IPL ਤੋਂ ਬਾਅਦ ਟੈਸਟ ਮੈਚਾਂ ਤੋਂ ਵੀ ਹੋਇਆ ਬਾਹਰ ਧਾਕੜ ਖਿਡਾਰੀ !
Friday, May 01, 2026 - 02:52 PM (IST)
ਸਪੋਰਟਸ ਡੈਸਕ : ਨਿਊਜ਼ੀਲੈਂਡ ਦੀ ਸੀਮਿਤ ਓਵਰਾਂ ਦੀ ਟੀਮ ਦੇ ਕਪਤਾਨ ਮਿਸ਼ੇਲ ਸੈਂਟਨਰ ਮੋਡੇ ਦੀ ਸੱਟ ਕਾਰਨ ਘੱਟੋ-ਘੱਟ ਇੱਕ ਮਹੀਨੇ ਲਈ ਮੈਦਾਨ ਤੋਂ ਬਾਹਰ ਹੋ ਗਏ ਹਨ। ਇਸ ਸੱਟ ਕਾਰਨ ਉਹ ਆਇਰਲੈਂਡ ਵਿਰੁੱਧ ਹੋਣ ਵਾਲੇ ਇਕਲੌਤੇ ਟੈਸਟ ਅਤੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਵਿੱਚ ਨਹੀਂ ਖੇਡ ਸਕਣਗੇ।
ਕਿਵੇਂ ਲੱਗੀ ਸੱਟ?
34 ਸਾਲਾ ਸੈਂਟਨਰ ਨੂੰ ਇਹ ਸੱਟ ਇੰਡੀਅਨ ਪ੍ਰੀਮੀਅਰ ਲੀਗ (IPL 2026) ਦੌਰਾਨ ਲੱਗੀ ਸੀ। 23 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡੇ ਗਏ ਮੈਚ ਦੌਰਾਨ ਫੀਲਡਿੰਗ ਕਰਦੇ ਸਮੇਂ ਉਹ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਕਾਰਤਿਕ ਸ਼ਰਮਾ ਦਾ ਡਾਈਵ ਲਗਾ ਕੇ ਕੈਚ ਫੜਿਆ ਸੀ, ਜਿਸ ਦੌਰਾਨ ਉਨ੍ਹਾਂ ਦੇ ਖੱਬੇ ਮੋਡੇ ਅਤੇ ਸਿਰ 'ਤੇ ਸੱਟ ਲੱਗ ਗਈ।
ਮਾਹਿਰਾਂ ਦੀ ਸਲਾਹ ਅਤੇ ਵਾਪਸੀ
ਨਿਊਜ਼ੀਲੈਂਡ ਕ੍ਰਿਕਟ (NZC) ਮੁਤਾਬਕ ਸੈਂਟਨਰ ਇਸ ਹਫ਼ਤੇ ਸਵਦੇਸ਼ ਪਰਤ ਆਏ ਹਨ ਅਤੇ ਉਨ੍ਹਾਂ ਨੇ ਮਾਹਿਰ ਡਾਕਟਰਾਂ ਨਾਲ ਸਲਾਹ ਕੀਤੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘੱਟੋ-ਘੱਟ ਇੱਕ ਮਹੀਨੇ ਦੇ ਆਰਾਮ ਅਤੇ ਰੀਹੈਬਲੀਟੇਸ਼ਨ ਦੀ ਸਲਾਹ ਦਿੱਤੀ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇੰਗਲੈਂਡ ਵਿਰੁੱਧ ਦੂਜੇ ਤੇ ਤੀਜੇ ਟੈਸਟ ਮੈਚ ਵਿੱਚ ਉਨ੍ਹਾਂ ਦੀ ਉਪਲਬਧਤਾ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਅਗਲਾ ਸ਼ਡਿਊਲ
ਨਿਊਜ਼ੀਲੈਂਡ ਅਤੇ ਆਇਰਲੈਂਡ ਵਿਚਾਲੇ ਚਾਰ ਦਿਨਾਂ ਟੈਸਟ ਮੈਚ 27 ਮਈ ਤੋਂ ਬੇਲਫਾਸਟ ਵਿੱਚ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਕੀਵੀ ਟੀਮ ਇੰਗਲੈਂਡ ਵਿਰੁੱਧ ਲਾਰਡਸ (4-8 ਜੂਨ), ਓਵਲ (17-21 ਜੂਨ) ਅਤੇ ਟ੍ਰੈਂਟ ਬ੍ਰਿਜ (25-29 ਜੂਨ) ਵਿੱਚ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
