬਾਜ਼ ਇਨ੍ਹਾਂ ਗੇਂਦਬਾਜ਼ਾਂ ਵਿਰੁੱਧ ਅੱਗੇ ਵਧ ਕੇ ਹਮਲਾਵਰ ਹੋ ਕੇ ਨਹੀਂ ਖੇਡਦੇ ਹਨ ਜਿਸ ਨਾਲ ਉਨ੍ਹਾਂ ਦੀ ਲੈਂਥ ਵਿਗਾੜ ਸਕਣ। ਗਿਬਸ ਨੇ ਕਿਹਾ, ‘‘ਕੋਈ ਵੀ ਬੱਲੇਬਾਜ਼ ਉਨ੍ਹਾਂ ਦੀ ਲੈਂਥ ਵਿਗਾੜਨ ਤੇ ਉਨ੍ਹਾਂ ’ਤੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।’’
