ਏ. ਐੱਚ. ਐੱਫ. ਜੂਨੀਅਰ ਏਸ਼ੀਆ ਕੱਪ : ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਨੂੰ 11-1 ਨਾਲ ਹਰਾਇਆ
Monday, Sep 07, 2026 - 04:05 PM (IST)
ਮੋਕੀ (ਚੀਨ), (ਏਜੰਸੀ)-ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਇੱਥੇ ਏ. ਐੱਚ. ਐੱਫ. ਜੂਨੀਅਰ ਏਸ਼ੀਆ ਕੱਪ ਦੇ ਏਲੀਟ ਪੂਲ ਮੁਕਾਬਲੇ ’ਚ ਮਲੇਸ਼ੀਆ ਨੂੰ 11-1 ਨਾਲ ਕਰਾਰੀ ਹਾਰ ਦੇ ਕੇ ਅੰਕ ਸੂਚੀ ’ਚ ਚੋਟੀ ਦੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਜਿੱਤ ਨਾਲ ਮੁਹਿੰਮ ਸ਼ੁਰੂ ਕਰਨ ਵਾਲੀ ਭਾਰਤੀ ਟੀਮ ਵੱਲੋਂ ਮਲੇਸ਼ੀਆ ਵਿਰੁੱਧ 7 ਵੱਖ-ਵੱਖ ਖਿਡਾਰਨਾਂ ਨੇ ਗੋਲ ਕੀਤੇ। ਭਾਰਤ ਨੇ 4 ਗੋਲ ਮੈਦਾਨੀ, 5 ਪੈਨਲਟੀ ਕਾਰਨਰ ਤੇ 2 ਪੈਨਲਟੀ ਸਟ੍ਰੋਕ ਰਾਹੀਂ ਕੀਤੇ।
ਪੂਜਾ ਸਾਹੂ ਨੇ ਪਹਿਲੇ ਹੀ ਮਿੰਟ ’ਚ ਪੈਨਲਟੀ ਸਟ੍ਰੋਕ ਨੂੰ ਗੋਲ ’ਚ ਬਦਲ ਕੇ ਭਾਰਤ ਦਾ ਖਾਤਾ ਖੋਲ੍ਹਿਆ। ਚੌਥੇ ਮਿੰਟ ’ਚ ਪੂਰਨਿਮਾ ਯਾਦਵ ਨੇ ਗੋਲ ਕਰਕੇ ਵਾਧਾ ਦੁੱਗਣਾ ਕਰ ਦਿੱਤਾ। ਸਾਬਕਾ ਚੈਂਪੀਅਨ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ 8ਵੇਂ ਮਿੰਟ ’ਚ ਬਿਨੀਮਾ ਧਨ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ ਜਦਕਿ 14ਵੇਂ ਮਿੰਟ ’ਚ ਕ੍ਰਿਸ਼ਨਾ ਸ਼ਰਮਾ ਨੇ ਇਕ ਹੋਰ ਗੋਲ ਕਰ ਦਿੱਤਾ। ਪੂਰਨਿਮਾ ਨੇ ਦੂਜੇ ਕੁਆਰਟਰ ’ਚ 17ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਆਪਣਾ ਦੂਜਾ ਗੋਲ ਕੀਤਾ। ਇਸ ਤੋਂ ਬਾਅਦ ਹਾਫ ਟਾਈਮ ਤੋਂ ਪਹਿਲਾਂ ਦੋ ਹੋਰ ਗੋਲ ਹੋਏ। ਸੁਖਵੀਰ ਕੌਰ ਨੇ 21ਵੇਂ ਮਿੰਟ ਤੇ ਗੀਤਾ ਯਾਦਵ ਨੇ 28ਵੇਂ ਮਿੰਟ ’ਚ ਗੋਲ ਕੀਤਾ, ਜਿਸ ਨਾਲ ਭਾਰਤ ਹਾਫ ਟਾਈਮ ਤੱਕ 7-0 ਨਾਲ ਅੱਗੇ ਸੀ।
ਮਲੇਸ਼ੀਆ ਨੇ 38ਵੇਂ ਮਿੰਟ ’ਚ ਨੂਰ ਮੁਹੰਮਦ ਦੇ ਗੋਲ ਨਾਲ ਖਾਤਾ ਖੋਲ੍ਹਿਆ ਪਰ ਇਸ ਦੇ ਬਾਵਜੂਦ ਮੁਕਾਬਲੇ ’ਤੇ ਭਾਰਤ ਦਾ ਦਬਦਬਾ ਬਰਕਰਾਰ ਰਿਹਾ। ਮੈਚ ਦੇ 42ਵੇਂ ਮਿੰਟ ’ਚ ਇਕ ਹੋਰ ਪੈਨਲਟੀ ਕਾਰਨਰ ਮਿਲਣ ਤੋਂ ਬਾਅਦ ਪੂਜਾ ਨੇ ਆਪਣਾ ਦੂਜਾ ਗੋਲ ਪੂਰਾ ਕੀਤਾ। ਇਸ ਦੇ ਇਕ ਮਿੰਟ ਬਾਅਦ ਸਾਨਿਕਾ ਚੰਦਰਕਾਂਤ ਮਾਨੇ ਨੇ ਗੋਲ ਕਰਕੇ ਭਾਰਤ ਦੀ ਬੜ੍ਹਤ 9-1 ਕਰ ਦਿੱਤੀ। ਗੀਤਾ ਨੇ 53ਵੇਂ ਮਿੰਟ ’ਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ ਜਦਕਿ ਸਾਨਿਕਾ ਨੇ 58ਵੇਂ ਮਿੰਟ ’ਚ ਆਪਣਾ ਦੂਜਾ ਗੋਲ ਕਰਕੇ ਭਾਰਤ ਨੂੰ 11-1 ਦੀ ਵੱਡੀ ਜਿੱਤ ਦਿਵਾ ਦਿੱਤੀ।
ਇਸ ਜਿੱਤ ਨਾਲ ਭਾਰਤ ਨੇ 2 ਮੈਚਾਂ ’ਚ 2 ਜਿੱਤਾਂ ਦਰਜ ਕਰਕੇ 6 ਅੰਕ ਹਾਸਲ ਕੀਤੇ ਅਤੇ ਏਲੀਟ ਪੂਲ ਦੀ ਅੰਕ ਸੂਚੀ ’ਚ ਚੋਟੀ ਦੇ ਸਥਾਨ ’ਤੇ ਪਹੁੰਚ ਗਿਆ। ਚੀਨ ਤੇ ਜਾਪਾਨ 3-3 ਅੰਕਾਂ ਨਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਦੋਵਾਂ ਨੇ 1-1 ਮੈਚ ਖੇਡ ਕੇ ਜਿੱਤ ਦਰਜ ਕੀਤੀ ਹੈ ਤੇ ਗੋਲ ਫਰਕ ਦੇ ਆਧਾਰ ’ਤੇ ਚੀਨ ਅੱਗੇ ਹੈ। ਦੱਖਣੀ ਕੋਰੀਆ ਤੇ ਮਲੇਸ਼ੀਆ 2-2 ਹਾਰਾਂ ਤੋਂ ਬਾਅਦ ਕ੍ਰਮਵਾਰ ਚੌਥੇ ਅਤੇ 5ਵੇਂ ਸਥਾਨ ’ਤੇ ਹਨ। ਭਾਰਤ ਹੁਣ ਪੂਲ ਗੇੜ ਦੇ ਆਪਣੇ ਤੀਜੇ ਮੁਕਾਬਲੇ ’ਚ 8 ਸਤੰਬਰ ਨੂੰ ਜਾਪਾਨ ਦਾ ਸਾਹਮਣਾ ਕਰੇਗਾ।
ਭਾਰਤ ਨੇ ਜਾਪਾਨ ਨਾਲ 3-3 ਦਾ ਡਰਾਅ ਖੇਡਿਆ
-ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਜੂਨੀਅਰ ਏਸ਼ੀਆ ਕੱਪ ਦੇ ਪੂਲ-ਏ ਦੇ ਆਪਣੇ ਦੂਜੇ ਮੁਕਾਬਲੇ ’ਚ ਸ਼ਾਨਦਾਰ ਜੁਝਾਰੂਪਨ ਦਿਖਾਉਂਦੇ ਹੋਏ ਜਾਪਾਨ ਵਿਰੁੱਧ 3-3 ਨਾਲ ਡਰਾਅ ਖੇਡਿਆ। ਇੰਡੋਨੇਸ਼ੀਆ ਵਿਰੁੱਧ ਪਹਿਲੇ ਪੂਲ ਮੈਚ ’ਚ 14-0 ਦੀ ਵੱਡੀ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਨੇ ਚੌਥੇ ਮਿੰਟ ’ਚ ਪੈਨਲਟੀ ਸਟ੍ਰੋਕ ਰਾਹੀਂ ਵਾਧਾ ਹਾਸਲ ਕੀਤਾ। ਫਾਊਲ ਤੋਂ ਬਾਅਦ ਮਿਲੇ ਇਸ ਮੌਕੇ ਨੂੰ ਕਪਤਾਨ ਅਨਮੋਲ ਏਕਾ ਨੇ ਗੋਲ ’ਚ ਬਦਲ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਦਬਾਅ ਬਣਾਈ ਰੱਖਿਆ ਤੇ 10ਵੇਂ ਮਿੰਟ ’ਚ ਆਸ਼ੂ ਮੌਰਿਆ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਟੀਮ ਦੀ ਬੜ੍ਹਤ 2-0 ਕਰ ਦਿੱਤੀ। ਜਾਪਾਨ ਨੇ ਤੁਰੰਤ ਜਵਾਬੀ ਹਮਲਾ ਕਰਦਿਆਂ 11ਵੇਂ ਮਿੰਟ ’ਚ ਪੈਨਲਟੀ ਕਾਰਨਰ ਹਾਸਲ ਕੀਤਾ। ਰਯੂਸ਼ਿਨ ਸਾਸਾਕੀ ਨੇ ਇਸ ਮੌਕੇ ਨੂੰ ਗੋਲ ’ਚ ਬਦਲ ਕੇ ਫਰਕ 2-1 ਕਰ ਦਿੱਤਾ। ਦੂਜੇ ਕੁਆਰਟਰ ’ਚ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਜਾਰੀ ਰੱਖੀ।
ਭਾਰਤ ਬੜ੍ਹਤ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਜਾਪਾਨ ਬਰਾਬਰੀ ਦੀ ਭਾਲ ’ਚ ਸੀ। ਹਾਫ ਟਾਈਮ ਤੱਕ ਭਾਰਤ 2-1 ਨਾਲ ਅੱਗੇ ਸੀ। ਤੀਜੇ ਕੁਆਰਟਰ ’ਚ ਵੀ ਇਹੋ ਸਿਲਸਿਲਾ ਜਾਰੀ ਰਿਹਾ। ਆਖਰੀ ਤੇ ਚੌਥੇ ਕੁਆਰਟਰ ’ਚ ਜਾਪਾਨ ਨੇ ਬਰਾਬਰੀ ਲਈ ਦਬਾਅ ਵਧਾ ਦਿੱਤਾ। ਉਸ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਦੋਬਾਰਾ ਦਿੱਤੇ ਗਏ ਪੈਨਲਟੀ ਕਾਰਨਰ ’ਤੇ ਕਪਤਾਨ ਕਾਜ਼ੁਕੀ ਨਾਕਾਨਿਸ਼ੀ ਨੇ 48ਵੇਂ ਮਿੰਟ ’ਚ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਜਾਪਾਨ ਨੇ ਮੈਚ ਦੇ ਆਖਰੀ 5 ਮਿੰਟਾਂ ’ਚ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ। ਭਾਰਤ ਨੇ ਸ਼ੁਰੂਆਤੀ ਕੋਸ਼ਿਸ਼ ਦਾ ਚੰਗੀ ਤਰ੍ਹਾਂ ਬਚਾਅ ਕੀਤਾ ਪਰ ਗੇਂਦ ਗੋਲ ਪੋਸਟ ਤੋਂ ਦੂਰ ਨਹੀਂ ਕਰ ਸਕਿਆ, ਜਿਸ ਨਾਲ ਜਾਪਾਨ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲ ਗਿਆ। ਇਸ ਵਾਰ ਜਾਪਾਨ ਦੀ ਫਲਿੱਕ ਨਿਸ਼ਾਨੇ ਤੋਂ ਬਾਹਰ ਚਲੀ ਗਈ। ਜਾਪਾਨ ਨੇ ਇਸ ਤੋਂ ਬਾਅਦ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ। ਨਾਕਾਨਿਸ਼ੀ ਨੇ 59ਵੇਂ ਮਿੰਟ ’ਚ ਫਿਰ ਗੋਲ ਕਰਦਿਆਂ ਜਾਪਾਨ ਨੂੰ 3-2 ਦੀ ਬੜ੍ਹਤ ਦਿਵਾ ਦਿੱਤੀ।
ਬਰਾਬਰੀ ਦੀ ਭਾਲ ’ਚ ਭਾਰਤ ਨੇ ਗੋਲਕੀਪਰ ਨੂੰ ਬਾਹਰ ਕਰਕੇ ਵਾਧੂ ਖਿਡਾਰੀ ਉਤਾਰਿਆ। ਉਸ ਦੀਆਂ ਕੋਸ਼ਿਸ਼ਾਂ ਦਾ ਫਲ ਮਿਲਿਆ ਅਤੇ ਮੈਚ ’ਚ ਸਿਰਫ 59 ਸੈਕੰਡ ਬਾਕੀ ਰਹਿੰਦਿਆਂ ਭਾਰਤ ਨੂੰ ਪੈਨਲਟੀ ਕਾਰਨਰ ਮਿਲ ਗਿਆ। ਅਨਮੋਲ ਇਕ ਵਾਰ ਫਿਰ ਅੱਗੇ ਆਇਆ ਅਤੇ ਇਸ ਮੌਕੇ ਨੂੰ ਗੋਲ ’ਚ ਬਦਲ ਕੇ ਸਕੋਰ 3-3 ਕਰ ਦਿੱਤਾ। ਭਾਰਤ ਹੁਣ ਪੂਲ-ਏ ਦੇ ਆਪਣੇ ਤੀਜੇ ਮੁਕਾਬਲੇ ’ਚ ਮੰਗਲਵਾਰ ਨੂੰ ਕੋਰੀਆ ਦਾ ਸਾਹਮਣਾ ਕਰੇਗਾ।
