ਆਸਟ੍ਰੇਲੀਅਨ ਹਾਕੀ ਖਿਡਾਰੀ ਨੂੰ ਕੋਕੀਨ ਖਰੀਦਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹਿਰਾਸਤ ’ਚ ਲਿਆ ਗਿਆ
Thursday, Aug 08, 2024 - 10:26 AM (IST)
ਪੈਰਿਸ– ਪੈਰਿਸ ਪ੍ਰੌਸੀਕਿਊਟਰ ਦੇ ਦਫਤਰ ਅਨੁਸਾਰ ਆਸਟ੍ਰੇਲੀਆਈ ਓਲੰਪਿਕ ਫੀਲਡ ਹਾਕੀ ਟੀਮ ਦੇ ਇਕ ਮੈਂਬਰ ਨੂੰ ਕੋਕੀਨ ਖਰੀਦਣ ਦੀ ਕੋਸ਼ਿਸ਼ ਤੋਂ ਬਾਅਦ ਇੱਥੇ ਹਿਰਾਸਤ ਵਿਚ ਲਿਆ ਗਿਆ। ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਸ ਨੇ ਮੰਗਲਵਾਰ ਦੀ ਰਾਤ ਪੈਰਿਸ ਵਿਚ ਇਕ ਇਮਾਰਤ ਦੇ ਬਾਹਰ ਡਰੱਗ ਲੈਣ-ਦੇਣ ਰੋਕਿਆ। ਉਸ ਨੇ ਕਿਹਾ ਕਿ ਜਾਂਚ ਲਈ ਇਹ ਮਾਮਲਾ ਪੁਲਸ ਦੀ ਡਰੱਗ ਰੋਕੂ ਇਕਾਈ ਨੂੰ ਸੌਂਪ ਦਿੱਤਾ ਹੈ।
ਸਰਕਾਰੀ ਵਕੀਲਾਂ ਨੇ ਕਿਹਾ ਕਿ ਇਹ ਕਥਿਤ ਖਰੀਦਦਾਰ ਆਸਟ੍ਰੇਲੀਆਈ ਫੀਲਡ ਹਾਕੀ ਟੀਮ ਦਾ 28 ਸਾਲਾ ਮੈਂਬਰ ਸੀ ਤੇ 17 ਸਾਲਾ ਕਥਿਤ ਵਿਕ੍ਰੇਤਾ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਆਸਟ੍ਰੇਲੀਆਈ ਓਲੰਪਿਕ ਕਮੇਟੀ ਨੇ ਇਕ ਬਿਆਨ ਵਿਚ ਕਿਹਾ ਕਿ ਕੋਈ ਦੋਸ਼ ਦਾਇਰ ਨਹੀਂ ਕੀਤਾ ਗਿਆ ਹੈ ਤੇ ਕਿਹਾ ਕਿ ਉਹ ਟੀਮ ਦੇ ਮੈਂਬਰ ਲਈ ਸਹਾਇਤਾ ਦਾ ਪ੍ਰਬੰਧ ਕਰ ਰਹੀ ਹੈ। ਆਸਟ੍ਰੇਲੀਆਈ ਪੁਰਸ਼ ਤੇ ਮਹਿਲਾ ਟੀਮ ਪੈਰਿਸ ਓਲੰਪਿਕ ਵਿਚ ਕੁਆਰਟਰ ਫਾਈਨਲ ਵਿਚੋਂ ਬਾਹਰ ਹੋ ਗਈ ਸੀ। ਪੁਰਸ਼ ਟੀਮ ਨੇ 2021 ਟੋਕੀਓ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਿਆ ਸੀ।