ਇਕ ਅਹਿਸਾਨ ਫਰਾਮੋਸ਼ ਦੇਸ਼ ਹੈ ਸ਼੍ਰੀਲੰਕਾ

08/04/2022 5:35:16 PM

ਸ਼੍ਰੀਲੰਕਾ ਪਿਛਲੇ ਕੁਝ ਮਹੀਨਿਆ ਤੋਂ ਦਿਵਾਲੀਏਪਨ ਨੂੰ ਝੱਲ ਰਿਹਾ ਹੈ, ਉੱਥੇ ਤੇਲ ਅਤੇ ਗੈਸ ਦੀ ਘਾਟ ਤਾਂ ਹੈ ਹੀ ਲੋਕਾਂ ਨੂੰ ਖਾਣਾ -ਪੀਣਾ ਤੱਕ ਨਸੀਬ ਨਹੀਂ ਹੋ ਰਿਹਾ ਹੈ। ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋ ਚੁੱਕਾ ਹੈ ਅਤੇ ਉਹ ਇਸ ਸਮੇਂ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਾ ਹੈ। ਅਜਿਹੇ ’ਚ ਨਾ ਤਾਂ ਵਿਸ਼ਵ ਬੈਂਕ ਨੇ ਅਤੇ ਨਾ ਹੀ ਕੌਮਾਂਤਰੀ ਮੁਦਰਾ ਫੰਡ ਨੇ ਉਸ ਦੀ ਮਦਦ ਕੀਤੀ ਅਤੇ ਉਸ ਦੇ ਸਰਪ੍ਰਸਤ ਦੇਸ਼ ਚੀਨ ਨੇ ਤਾਂ ਸ਼੍ਰੀਲੰਕਾ ਨੂੰ ਫੁੱਟੀ ਕੌਡੀ ਤੱਕ ਨਹੀਂ ਦਿੱਤੀ ਪਰ ਭਾਰਤ ਨੇ ਗੁਆਂਢੀ ਧਰਮ ਨਿਭਾਉਂਦੇ ਹੋਏ ਮੁਸੀਬਤ ’ਚ ਫਸੇ ਸ਼੍ਰੀਲੰਕਾ ਨੂੰ ਦਵਾਈਆਂ, ਤੇਲ ਅਤੇ ਖੁਰਾਕ ਸਮੱਗਰੀ ਭੇਜ ਕੇ ਅਤੇ 4 ਅਰਬ ਡਾਲਰ ਦੀ ਕ੍ਰੈਡਿਟ ਲਾਈਨ ਦਾ ਕਰਜ਼ਾ ਦੇ ਕੇ ਉਸ ਦੀ ਮਦਦ ਜ਼ਰੂਰ ਕੀਤੀ। ਮੌਜੂਦਾ ਸਮੇਂ ’ਚ ਸ਼੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨ ਸ਼੍ਰੀਲੰਕਾ ਦੀਆਂ ਸਿਆਸੀ ਪਾਰਟੀਆਂ ਨਾਲ ਰਲ ਕੇ ਤੇਜ਼ੀ ਨਾਲ ਉੱਥੋਂ ਦੇ ਹਾਲਾਤ ਸੁਧਾਰਨ ਲਈ ਕੰਮ ਕਰ ਰਿਹਾ ਹੈ। ਸ਼੍ਰੀਲੰਕਾ ਵਲੋਂ ਜਿਸ ਤਰ੍ਹਾਂ ਦੀ ਮਦਦ ਦੀ ਮੰਗ ਭਾਰਤ ਤੋਂ ਹੁੰਦੀ ਹੈ ਭਾਰਤ ਤੁਰੰਤ ਉਸ ਦਿਸ਼ਾ ’ਚ ਕੰਮ ਕਰਨ ਲੱਗਦਾ ਹੈ। ਇਸ ਦੇ ਕਾਰਨ ਸ਼੍ਰੀਲੰਕਾ ਦੀ ਜਨਤਾ ਦਾ ਨਜ਼ਰੀਆ ਭਾਰਤ ਨੂੰ ਲੈ ਕੇ ਜ਼ਰੂਰ ਬਦਲਿਆ ਅਤੇ ਉੱਥੋਂ ਦੀ ਜਨਤਾ ਭਾਰਤ ਨੂੰ ਆਪਣਾ ਹਮਾਇਤੀ ਅਤੇ ਮੁਸੀਬਤ ’ਚ ਕੰਮ ਆਉਣ ਵਾਲਾ ਦੇਸ਼ ਮੰਨਣ ਲੱਗੀ। ਕੋਰੋਨਾ ਮਹਾਮਾਰੀ ਦੇ ਦੌਰਾਨ ਵੀ ਭਾਰਤ ਨੇ ਸ਼੍ਰੀਲੰਕਾ ਨੂੰ ਹੋਰ ਦਵਾਈਆਂ ਭੇਜਣ ਦੇ ਨਾਲ-ਨਾਲ ਵੈਕਸੀਨ ਮੈਤਰੀ ਮੁਹਿੰਮ ਦੇ ਤਹਿਤ 5 ਲੱਖ ਕੋਵਿਡ ਵੈਕਸੀਨ ਸ਼੍ਰੀਲੰਕਾ ਨੂੰ ਤੋਹਫੇ ਵਜੋਂ ਭੇਜੀ ਸੀ। ਭਾਰਤ ਨੂੰ ਇਸ ਗੱਲ ਦੀ ਪੂਰੀ ਆਸ ਸੀ ਕਿ ਜਿਹੋਂ ਜਿਹੀ ਮਦਦ ਉਹ ਇਸ ਸਮੇਂ ਸ਼੍ਰੀਲੰਕਾ ਦੀ ਕਰ ਰਿਹਾ ਹੈ, ਸ਼੍ਰੀਲੰਕਾ ਦੀ ਚਿੰਤਾ ਨੂੰ ਸਮਝਦੇ ਹੋਏ ਬੁਰੇ ਸਮੇਂ ’ਚ ਉਸ ਦਾ ਸਾਥ ਦੇ ਰਿਹਾ ਹੈ ਤਾਂ ਸ਼੍ਰੀਲੰਕਾ ਵੀ ਭਾਰਤ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਅਜਿਹਾ ਕੋਈ ਕਦਮ ਨਹੀਂ ਚੁੱਕੇਗਾ ਜੋ ਭਾਰਤ ਦੇ ਵਿਰੁੱਧ ਜਾਵੇਗਾ। ਖਾਸ ਤੌਰ ’ਤੇ ਜੇਕਰ ਗੱਲ ਭਾਰਤ ਦੀ ਸੁਰੱਖਿਆ ਨਾਲ ਸਬੰਧਤ ਹੈ ਤਾਂ ਸ਼੍ਰੀਲੰਕਾ ਉਸ ਦਾ ਖਾਸ ਖਿਆਲ ਰੱਖੇਗਾ।

ਰਾਜਪਕਸ਼ੇ ਭਰਾਵਾਂ ਦੇ ਸ਼ੀਲੰਕਾ ’ਚੋਂ ਭੱਜ ਜਾਣ ਦੇ ਬਾਅਦ ਰਾਨਿਲ ਵਿਕ੍ਰਮਸਿੰਘੇ ਨੇ ਉੱਥੋਂ ਦੀ ਕਮਾਨ ਸੰਭਾਲੀ ਪਰ ਵਿਕ੍ਰਮਸਿੰਘੇ ਨੇ ਭਾਰਤ ਕੋਲੋਂ ਮਦਦ ਲੈਣ ਦੇ ਬਾਵਜੂਦ ਭਾਰਤ ਦੇ ਹਿੱਤਾਂ ਦਾ ਧਿਆਨ ਨਹੀਂ ਰੱਖਿਆ। ਭਾਰਤ ਦੇ ਲੱਖ ਮਨਾ ਕਰਨ ਦੇ ਬਾਵਜੂਦ ਵਿਕ੍ਰਮਸਿੰਘੇ ਨੇ ਚੀਨ ਦੀ ਸਮੁੰਦਰੀ ਰਿਸਰਚ ਵੇਸੇਲ ਨੂੰ ਹੰਬਨਟੋਟਾ ਬੰਦਰਗਾਹ ’ਤੇ ਆਉਣ ਲਈ ਆਪਣੀ ਰਜ਼ਾਮੰਦੀ ਦੇ ਦਿੱਤੀ, ਇਹ ਜਾਣਕਾਰੀ ਸ਼੍ਰੀਲੰਕਾ ਦੀ ਫੌਜ ਦੇ ਬੁਲਾਰੇ ਵੱਲੋਂ ਮੀਡੀਆ ਨੂੰ ਦਿੱਤੀ ਗਈ। ਅਜਿਹਾ ਜਾਪਦਾ ਹੈ ਕਿ ਰਾਨਿਲ ਵਿਕ੍ਰਮਮਿੰਘੇ ਅਤੇ ਸ਼੍ਰੀਲੰਕਾ ਦੇ ਸਿਆਸਤਦਾਨ ਅਹਿਸਾਨ ਫਰਾਮੋਸ਼ੀ ’ਤੇ ਉਤਰ ਆਏ ਹਨ। ਭਾਰਤ ਨੂੰ ਇਸ ਗੱਲ ’ਤੇ ਇਤਰਾਜ਼ ਹੈ ਕਿ ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ’ਤੇ ਸ਼੍ਰੀਲੰਕਾ ਨੇ ਯੂਆਨ ਵਾਂਗ 5 ਨਾਂ ਦੇ ਇਕ ਚੀਨੀ ਰਿਸਰਚ ਵੇਲੇਸ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਚੀਨੀ ਵੇਸੇਲ ਨਹੀਂ ਹੈ ਸਗੋਂ ਪੁਲਾੜ ਗੱਡੀਆਂ ਦਾ ਟੋਹੀ ਜਹਾਜ਼ ਹੈ। ਇਸ ਵੇਸੇਲ ’ਚ ਅਜਿਹੇ ਬਹੁਤ ਸਾਰੇ ਰਾਡਾਰ ਅਤੇ ਦੂਜੇ ਟ੍ਰੈਕਿੰਗ ਯੰਤਰ ਲੱਗੇ ਹੋਏ ਹਨ ਜਿਸ ਨਾਲ ਇਸ ਨੂੰ ਚੀਨ ਦਾ ਜਾਸੂਸ ਸ਼ਿੱਪ ਜਾਂ ਜਹਾਜ਼ ਕਿਹਾ ਜਾਂਦਾ ਹੈ। ਚੀਨ ਦੇ ਯੂਆਨ ਵਾਂਗ 5 ਨਾਂ ਦੇ ਇਸ ਵੇਸੇਲ ਨੂੰ ਹੰਬਨਟੋਟਾ ਬੰਦਰਗਾਹ ’ਤੇ ਭੇਜਣ ਦਾ ਟੀਚਾ ਬੜਾ ਸ਼ੱਕੀ ਹੈ ਜੋ ਪੂਰੀ ਤਰ੍ਹਾਂ ਭਾਰਤ ਦੇ ਵਿਰੁੱਧ ਜਾਵੇਗਾ। ਚੀਨ ਦੂਜੇ ਦੇਸ਼ਾਂ ਦੇ ਫੌਜੀ ਜਹਾਜ਼ਾਂ ਅਤੇ ਪੁਲਾੜ ਗੱਡੀਆਂ ’ਤੇ ਨਜ਼ਰ ਰੱਖਣ ਲਈ ਆਪਣੇ ਰਿਸਰਚ ਵੇਸੇਲ ਦੀ ਵਰਤੋਂ ਕਰਦਾ ਹੈ। ਸ਼੍ਰੀਲੰਕਾ ਦੀ ਹੰਬਨਟੋਟਾ ਡੂੰਘੇ ਪਾਣੀ ਵਾਲੀ ਬੰਦਰਗਾਹ ਹੈ ਜਿਸ ਦਾ ਰਣਨੀਤਕ ਮਹੱਤਵ ਬੜਾ ਵੱਧ ਹੈ। ਇਸ ਬੰਦਰਗਾਹ ਨੂੰ ਚੀਨ ਦੇ ਕਰਜ਼ੇ ਨਾਲ ਬਣਾਇਆ ਗਿਆ ਹੈ ਅਤੇ ਹੁਣ ਇਹ 99 ਸਾਲ ਲਈ ਚੀਨ ਦੇ ਕੋਲ ਪਟੇ ’ਤੇ ਰਹੇਗੀ। ਆਪਣੀ ਇਸ ਹਰਕਤ ’ਤੇ ਸਫਾਈ ਦਿੰਦੇ ਹੋਏ ਸ਼੍ਰੀਲੰਕਾ ਫੌਜ ਦੇ ਬੁਲਾਰੇ ਕਰਨਲ ਨਲਿਨ ਹੇਰਥ ਨੇ ਮੀਡੀਆ ਨੂੰ ਦੱਸਿਆ ਕਿ ਸਮੇਂ ਸਮੇਂ ’ਤੇ ਸ਼੍ਰੀਲੰਕਾ ਬਹੁਤ ਸਾਰੇ ਦੇਸ਼ਾਂ ਦੇ ਵਪਾਰਕ ਅਤੇ ਫੌਜੀ ਜਲਬੇੜਿਆਂ ਨੂੰ ਆਪਣੇ ਜਲ ਖੇਤਰ ’ਚੋਂ ਜਾਣ ਅਤੇ ਆਉਣ ਦੀ ਇਜਾਜ਼ਤ ਪਹਿਲਾਂ ਤੋਂ ਦਿੰਦਾ ਰਿਹਾ ਹੈ।

ਚੀਨ ਦਾ ਯੂਆਨ ਵਾਂਗ 5 ਨਾਂ ਦਾ ਇਹ ਰਿਸਰਚ ਵੇਸੇਲ 11 ਤੋਂ 17 ਅਗਸਤ ਤੱਕ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ’ਤੇ ਰੁਕੇਗਾ। ਇਸ ਦੌਰਾਨ ਇਹ ਵੇਸੇਲ ਹਿੰਦ ਮਹਾਸਾਗਰ ਦੇ ਉਤਰ-ਪੱਛਮੀ ਖੇਤਰ ਦੇ ਉਪਰ ਉਪਗ੍ਰਹਿਅਾਂ ਦੀ ਟੋਹ ਲੈਣ, ਉਪ੍ਰਗ੍ਰਹਿਅਾਂ ’ਤੇ ਖੋਜ ਅਤੇ ਉਨ੍ਹਾਂ ’ਤੇ ਕੰਟ੍ਰੋਲ ਦਾ ਕੰਮ ਕਰੇਗਾ। ਇਸ ਕੰਮ ਦੇ ਲਈ ਇਹ ਵੇਸੇਲ ਸਤੰਬਰ ’ਚ ਇਕ ਵਾਰ ਫਿਰ ਹੰਬਨਟੋਟਾ ਬੰਦਰਗਾਹ ’ਤੇ ਆਵੇਗਾ। ਇਸ ਵੇਸੇਲ ’ਤੇ ਬਹੁਤ ਸ਼ਕਤੀਸ਼ਾਲੀ ਰਾਡਾਰ ਅਤੇ ਡਿਸ਼ ਐਂਟੀਨਾ ਲੱਗੇ ਹਨ, ਇਸ ਵੇਸੇਲ ’ਚ ਕਮਾਂਡ, ਕੰਟ੍ਰੋਲ ਅਤੇ ਸੂਚਨਾ ਯੰਤਰਾਂ ਨਾਲ ਸੂਚਨਾ ਦੇ ਅੰਕੜੇ ਜੁਟਾਉਣਾ, ਨਿਗਰਾਨੀ ਕਰਨਾ ਅਤੇ ਫੌਜੀ ਪ੍ਰੀਖਣ ਕਰਨ ਦੀਆਂ ਪੂਰੀਆਂ ਸਹੂਲਤਾਂ ਮੌਜੂਦ ਹਨ। ਜੰਗ ਅਤੇ ਜੰਗ ਵਰਗੀ ਸਥਿਤੀ ’ਚ ਇਹ ਵੇਸੇਲ ਚੀਨ ਦੀ ਫੌਜ ਲਈ ਇਕ ਚਲਦੇ ਫਿਰਦੇ ਕਮਾਂਡ ਕੇਂਦਰ ਵਾਂਗ ਕੰਮ ਕਰ ਸਕਦਾ ਹੈ।ਭਾਰਤ ਨੇ ਸ਼੍ਰੀਲੰਕਾ ਨਾਲ ਇਸ ਚੀਨੀ ਵੇਸੇਲ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕੀਤੀ ਸੀ ਪਰ ਸ਼੍ਰੀਲੰਕਾ ਜੋ ਇਸ ਸਮੇਂ ਵੀ ਕੰਗਾਲੀ ਨਾਲ ਜੂਝ ਰਿਹਾ ਹੈ ਅਤੇ ਭਾਰਤ ਕੋਲੋਂ ਮਦਦ ਵੀ ਲੈ ਰਿਹਾ ਹੈ, ਉਸ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਅੱਖੋਂ ਪਰੋਖੇ ਕਰ ਕੇ ਚੀਨ ਦੇ ਯੂਆਨ ਵਾਂਗ.5 ਵੇਸੇਲ ਨੂੰ ਹੰਬਨਟੋਟਾ ਬੰਦਰਗਾਹ ’ਤੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅਜਿਹੇ ’ਚ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅੱਗੇ ਦੀ ਹਾਲਤ ਕੀ ਮੋੜ ਲੈਂਦੀ ਹੈ ਪਰ ਆਪਣੀ ਹਰਕਤ ਤੋਂ ਸ਼੍ਰੀਲੰਕਾ ਨੇ ਦਿਖਾ ਦਿੱਤਾ ਹੈ ਕਿ ਉਹ ਇਕ ਅਹਿਸਾਨ ਫਰਾਮੋਸ਼ ਅਤੇ ਮਤਲਬੀ ਦੇਸ਼ ਹੈ ਜੋ ਸਿਰਫ ਆਪਣੇ ਬਾਰੇ ’ਚ ਸੋਚਦਾ ਹੈ , ਉਸ ’ਚ ਜ਼ਰਾ ਵੀ ਨੈਤਿਕਤਾ ਨਹੀਂ ਬਚੀ।


Anuradha

Content Editor

Related News