ਚੀਨ ’ਚ ਟੈਕਸਟਾਈਲ ਉਦਯੋਗ ਬੰਦ, ਬੇਰੋਜ਼ਗਾਰੀ ਵਧੀ
Saturday, Nov 25, 2023 - 04:11 PM (IST)
ਇਨ੍ਹੀਂ ਦਿਨੀਂ ਮੱਧ ਪੂਰਬੀ ਚੀਨ ਦੇ ਹੇਨਾਨ ਸੂਬੇ ’ਚ ਟੈਕਸਟਾਈਲ ਫੈਕਟਰੀਆਂ ’ਚ ਬੰਦੀ ਦਾ ਦੌਰ ਚੱਲ ਰਿਹਾ ਹੈ, ਜਿਸ ਕਾਰਨ ਇੱਥੇ ਬੇਰੋਜ਼ਗਾਰੀ ਵਧਦੀ ਜਾ ਰਹੀ ਹੈ। ਹੇਨਾਨ ਸੂਬੇ ’ਚ ਨਾ ਸਿਰਫ ਟੈਕਸਟਾਈਲ ਉਦਯੋਗ ਬੰਦ ਹੁੰਦੇ ਜਾ ਰਹੇ ਹਨ ਸਗੋਂ ਬਾਕੀ ਉਦਯੋਗ ਵੀ ਬੰਦ ਹੋ ਰਹੇ ਹਨ। ਇਸ ਨਾਲ ਲਾਜਿਸਟਿਕਸ ਉਦਯੋਗ ’ਤੇ ਬੁਰਾ ਅਸਰ ਪੈ ਰਿਹਾ ਹੈ।
ਲਾਜਿਸਟਿਕਸ ਉਦਯੋਗ ਨਾਲ ਜੁੜੇ ਲੋਕਾਂ ਦੀ ਚਿੰਤਾ ਇਹ ਹੈ ਕਿ ਹੇਨਾਨ ਸੂਬੇ ’ਚ ਲਗਾਤਾਰ ਬੰਦ ਹੁੰਦੇ ਜਾ ਰਹੇ ਉਦਯੋਗਾਂ ਕਾਰਨ ਉਨ੍ਹਾਂ ਦਾ ਕੰਮ ਵੀ ਬੰਦ ਹੋਣ ਦੇ ਕੰਢੇ ’ਤੇ ਹੈ ਕਿਉਂਕਿ ਵਿਨਿਰਮਾਣ ਨਾਲ ਜੁੜੇ ਹਰ ਉਦਯੋਗ ’ਚ ਕੱਚੇ ਮਾਲ ਨੂੰ ਬੰਦਰਗਾਹਾਂ ਅਤੇ ਰੇਲਵੇ ਸਟੇਸ਼ਨਾਂ ਤੋਂ ਫੈਕਟਰੀਆਂ ਤੱਕ ਪਹੁੰਚਾਉਣਾ ਅਤੇ ਉਸ ਦੇ ਬਾਅਦ ਤਿਆਰ ਮਾਲ ਨੂੰ ਵਾਪਸ ਬੰਦਰਗਾਹਾਂ ਤੱਕ ਪਹੁੰਚਾਉਣ ’ਚ ਰਸਦ ਭਾਵ ਲਾਜਿਸਟਿਸ ਉਦਯੋਗ ਦਾ ਵੱਡਾ ਯੋਗਦਾਨ ਰਹਿੰਦਾ ਹੈ।
ਇਨ੍ਹਾਂ ਉਦਯੋਗਾਂ ਦੇ ਬੰਦ ਹੋਣ ਨਾਲ ਜਿੱਥੇ ਇਕ ਪਾਸੇ ਲਾਜਿਸਟਿਕਸ ਉਦਯੋਗ ਬੰਦ ਹੋ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਬੇਰੋਜ਼ਗਾਰੀ ’ਚ ਭਾਰੀ ਵਾਧਾ ਹੋ ਰਿਹਾ ਹੈ। ਹੇਨਾਨ ਸੂਬੇ ’ਚ ਸਭ ਤੋਂ ਵੱਧ ਨੁਕਸਾਨ ਸ਼ਿਨਏ ਕਾਊਂਟੀ ਨੂੰ ਹੋਇਆ ਹੈ ਜੋ ਹੇਨਾਨ ਸੂਬੇ ’ਚ ਟੈਕਸਟਾਈਲ ਉਦਯੋਗ ਦਾ ਕੇਂਦਰ ਮੰਨਿਆ ਜਾਂਦਾ ਹੈ।
ਟਰੱਕ ਚਲਾਉਣ ਵਾਲੀਆਂ ਕੰਪਨੀਆਂ ਨੂੰ ਵੀ ਇਸ ਕਾਰਨ ਕੰਮ ਬਹੁਤ ਘੱਟ ਮਿਲ ਰਿਹਾ ਹੈ ਅਤੇ ਟਰੱਕ ਡਰਾਈਵਰ ਜਿਨ੍ਹਾਂ ਦੀ ਰੋਜ਼ੀ-ਰੋਟੀ ਹੀ ਸਾਮਾਨ ਨੂੰ ਇਕ ਤੋਂ ਦੂਜੀ ਥਾਂ ਪਹੁੰਚਾਉਣ ਨਾਲ ਚੱਲਦੀ ਹੈ, ਹੁਣ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਹੋਣ ਲੱਗੀ ਹੈ। ਲਾਜਿਸਟਿਕਸ ਉਦਯੋਗ ਦੇ ਸਾਹਮਣੇ ਬੇਯਕੀਨੀ ਭਰਿਆ ਮਾਹੌਲ ਹੈ। ਅਜਿਹੇ ’ਚ ਇਹ ਆਪਣੇ ਟਰੱਕਾਂ ਦੇ ਪੂਰੇ ਦਸਤੇ ਨੂੰ ਹਟਾਉਣ ਜਾ ਰਹੇ ਹਨ।
ਇਸ ਦਾ ਸਭ ਤੋਂ ਬੁਰਾ ਅਸਰ ਟਰੱਕ ਚਲਾਉਣ ਵਾਲੇ ਡਰਾਈਵਰਾਂ ਅਤੇ ਉਨ੍ਹਾਂ ਦੇ ਖਲਾਸੀਆਂ ’ਤੇ ਪਵੇਗਾ। ਹੇਨਾਨ ਸੂਬੇ ’ਚ ਪਹਿਲਾਂ ਹੀ ਵੱਡੀ ਆਬਾਦੀ ਦੱਖਣ-ਪੂਰਬੀ ਚੀਨ ਦੇ ਵੱਡੇ ਸ਼ਹਿਰਾਂ ’ਚ ਕੰਮ ਕਰਨ ਚਲੀ ਗਈ ਹੈ। ਹੁਣ ਟੈਕਸਟਾਈਲ ਉਦਯੋਗ ਅਤੇ ਦੂਜੇ ਉਦਯੋਗਾਂ ਦੇ ਬੰਦ ਹੋਣ ਨਾਲ ਨਵੇਂ ਬੇਰੋਜ਼ਗਾਰਾਂ ਦੀ ਫੌਜ ਵੀ ਜਲਦੀ ਹੀ ਹੇਨਾਨ ਸੂਬੇ ਤੋਂ ਬਾਹਰ ਚਲੀ ਜਾਵੇਗੀ।
ਲੋਕਾਂ ਲਈ ਜੋ ਅੰਕੜੇ ਮੁਹੱਈਆ ਹਨ, ਉਨ੍ਹਾਂ ਅਨੁਸਾਰ ਨਾਨਯਾਂਗ ਸ਼ਹਿਰ, ਜਿਸ ਨੂੰ ਹੇਨਾਨ ਸੂਬੇ ’ਚ ਟੈਕਸਟਾਈਲ ਉਤਪਾਦਨ ਦਾ ਗੜ੍ਹ ਕਿਹਾ ਜਾਂਦਾ ਹੈ, ਇੱਥੇ 1974 ਰਜਿਸਟਰਡ ਕਾਰਖਾਨੇ ਹਨ ਜਿੱਥੇ ਟੈਕਸਟਾਈਲ ਅਤੇ ਕੱਪੜਾ ਉਤਪਾਦਨ ਦਾ ਕੰਮ ਚੱਲਦਾ ਹੈ। ਇਸ ਸਾਲ ਜੁਲਾਈ ’ਚ ਹੇਨਾਨ ਸ਼ਿਨਏ ਟੈਕਸਟਾਈਲ ਕੰਪਨੀ ਜੋ ਕਿ ਸਰਕਾਰ ਵੱਲੋਂ ਸਮਰਥਿਤ ਹੈ, ਉਸ ਨੇ ਸਰਕਾਰ ਨੂੰ ਅਰਜ਼ੀ ਦਿੱਤੀ ਸੀ ਕਿ ਉਹ ਖੁਦ ਨੂੰ ਮੁੜ ਗਠਿਤ ਕਰੇਗੀ ਕਿਉਂਕਿ ਲਗਾਤਾਰ ਵਧਦੇ ਕਰਜ਼ੇ ਕਾਰਨ ਉੱਥੇ ਕੰਮ ਨਹੀਂ ਹੋ ਰਿਹਾ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਕੰਪਨੀ ਪਬਲਿਕ ਲਿਸਟਿਡ ਕੰਪਨੀ ਹੈ ਅਤੇ ਇਸ ਦਾ ਮਾਲਕਾਨਾ ਹੱਕ ਸਰਕਾਰ ਕੋਲ ਹੈ, ਬਾਵਜੂਦ ਇਸ ਦੇ, ਇਸ ਕੰਪਨੀ ਦੀ ਇੰਨੀ ਜ਼ਿਆਦਾ ਦੁਰਦਸ਼ਾ ਹੋ ਰਹੀ ਹੈ ਕਿਉਂਕਿ ਇਨ੍ਹਾਂ ਕੋਲ ਜੋ ਕੰਮ ਵਿਦੇਸ਼ਾਂ ਤੋਂ ਆ ਰਿਹਾ ਸੀ, ਉਹ ਹੁਣ ਨਹੀਂ ਆ ਰਿਹਾ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਪਿਛਲੇ 7 ਮਹੀਨਿਆਂ ਤੋਂ ਇਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਸੀ।
ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਅਨੁਸਾਰ ਹੇਨਾਨ ਸੂਬੇ ’ਚ ਸ਼ਿਨਏ ਕਾਊਂਟੀ ਟੈਕਸਟਾਈਲ ਉਤਪਾਦਨ ਦਾ ਗੜ੍ਹ ਹੈ ਜਿੱਥੇ ਕਿੰਨੇ ਸਾਰੇ ਮੁਲਾਜ਼ਮ ਅਤੇ ਅਧਿਕਾਰੀ ਕੰਮ ਕਰਦੇ ਹਨ। ਹੁਣ ਇਹ ਸਾਰੀਆਂ ਫੈਕਟਰੀਆਂ ਬੰਦ ਪਈਆਂ ਹਨ, ਇਸ ਕਾਰਨ ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਦੱਖਣ ਅਤੇ ਦੱਖਣ-ਪੂਰਬੀ ਚੀਨ ਦੇ ਉਦਯੋਗਿਕ ਸੂਬਿਆਂ ’ਚ ਕੰਮ ਕਰਨ ਲਈ ਜਾਣਾ ਪਵੇਗਾ ਜਿਵੇਂ ਚਿਆਂਗਸੂ, ਚਚਯਾਂਗ ਅਤੇ ਸ਼ੰਘਾਈ।
ਹੁਣ ਸ਼ਿਨਯੇ ਕਾਊਂਟੀ ’ਚ ਆਬਾਦੀ ਪਹਿਲਾਂ ਤੋਂ ਵੀ ਘੱਟ ਹੋ ਜਾਵੇਗੀ, ਪਹਿਲਾਂ ਹੀ ਚੀਨ ਦੇ ਖਾਹਿਸ਼ੀ ਬੈਲਟ ਐਂਡ ਰੋਡ ਪ੍ਰਾਜੈਕਟ ਕਾਰਨ ਇੱਥੋਂ ਦੇ ਲੋਕ ਕਾਊਂਟੀ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਹਨ, ਜਿਸ ਕਾਰਨ ਇਹ ਇਲਾਕਾ ਵੀਰਾਨ ਹੋ ਚੱਲਿਆ ਸੀ, ਹੁਣ ਟੈਕਸਟਾਈਲ ਫੈਕਟਰੀਆਂ ਦੇ ਬੰਦ ਹੋਣ ਕਾਰਨ ਬਚੀ ਹੋਈ ਆਬਾਦੀ ਵੀ ਇੱਥੋਂ ਚਲੀ ਜਾਵੇਗੀ।
ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਬੀ. ਆਰ. ਆਈ. ਕਾਰਨ ਇੱਥੋਂ ਪੈਸੇ ਅਤੇ ਸੋਮੇ ਪਹਿਲਾਂ ਹੀ ਬਾਹਰ ਚਲੇ ਗਏ ਹਨ। ਹੁਣ ਇੱਥੇ ਲੋਕ ਵੀ ਨਹੀਂ ਰਹਿਣਗੇ ਤਾਂ ਭੂਤਾਂ ਵਾਲੀਆਂ ਕਾਊਂਟੀਆਂ ਦੀ ਸੂਚੀ ’ਚ ਹੁਣ ਇਕ ਨਵਾਂ ਨਾਂ ਜੁੜ ਜਾਵੇਗਾ।
ਚੀਨ ’ਚ ਪਹਿਲਾਂ ਤੋਂ ਹੀ ਉਦਯੋਗੀਕਰਨ ਕਾਰਨ ਆਬਾਦੀ ਦੀ ਘਣਤਾ ਦੱਖਣ-ਪੂਰਬੀ ਅਤੇ ਦੱਖਣੀ ਚੀਨ ’ਚ ਬੇਹੱਦ ਜ਼ਿਆਦਾ ਹੈ ਕਿਉਂਕਿ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਹਾਂਗਕਾਂਗ, ਮਕਾਊ ਅਤੇ ਦੂਜੇ ਖੇਤਰਾਂ ’ਚ ਵਪਾਰਕ ਸਰਗਰਮੀਆਂ ’ਚ ਤੇਜ਼ੀ ਰਹੀ, ਜਿਸ ਕਾਰਨ ਦੂਰ-ਦੁਰਾਡੇ ਦੇ ਇਲਾਕੇ ਜਿਵੇਂ ਛਿੰਗਹਾਈ, ਕਾਨਸੂ, ਨਿੰਗਸ਼ਯਾ, ਸ਼ਾਨਸੀ, ਕਵਾਂਗਸ਼ੀ, ਗੁਈਚੌ, ਖਬੇਈ ਨਾਲ ਉੱਤਰੀ ਚੀਨ ਹੇਲੋਂਗਚਿਆਂਗ, ਲਿਆਓਨਿੰਗ, ਇਨਰ ਮੰਗੋਲੀਆ ਸਮੇਤ ਕਈ ਸੂਬਿਆਂ ਤੋਂ ਲੋਕਾਂ ਦੀ ਹਿਜਰਤ ਕਵਾਂਗਤੁੰਗ, ਫਿਊਚੇਨ, ਚਚਯਾਂਗ, ਚਿਆਂਗਸੂ, ਸ਼ਾਨਤੁੰਗ ਵਰਗੇ ਸੂਬਿਆਂ ’ਚ ਤੇਜ਼ੀ ਨਾਲ ਵਧਦੀ ਰਹੀ। ਉੱਥੇ ਉੱਤਰ-ਪੱਛਮੀ ਚੀਨ ਅਤੇ ਮੱਧ ਚੀਨ ਦੇ ਕਈ ਇਲਾਕੇ ਆਬਾਦੀ ਵਿਹੀਣ ਰਹੇ ਜਾਂ ਉੱਥੇ ਨਾਂਹ ਦੇ ਬਰਾਬਰ ਲੋਕ ਰਹਿੰਦੇ ਹਨ।
ਪਰ ਪਿਛਲੇ 3 ਸਾਲਾਂ ’ਚ ਕੋਰੋਨਾ ਮਹਾਮਾਰੀ ਅਤੇ ਉਸ ਪਿੱਛੋਂ ਸ਼ੀ ਜਿਨਪਿੰਗ ਦੀਆਂ ਸਖਤ ਲਾਕਡਾਊਨ ਨੀਤੀਆਂ ਕਾਰਨ ਚੀਨ ਦੇ ਉਦਯੋਗਿਕ ਸੂਬਿਆਂ ’ਚ ਵੀ ਕੰਮ ਖਤਮ ਹੁੰਦਾ ਚਲਾ ਗਿਆ ਜਿਸ ਕਾਰਨ ਇਕ ਵੱਡੀ ਆਬਾਦੀ ਬੇਰੋਜ਼ਗਾਰੀ ਦੇ ਕੰਢੇ ’ਤੇ ਪਹੁੰਚ ਗਈ। ਇਸ ਦੌਰ ’ਚ ਵੀ ਜਿਨ੍ਹਾਂ ਲੋਕਾਂ ਨੇ ਕਮਿਊਨਿਸਟ ਪਾਰਟੀ ਦੇ ਸੁਝਾਅ ’ਤੇ ਨਿਰਮਾਣ ਖੇਤਰ ’ਚ ਪੈਸੇ ਦਾ ਨਿਵੇਸ਼ ਕੀਤਾ, ਉਹ ਅੱਜ ਵੀ ਕਰਜ਼ੇ ਹੇਠ ਦੱਬੇ ਹੋਏ ਹਨ।
ਆਮ ਤੌਰ ’ਤੇ ਚੀਨੀ ਲੋਕ ਵਿਦੇਸ਼ੀ ਉਦਯੋਗਪਤੀਆਂ ਦਾ ਚੀਨ ਦੀ ਮੁੱਖ ਭੂਮੀ ’ਚ ਸਵਾਗਤ ਕਰਦੇ ਹਨ ਕਿਉਂਕਿ ਇਹ ਉਦਯੋਗਪਤੀ ਸਥਾਨਕ ਮੁਲਾਜ਼ਮਾਂ ਤੋਂ ਪੱਛਮੀ ਮਾਪਦੰਡਾਂ ਦੇ ਹਿਸਾਬ ਨਾਲ ਕੰਮ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਸਮੇਂ ’ਤੇ ਚੰਗੀ ਤਨਖਾਹ ਦਿੰਦੇ ਹਨ।
ਪਰ ਉੱਥੇ ਹੀ ਸਥਾਨਕ ਚੀਨੀ ਉਦਯੋਗਪਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਮੁਲਾਜ਼ਮਾਂ ਤੋਂ ਕੰਮ ਵੀ ਜ਼ਿਆਦਾ ਕਰਵਾਉਂਦੇ ਹਨ, ਘੱਟ ਤਨਖਾਹ ਦਿੰਦੇ ਹਨ ਅਤੇ ਉਹ ਵੀ ਸਮੇਂ ’ਤੇ ਨਹੀਂ ਦਿੰਦੇ। ਇਸ ਕਾਰਨ ਵੀ ਚੀਨ ਦੇ ਮੁਲਾਜ਼ਮਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਚੱਲੀ ਹੈ। ਨੇੜਲੇ ਭਵਿੱਖ ’ਚ ਇਨ੍ਹਾਂ ਲੋਕਾਂ ਨੂੰ ਕਿਸੇ ਪਾਸਿਓਂ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ।