IPL 2026: ਅਰਸ਼ਦੀਪ ਸਿੰਘ ਨੇ ਆਪਣੀ ਹੀ ਟੀਮ ਨੂੰ ਦਿੱਤੀ ''ਸਜ਼ਾ'', ਇੱਕੋ ਓਵਰ ''ਚ ਸੁੱਟੀਆਂ 11 ਗੇਂਦਾਂ

Tuesday, Mar 31, 2026 - 10:55 PM (IST)

IPL 2026: ਅਰਸ਼ਦੀਪ ਸਿੰਘ ਨੇ ਆਪਣੀ ਹੀ ਟੀਮ ਨੂੰ ਦਿੱਤੀ ''ਸਜ਼ਾ'', ਇੱਕੋ ਓਵਰ ''ਚ ਸੁੱਟੀਆਂ 11 ਗੇਂਦਾਂ

ਸਪੋਰਟਸ ਡੈਸਕ : ਆਈਪੀਐਲ 2026 ਵਿੱਚ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡੇ ਗਏ ਮੁਕਾਬਲੇ ਵਿੱਚ ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਟੀ-20 ਕ੍ਰਿਕਟ ਦੇ ਬਿਹਤਰੀਨ ਗੇਂਦਬਾਜ਼ਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਅਰਸ਼ਦੀਪ ਨੇ ਇਸ ਮੈਚ ਵਿੱਚ ਗੇਂਦਬਾਜ਼ੀ ਦਾ ਸਾਰਾ ਅਨੁਸ਼ਾਸਨ ਤੋੜਦਿਆਂ ਇੱਕੋ ਓਵਰ ਵਿੱਚ 11 ਗੇਂਦਾਂ ਸੁੱਟ ਕੇ ਆਪਣੀ ਹੀ ਟੀਮ ਨੂੰ ਨੁਕਸਾਨ ਪਹੁੰਚਾਇਆ।

ਅਰਸ਼ਦੀਪ ਸਿੰਘ, ਜਿਨ੍ਹਾਂ ਨੂੰ ਡੈੱਥ ਓਵਰਾਂ ਦਾ ਮਾਹਿਰ ਮੰਨਿਆ ਜਾਂਦਾ ਹੈ, ਗੁਜਰਾਤ ਖ਼ਿਲਾਫ਼ ਆਖਰੀ ਓਵਰਾਂ ਵਿੱਚ ਆਪਣੀ ਲਾਈਨ-ਲੈਂਥ ਤੋਂ ਪੂਰੀ ਤਰ੍ਹਾਂ ਭਟਕ ਗਏ। ਉਨ੍ਹਾਂ ਨੇ ਆਪਣਾ ਆਖਰੀ ਓਵਰ ਪੂਰਾ ਕਰਨ ਲਈ 11 ਗੇਂਦਾਂ ਸੁੱਟੀਆਂ, ਜਿਸ ਵਿੱਚ 4 ਵਾਈਡ ਅਤੇ 1 ਨੋ-ਬਾਲ ਸ਼ਾਮਲ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਆਪਣੀ ਚੌਥੀ ਗੇਂਦ ਪੂਰੀ ਕਰਨ ਲਈ ਹੀ ਚਾਰ ਗੇਂਦਾਂ ਸੁੱਟਣੀਆਂ ਪਈਆਂ।

ਅਰਸ਼ਦੀਪ ਨੇ ਆਪਣੇ 4 ਓਵਰਾਂ ਦੇ ਸਪੈੱਲ ਵਿੱਚ ਕੁੱਲ 42 ਦੌੜਾਂ ਲੁਟਾਈਆਂ ਅਤੇ ਉਹ ਇੱਕ ਵੀ ਵਿਕਟ ਹਾਸਲ ਨਹੀਂ ਕਰ ਸਕੇ। ਉਨ੍ਹਾਂ ਦੇ ਪੂਰੇ ਸਪੈੱਲ ਵਿੱਚ ਕੁੱਲ 8 ਵਾਈਡ ਅਤੇ 1 ਨੋ-ਬਾਲ ਸ਼ਾਮਲ ਸਨ। ਇਸ ਖ਼ਰਾਬ ਪ੍ਰਦਰਸ਼ਨ ਨਾਲ ਅਰਸ਼ਦੀਪ ਸਿੰਘ ਦੇ ਨਾਂ ਇੱਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ। ਉਹ ਆਈਪੀਐਲ ਦੇ ਇਤਿਹਾਸ ਵਿੱਚ 11 ਗੇਂਦਾਂ ਦਾ ਓਵਰ ਸੁੱਟਣ ਵਾਲੇ ਪਹਿਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਮੁਹੰਮਦ ਸਿਰਾਜ, ਤੁਸ਼ਾਰ ਦੇਸ਼ਪਾਂਡੇ, ਸ਼ਾਰਦੁਲ ਠਾਕੁਰ, ਸੰਦੀਪ ਸ਼ਰਮਾ ਅਤੇ ਹਾਰਦਿਕ ਪੰਡਯਾ ਵੀ ਆਈਪੀਐਲ ਵਿੱਚ 11 ਗੇਂਦਾਂ ਦਾ ਓਵਰ ਸੁੱਟ ਚੁੱਕੇ ਹਨ। 

ਭਾਵੇਂ ਅਰਸ਼ਦੀਪ ਸਿੰਘ ਕਾਫ਼ੀ ਮਹਿੰਗੇ ਸਾਬਤ ਹੋਏ, ਪਰ ਪੰਜਾਬ ਕਿੰਗਜ਼ ਦੇ ਦੂਜੇ ਗੇਂਦਬਾਜ਼ਾਂ ਨੇ ਨਿਊ ਚੰਡੀਗੜ੍ਹ ਦੀ ਪਿੱਚ 'ਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪੰਜਾਬ ਨੇ ਗੁਜਰਾਤ ਦੀ ਬੈਟਿੰਗ 'ਤੇ ਸ਼ਿਕੰਜਾ ਕੱਸਦਿਆਂ ਉਨ੍ਹਾਂ ਨੂੰ 20 ਓਵਰਾਂ ਵਿੱਚ ਮਹਿਜ਼ 162 ਦੌੜਾਂ 'ਤੇ ਹੀ ਰੋਕ ਦਿੱਤਾ. ਗੁਜਰਾਤ ਦੀ ਟੀਮ ਆਖਰੀ 5 ਓਵਰਾਂ ਵਿੱਚ ਸਿਰਫ਼ 34 ਦੌੜਾਂ ਹੀ ਬਣਾ ਸਕੀ।


author

Inder Prajapati

Content Editor

Related News