ਵਿਰੋਧੀ ਧਿਰ ਦੀ ਏਕਤਾ ਹੋਣੀ ਮੁਸ਼ਕਿਲ ਪਰ ਕੋਸ਼ਿਸ਼ ਕਰਨ ’ਚ ਕੋਈ ਨੁਕਸਾਨ ਨਹੀਂ

01/23/2019 7:41:45 AM

ਕੀ ਵਿਰੋਧੀ ਧਿਰ ਇਕਜੁੱਟ ਹੋ ਕੇ ਆਉਣ ਵਾਲੇ ਮਹੀਨਿਅਾਂ ’ਚ ਭਾਜਪਾ ਲਈ ਇਕ ਚੁਣੌਤੀ ਪੈਦਾ ਕਰ ਸਕਦੀ ਹੈ? ਇਸ ’ਚ ਕਈ ਕਿੰਤੂ-ਪ੍ਰੰਤੂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਤੇ ਸ਼ਨੀਵਾਰ ਕੋਲਕਾਤਾ ਦੇ ਬ੍ਰਿਗੇਡ ਮੈਦਾਨ ’ਚ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਸੀ। ਸੱਤਾਧਾਰੀ ਭਾਜਪਾ ਵਿਰੁੱਧ ਗੱਠਜੋੜ ਬਣਾਉਣ ਲਈ ਰੂਪ-ਰੇਖਾ ਤਿਆਰ ਕਰਨ ਵਾਸਤੇ ਵਿਰੋਧੀ ਪਾਰਟੀਅਾਂ ਦੇ ਨੇਤਾ ਇਕੱਠੇ  ਹੋਏ ਅਤੇ ‘ਯੂਨਾਈਟਿਡ ਇੰਡੀਆ ਰੈਲੀ’ ਨੂੰ ਸੰਬੋਧਨ ਕਰਦਿਅਾਂ ਮਮਤਾ ਨੇ ਭਵਿੱਖਬਾਣੀ ਕੀਤੀ ਕਿ ਭਾਜਪਾ ਦੇ ਦਿਨ ਹੁਣ ਗਿਣੇ-ਚੁਣੇ ਰਹਿ ਗਏ ਹਨ ਅਤੇ ਮੋਦੀ ਸਰਕਾਰ ਦੀ ‘ਐਕਸਪਾਇਰੀ ਡੇਟ’ ਨਿਕਲ ਚੁੱਕੀ ਹੈ। 
ਰੈਲੀ ਸ਼ਾਇਦ ਭਾਜਪਾ ਸਰਕਾਰ ਨੂੰ ਬਾਹਰਲਾ ਰਸਤਾ ਦਿਖਾਉਣ ਲਈ ਇਸ ਸਾਲ ਦੀਅਾਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਯਤਨਾਂ ਦੀ ਸ਼ੁਰੂਆਤ ਸੀ। ਹਾਲਾਂਕਿ ਇਸ ਤੋਂ ਪਹਿਲਾਂ ਮਈ ’ਚ ਜਦੋਂ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਕਈ ਨੇਤਾਵਾਂ ਦੀ ਮੌਜੂਦਗੀ ’ਚ ਅਹੁਦੇ ਦੀ ਸਹੁੰ ਚੁੱਕੀ ਸੀ, ਉਸ ਤੋਂ ਬਾਅਦ ਕੋਈ ਤਰੱਕੀ ਨਹੀਂ ਹੋ ਸਕੀ ਪਰ ਇਸ ਵਾਰ ਸੰਭਾਵਨਾ ਹੈ ਕਿ ਅਾਂਧਰਾ ਪ੍ਰਦੇਸ਼ ਦੇ ਅਮਰਾਵਤੀ ’ਚ ਐੱਨ. ਚੰਦਰਬਾਬੂ ਨਾਇਡੂ ਵਲੋਂ ਇਕ ਹੋਰ ਰੈਲੀ ਕੀਤੀ ਜਾਵੇਗੀ ਤੇ ਇਕ ਰੈਲੀ ‘ਆਮ ਆਦਮੀ ਪਾਰਟੀ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ’ਚ ਕੀਤੀ ਜਾਵੇਗੀ। 
23 ਪਾਰਟੀਅਾਂ ਦੇ ਨੇਤਾ 
ਹੋਰਨਾਂ ਤੋਂ ਇਲਾਵਾ ਇਸ ਰੈਲੀ ’ਚ 23 ਪਾਰਟੀਅਾਂ ਦੇ ਨੇਤਾ ਸ਼ਾਮਿਲ ਸਨ, ਜਿਨ੍ਹਾਂ ’ਚ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ, ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ, ਅਰੁਣ ਸ਼ੋਰੀ, ਸ਼ਤਰੂਘਨ ਸਿਨ੍ਹਾ, 3 ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਅਰਵਿੰਦ ਕੇਜਰੀਵਾਲ ਅਤੇ ਕੁਮਾਰਸਵਾਮੀ, ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਫਾਰੂਖ ਅਬਦੁੱਲਾ, ਉਮਰ ਅਬਦੁੱਲਾ ਅਤੇ ਜੇਗੋਂਗ ਅਪਾਂਗ ਸ਼ਾਮਿਲ ਸਨ। 
ਮੰਚ ਤੋਂ ਮਮਤਾ ਬੈਨਰਜੀ ਨੇ ਦੇਸ਼ ਨੂੰ ਅਪੀਲ ਕੀਤੀ ਕਿ ‘ਬਦਲ ਦਿਓ, ਬਦਲ ਦਿਓ, ਦਿੱਲੀ ’ਚ ਸਰਕਾਰ ਬਦਲ ਦਿਓ’। ਹੋਰਨਾਂ ਬੁਲਾਰਿਅਾਂ ਨੇ ਵੀ ਅਜਿਹੀਅਾਂ ਹੀ ਭਾਵਨਾਵਾਂ ਪ੍ਰਗਟਾਈਅਾਂ। ਪਿਛਲੇ ਮਹੀਨੇ 3 ਵੱਡੇ ਸੂਬਿਅਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਭਾਜਪਾ ਦੀ ਹਾਰ ਤੋਂ ਬਾਅਦ ਵਿਰੋਧੀ ਧਿਰ ਦੀ ਏਕਤਾ ਲਈ ਇਹ ਪਹਿਲੀ ਵੱਡੀ ਕੋਸ਼ਿਸ਼ ਸੀ। 
ਵਿਰੋਧੀ ਧਿਰ ਨੇਤਾਵਾਂ ਰੂਪੀ ਦੌਲਤ ਦਾ ਦਾਅਵਾ ਕਰਦੀ ਹੈ ਪਰ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਨੇ ਸੰਕੇਤ ਦਿੱਤਾ ਹੈ, ਵੱਖ-ਵੱਖ ਪਾਰਟੀ ਆਗੂਅਾਂ ਲਈ ਆਪਣੇ ਮੱਤਭੇਦ ਭੁਲਾ ਕੇ ਇਕੱਠੇ  ਹੋਣਾ ਇਕ ਬਹੁਤ ਵੱਡਾ ਕੰਮ ਅਤੇ ਸਮੱਸਿਆ ਹੋਵੇਗੀ। ਵੱਖ-ਵੱਖ ਰੰਗਾਂ ਅਤੇ ਵਿਚਾਰਧਾਰਾਵਾਂ ਵਾਲੀਅਾਂ ਬਹੁਤ ਸਾਰੀਅਾਂ ਵਿਰੋਧੀ ਪਾਰਟੀਅਾਂ ਹਨ, ਜੋ ਵੱਖ-ਵੱਖ  ਦਿਸ਼ਾਵਾਂ ਵੱਲ ਭੱਜ ਰਹੀਅਾਂ ਹਨ। 
ਸੂਬਾ ਆਧਾਰਿਤ ਗੱਠਜੋੜ
ਸੰਭਾਵਨਾ ਇਕ ਕੌਮੀ ਗੱਠਜੋੜ ਦੀ ਨਹੀਂ, ਸੂਬਾ ਆਧਾਰਿਤ ਗੱਠਜੋੜਾਂ ਦੀ ਹੈ। ਖੇਤਰੀ ਨੇਤਾਵਾਂ ਦਾ ਹੰਕਾਰ ਏਕਤਾ ਦੇ ਰਾਹ ’ਚ ਅੜਿੱਕਾ ਬਣਦਾ ਹੈ। ਅਸਲ ’ਚ ਕਾਂਗਰਸ ਪਾਰਟੀ ਇਸੇ ਰਣਨੀਤੀ ’ਤੇ ਕੰਮ ਕਰ ਰਹੀ ਹੈ ਤੇ ਬਾਕੀ ਪਾਰਟੀਅਾਂ ਵੀ। ਮਿਸਾਲ ਵਜੋਂ ਯੂ. ਪੀ. ’ਚ ਕਾਂਗਰਸ ਨੂੰ ਬਾਹਰ ਰੱਖਦਿਅਾਂ ਸਪਾ-ਬਸਪਾ ਨੇ ਇਕ ਹੋਣ ਦਾ ਫੈਸਲਾ ਕੀਤਾ ਹੈ। 
ਪੱਛਮੀ ਬੰਗਾਲ ’ਚ ਕਾਂਗਰਸ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦਾ ਹੱਥ ਫੜੇਗੀ ਜਾਂ ਖੱਬੇਪੱਖੀ ਪਾਰਟੀਅਾਂ ਦਾ? ਕੀ ਅਾਂਧਰਾ ਪ੍ਰਦੇਸ਼ ’ਚ ਤੇਲਗੂਦੇਸ਼ਮ ਪਾਰਟੀ ਕਾਂਗਰਸ ਨਾਲ ਆਪਣੇ ਸਬੰਧ ਜਾਰੀ ਰੱਖੇਗੀ, ਜਿੱਥੇ ਕਾਂਗਰਸ ਦੀ ਸਥਿਤੀ ਲੱਗਭਗ ਜ਼ੀਰੋ ਹੈ?
ਉੱਤਰ-ਪੂਰਬ ’ਚ ਖੇਤਰੀ ਪਾਰਟੀਅਾਂ ਨਾਲ ਗੱਠਜੋੜ ਦੀ ਲੋੜ ਹੈ। ਖੱਬÆੀਆਂ ਪਾਰਟੀਅਾਂ ਇਸ ਤੋਂ ਬਾਹਰ ਰਹੀਅਾਂ ਹਨ ਕਿਉਂਕਿ ਉਹ ਮਮਤਾ ਬੈਨਰਜੀ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੁੰਦੀਅਾਂ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਜੋ ਸੰਘੀ ਮੋਰਚਾ ਬਣਾਉਣ ’ਚ ਰੁੱਝੇ ਹੋਏ ਸਨ, ਰੈਲੀ ’ਚੋਂ ਗੈਰ-ਹਾਜ਼ਰ ਸਨ ਕਿਉਂਕਿ ਉਹ ਨਾਇਡੂ ਤੇ ਕਾਂਗਰਸੀ ਨੇਤਾਵਾਂ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੁੰਦੇ। ਇਹੋ ਚੁਣੌਤੀਅਾਂ ਵਿਰੋਧੀ ਧਿਰ ਦੀ ਏਕਤਾ ’ਚ ਰੁਕਾਵਟ ਬਣਦੀਅਾਂ ਹਨ। 
ਇਸ ਮੁੱਦੇ ਦਾ ਹੱਲ ਹੋਣ ’ਤੇ ਫਿਰ ਇਹ ਸਵਾਲ ਆਉਂਦਾ ਹੈ ਕਿ ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ? ਫਿਲਹਾਲ ਇਸ ਨੂੰ ਇਹ ਕਹਿੰਦਿਅਾਂ ਠੰਡੇ ਬਸਤੇ ’ਚ ਪਾ ਦਿੱਤਾ ਗਿਆ ਹੈ ਕਿ ਇਹ ਇਕ ਸਮੂਹਿਕ ਲੀਡਰਸ਼ਿਪ ਹੋਵੇਗੀ ਤੇ ਉਮੀਦਵਾਰ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਦੀਅਾਂ ਸਥਿਤੀਅਾਂ ਦੇ ਆਧਾਰ ’ਤੇ ਕੀਤਾ ਜਾਵੇਗਾ। 
ਮਮਤਾ ਬੈਨਰਜੀ ਕਹਿੰਦੀ ਹੈ ਕਿ ‘ਭਾਜਪਾ ਨੂੰ ਬਾਹਰ ਸੁੱਟ ਦਿਓ, ਅਸੀਂ ਤੈਅ ਕਰ ਲਵਾਂਗੇ ਕਿ ਕੌਣ ਪ੍ਰਧਾਨ ਮੰਤਰੀ ਬਣ ਸਕਦਾ ਹੈ।’ ਇਥੋਂ ਤਕ ਕਿ ਕਾਂਗਰਸ ਵੀ ਸਹਿਮਤ ਹੈ ਕਿ ਇਹ ਫੈਸਲਾ ਚੋਣਾਂ ਤੋਂ ਬਾਅਦ ਦੀਅਾਂ ਸਥਿਤੀਅਾਂ ਮੁਤਾਬਿਕ ਲਿਆ ਜਾਣਾ ਚਾਹੀਦਾ ਹੈ। ਇਸ ਲਈ ਕਈ ਵੱਡੇ ਨੇਤਾ ਹੋਣ ਦੇ ਬਾਵਜੂਦ ਵਿਰੋਧੀ ਧਿਰ ਮੋਦੀ ਨੂੰ ਚੁਣੌਤੀ ਦੇਣ ਵਾਲੇ ਤੋਂ ਬਿਨਾਂ ਮੈਦਾਨ ’ਚ ਉਤਰੇਗੀ। 
ਤੀਜੀ ਚੁਣੌਤੀ ਖੇਤਰੀ ਨੇਤਾਵਾਂ ਸਾਹਮਣੇ ਹੋਵੇਗੀ ਕਿ ਉਹ ਆਪੋ-ਆਪਣੇ ਸੂਬਿਅਾਂ ’ਚ ਚੋਣਾਂ ਜਿੱਤਣ ਲਈ ਅਸਾਧਾਰਨ ਦ੍ਰਿੜ੍ਹਤਾ ਦਿਖਾਉਣ। ਉਨ੍ਹਾਂ ਨੇ 2014 ’ਚ ਪ੍ਰਭਾਵਸ਼ਾਲੀ ਗਿਣਤੀ ’ਚ ਸੀਟਾਂ ਜਿੱਤ ਕੇ ਚੰਗੀ ਕਾਰਗੁਜ਼ਾਰੀ ਦਿਖਾਈ ਸੀ। ਉਸ ਕਾਰਗੁਜ਼ਾਰੀ ਨੂੰ ਦੁਹਰਾਉਣਾ ਮੋਦੀ ਨੂੰ ਚੁਣੌਤੀ ਦੇਣ ਵਾਲਾ ਇਕ ਚਿਰਸਥਾਈ ਕਦਮ ਸਿੱਧ ਹੋਵੇਗਾ। 
ਚੌਥੀ ਚੁਣੌਤੀ ਭਾਜਪਾ ਦੇ ਵਿਰੁੱਧ ‘ਇਕ ਦੇ ਸਾਹਮਣੇ ਇਕ ਦੀ ਲੜਾਈ’ ਹੈ। ਇਹ ਵਿਰੋਧੀ ਧਿਰ ਦੀਅਾਂ ਵੋਟਾਂ ਨੂੰ ਵੰਡ ਹੋਣ ਤੋਂ ਬਚਾਏਗਾ ਪਰ ਅਜਿਹਾ ਮੁਸ਼ਕਿਲ ਲੱਗਦਾ ਹੈ। ਇਸ ਵਾਰ ਦੀਅਾਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਲਈ ਮੋਦੀ ਵੰਡੀ ਹੋਈ ਵਿਰੋਧੀ ਧਿਰ ’ਤੇ ਨਿਰਭਰ ਕਰਦੇ ਹਨ। 
ਵਿਰੋਧੀ ਧਿਰ ਕੋਲ ਕੋਈ ਨਵੀਂ ਸਕ੍ਰਿਪਟ ਨਹੀਂ
ਪੰਜਵੀਂ ਅਤੇ ਹੋਰ ਵੀ ਅਹਿਮ ਚੁਣੌਤੀ ਇਹ ਹੈ ਕਿ ਵਿਰੋਧੀ ਧਿਰ ਕੋਲ ਕੋਈ ਨਵੀਂ ਸਕ੍ਰਿਪਟ ਨਹੀਂ ਹੈ। ਸਿਰਫ ਮੋਦੀ ਨੂੰ ਨਿੰਦਣ ਨਾਲ ਹੀ ਉਨ੍ਹਾਂ ਨੂੰ ਵੋਟਾਂ ਨਹੀਂ ਮਿਲਣਗੀਅਾਂ। ਜਦੋਂ ਤਕ ਵਿਰੋਧੀ ਪਾਰਟੀਅਾਂ ਕਿਸੇ ਕਲਪਨਾ ਨਾਲ ਅੱਗੇ ਨਹੀਂ ਆਉਂਦੀਅਾਂ, ਵੋਟਰਾਂ ’ਚ ਜੋਸ਼ ਨਹੀਂ ਆਵੇਗਾ।
ਮੋਦੀ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ’ਚ ਪ੍ਰਤੀਕਿਰਿਆ ਦਿੰਦਿਅਾਂ ਕਿਹਾ ਹੈ ਕਿ ‘‘ਭ੍ਰਿਸ਼ਟਾਚਾਰ ਨੂੰ ਲੈ ਕੇ ਮੇਰੇ ਰਵੱਈਏ ਨੇ ਕੁਝ ਲੋਕਾਂ ਨੂੰ ਗੁੱਸਾ ਦਿਵਾਇਆ ਹੈ ਕਿਉਂਕਿ ਮੈਂ ਉਨ੍ਹਾਂ ਨੂੰ ਲੋਕਾਂ ਦਾ ਪੈਸਾ ਲੁੱਟਣ ਤੋਂ ਰੋਕ ਦਿੱਤਾ ਹੈ। ਹੁਣ ਉਨ੍ਹਾਂ ਨੇ ਮਹਾਗੱਠਜੋੜ ਬਣਾ ਲਿਆ ਹੈ।’’
ਇਸ ਗੱਲ ’ਚ ਸ਼ੱਕ ਨਹੀਂ ਕਿ ਵਿਰੋਧੀ ਧਿਰ ਦੀ ਏਕਤਾ  ਹੋਣੀ ਮੁਸ਼ਕਿਲ ਹੈ ਪਰ ਕੋਸ਼ਿਸ਼ ਕਰਨ ’ਚ ਕੋਈ ਨੁਕਸਾਨ ਨਹੀਂ। ਆਖਿਰ ਭਾਜਪਾ 2014 ’ਚ ਸਿਰਫ 31 ਫੀਸਦੀ ਵੋਟ ਹਿੱਸੇਦਾਰੀ ਨਾਲ ਸੱਤਾ ’ਚ ਆਈ ਸੀ। ਜਿਵੇਂ ਕਿ ਵਿਰੋਧੀ ਧਿਰ ਦੇ ਇਕ ਨੇਤਾ ਨੇ ਕਿਹਾ ਹੈ, ‘‘ਮੰਜ਼ਿਲ ਬਹੁਤ ਦੂਰ ਹੈ, ਰਾਸਤਾ ਬਹੁਤ ਕਠਿਨ ਹੈ। ਦਿਲ ਮਿਲੇ ਨਾ ਮਿਲੇ, ਹਾਥ ਮਿਲਾ ਕੇ ਚਲੋ’। ਆਉਣ ਵਾਲੇ ਦਿਨ ਅਤੇ ਮਹੀਨੇ ਦਿਖਾਉਣਗੇ ਕਿ ਕੀ ਵਿਰੋਧੀ ਧਿਰ ਜੋ ਕਹਿੰਦੀ ਹੈ, ਉਹ ਕਰਦੀ ਵੀ ਹੈ?         (kalyani60@gmail.com)