ਅਲਕਾਰਜ਼, ਜੋਕੋਵਿਚ, ਮੁਸੇਟੀ ਤੇ ਆਗਰ-ਅਲਿਆਸਿਮੇ ਓਲੰਪਿਕ ਟੈਨਿਸ ''ਚ ਪੁਰਸ਼ਾਂ ਦੇ ਸੈਮੀਫਾਈਨਲ ''ਚ ਪਹੁੰਚੇ
Friday, Aug 02, 2024 - 11:17 AM (IST)

ਪੈਰਿਸ- ਕਾਰਲੋਸ ਅਲਕਾਰਜ਼ ਪੈਰਿਸ ਓਲੰਪਿਕ ਦੇ ਪੁਰਸ਼ ਟੈਨਿਸ ਮੁਕਾਬਲੇ ਵਿੱਚ ਅਮਰੀਕਾ ਦੇ ਟੌਮੀ ਪਾਲ ਨੂੰ ਹਰਾ ਕੇ 2008 ਵਿੱਚ ਨੋਵਾਕ ਜੋਕੋਵਿਚ ਤੋਂ ਬਾਅਦ ਸਿੰਗਲਜ਼ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਅਲਕਾਰਜ਼ ਨੇ ਪਾਲ ਨੂੰ 6-3, 7-6(7) ਨਾਲ ਹਰਾ ਕੇ 11 ਮੈਚਾਂ ਦੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਫ੍ਰੈਂਚ ਓਪਨ ਦੇ ਮੌਜੂਦਾ ਚੈਂਪੀਅਨ, 21 ਸਾਲਾ ਸਪੈਨਿਸ਼ ਖਿਡਾਰੀ ਨੇ ਜਿੱਤ ਤੋਂ ਬਾਅਦ ਕਿਹਾ, “ਮੇਰੇ ਦੋ ਹਫ਼ਤੇ ਰੋਲੈਂਡ ਗੈਰੋਸ ਵਿੱਚ ਬਹੁਤ ਵਧੀਆ ਰਹੇ। ਮੈਂ ਇੱਥੇ ਬਹੁਤ ਵਧੀਆ ਟੈਨਿਸ ਖੇਡਿਆ। ਮੇਰੇ ਕੋਲ ਚੰਗੀ ਮੂਵਮੈਂਟ ਹੈ ਅਤੇ ਮੈਂ ਸ਼ਾਨਦਾਰ ਤਰੀਕੇ ਨਾਲ ਗੇਂਦ ਨੂੰ ਹਿੱਟ ਕਰ ਰਿਹਾ ਹਾਂ।
ਸੈਮੀਫਾਈਨਲ 'ਚ ਅਲਕਾਰਜ਼ ਦੇ ਸਾਹਮਣਾ ਕੈਨੇਡਾ ਦੇ ਫੇਲਿਕਸ ਆਗਰ-ਅਲੀਆਸਿਮੇ ਦੀ ਚੁਣੌਤੀ ਹੋਵੇਗੀ। ਜਿਸ ਨੇ ਨਾਰਵੇ ਦੇ ਕੈਸਪਰ ਰੂਡ ਨੂੰ 6-4, 6-7 (8), 6-3 ਨਾਲ ਹਰਾਇਆ। ਸਿਰਫ਼ 21 ਸਾਲ ਦੀ ਉਮਰ ਵਿੱਚ ਚਾਰ ਗਰੈਂਡ ਸਲੈਮ ਜਿੱਤਣ ਵਾਲੇ ਅਲਕਾਰਜ਼ 16 ਸਾਲ ਪਹਿਲਾਂ ਬੀਜਿੰਗ ਓਲੰਪਿਕ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਜੋਕੋਵਿਚ ਤੋਂ ਕੁਝ ਦਿਨ ਵੱਡੇ ਹਨ। ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ, ਜੋ ਆਪਣੇ ਸੱਜੇ ਗੋਡੇ ਵਿੱਚ ਦਰਦ ਮਹਿਸੂਸ ਕਰ ਰਹੇ ਹਨ, ਦਾ ਸਾਹਮਣਾ ਦੂਜੇ ਸੈਮੀਫਾਈਨਲ ਵਿੱਚ ਇਟਲੀ ਦੇ ਲੋਰੇਂਜੋ ਮੁਸੇਟੀ ਨਾਲ ਹੋਵੇਗਾ।
ਗੋਡੇ ਦੀ ਸਰਜਰੀ ਕਰਵਾਉਣ ਵਾਲੇ 37 ਸਾਲਾ ਸਰਬੀਆਈ ਖਿਡਾਰੀ ਨੇ ਕੁਆਰਟਰ ਫਾਈਨਲ ਵਿੱਚ ਸਟੇਫਾਨੋਸ ਸਿਟਸਿਪਾਸ ਨੂੰ 6-3, 7-6 (3) ਨਾਲ ਹਰਾਇਆ। 24 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਜੋਕੋਵਿਚ ਆਪਣੀ ਚੌਥੀ ਕੋਸ਼ਿਸ਼ ਵਿੱਚ ਓਲੰਪਿਕ ਸੋਨ ਤਮਗਾ ਜਿੱਤਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਦਰਦ ਨਾਲ ਖੇਡ ਰਹੇ ਹਨ। ਮੁਸੇਟੀ ਨੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 7-5, 7-5 ਨਾਲ ਹਰਾਇਆ।
22 ਸਾਲਾ ਖਿਡਾਰੀ ਨੇ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ, "ਇਹ ਮੇਰੇ ਕਰੀਅਰ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਮੈਚਾਂ ਵਿੱਚੋਂ ਇੱਕ ਹੈ।" ਮਹਿਲਾ ਸਿੰਗਲਜ਼ ਵਿੱਚ ਚੀਨ ਦੀ ਝੇਂਗ ਕਿਆਨਵੇਨ ਨੂੰ ਕ੍ਰੋਏਸ਼ੀਆ ਦੀ 13ਵਾਂ ਦਰਜਾ ਪ੍ਰਾਪਤ ਡੋਨਾ ਵੇਕਿਕ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਝੇਂਗ ਨੇ ਪਿਛਲੇ ਪੰਜ ਸਾਲਾਂ 'ਚ ਚਾਰ ਫਰੈਂਚ ਓਪਨ ਖਿਤਾਬ ਜਿੱਤਣ ਵਾਲੀ ਪੋਲੈਂਡ ਦੀ ਇਗਾ ਸਵਿਆਤੇਕ ਨੂੰ 6-2, 7-5 ਨਾਲ ਹਰਾਇਆ, ਜਦਕਿ ਵੇਚਿਕ ਨੇ ਸਲੋਵਾਕੀਆ ਦੀ ਅੰਨਾ ਕੈਰੋਲੀਨਾ ਸਮੀਡਲੋਵਾ ਦੀ ਚੁਣੌਤੀ ਨੂੰ 6-4, 6-0 ਨਾਲ ਖਤਮ ਕਰ ਦਿੱਤਾ।