ਬ੍ਰਿਟੇਨ ’ਚ ਵਧਦੀ ਬੇਰੋਜ਼ਗਾਰੀ ਦੇ ਨਾਲ ਮਕਾਨਾਂ ਦੀਆਂ ਚੜ੍ਹਦੀਆਂ ਕੀਮਤਾਂ

10/16/2020 2:25:41 AM

ਕ੍ਰਿਸ਼ਨ ਭਾਟੀਆ

ਬ੍ਰਿਟੇਨ ਇਸ ਸਮੇਂ ਇਕ ਪਾਸੇ ਤਾਂ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪੀੜਤ ਹੈ, ਸਰਕਾਰ ਛਟਪਟਾ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ ਉਸ ’ਤੇ ਕਾਬੂ ਪਾਉਣ ਲਈ, ਬੇਰੋਜ਼ਗਾਰੀ ਵਧ ਰਹੀ ਹੈ ਚਿੰਤਾਜਨਕ ਤੇਜ਼ੀ ਨਾਲ, ਦੂਸਰੇ ਪਾਸੇ ਹੈਰਾਨੀ ਦੀ ਗੱਲ ਹੈ ਕਿ ਮਕਾਨਾਂ ਦੀਅਾਂ ਕੀਮਤਾਂ ਇੰਨੀ ਤੇਜ਼ ਰਫਤਾਰ ਨਾਲ ਛੜੱਪੇ ਮਾਰ ਕੇ ਉੱਪਰ ਚੜ੍ਹਦੀਅਾਂ ਜਾ ਰਹੀਅਾਂ ਹਨ ਕਿ ਉਨ੍ਹਾਂ ’ਚ ਇੰਨਾ ਉਛਾਲ ਪਿਛਲੇ 16 ਸਾਲਾਂ ’ਚ ਕਦੇ ਨਹੀਂ ਦੇਖਿਆ ਗਿਆ ਸੀ।

ਤਾਜ਼ਾ ਅੰਕੜਿਅਾਂ ਤੋਂ ਪਤਾ ਲੱਗਾ ਹੈ ਕਿ ਜਾਇਦਾਦ ਦੀਅਾਂ ਕੀਮਤਾਂ ’ਚ ਜੁਲਾਈ ਦੇ ਮੁਕਾਬਲੇ ਅਗਸਤ-ਸਤੰਬਰ ਦੌਰਾਨ 1.6 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਮਕਾਨਾਂ ਦਾ ਔਸਤ ਮੁੱਲ 2,45,000 ਪੌਂਡ ਨੂੰ ਛੂਹ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ’ਚ ਇਹ 5.2 ਫੀਸਦੀ ਵੱਧ ਹੈ।

ਮੁੱਲ ਵਾਧੇ ਦੇ ਕਈ ਕਾਰਨ

ਇਸ ਵਾਧੇ ਦੇ ਕਈ ਕਾਰਨ ਦੱਸੇ ਜਾ ਰਹੇ ਹਨ, ਮੁੱਖ ਤੌਰ ’ਤੇ ਵਿੱਤ ਮੰਤਰੀ ਰਿਸ਼ੀ ਸੂਨਕ ਦਾ ਉਹ ਦਲੇਰੀ ਭਰਿਆ ਫੈਸਲਾ ਹੈ ਜਿਸ ਨੇ ਮਕਾਨਾਂ ਦੀ ਮੰਗ ਵਧਾ ਦਿੱਤੀ ਹੈ। 5,00,000 ਪੌਂਡ ਤੱਕ ਦੀ ਕੀਮਤ ਦੀ ਜਾਇਦਾਦ ਦੇ ਖਰੀਦਣ ’ਤੇ ਲੱਗੀ ਭਾਰੀ ਸਟੈਂਪ ਡਿਊਟੀ ਨੂੰ ਉਨ੍ਹਾਂ ਨੇ ਅਗਲੇ ਮਾਰਚ ਮਹੀਨੇ ਤੱਕ ਮੁਅਾਫ ਕਰ ਦਿੱਤਾ ਹੈ ਤਾਂ ਕਿ ਜਾਇਦਾਦ ਮਾਰਕੀਟ ’ਚ ਚੱਲ ਰਹੇ ਮੰਦੇ ਨੂੰ ਖਤਮ ਕਰ ਕੇ ਦੇਸ਼ ਦੀ ਆਰਥਿਕ ਸਥਿਤੀ ’ਚ ਤੇਜ਼ੀ ਲਿਆਂਦੀ ਜਾ ਸਕੇ।

ਦੂਸਰਾ ਕਾਰਨ ਇਹ ਹੈ ਕਿ ਵਿਆਜ ਦੀਅਾਂ ਦਰਾਂ ਬਹੁਤ ਸਸਤੀਅਾਂ ਹਨ। ਮਕਾਨ ਖਰੀਦਣ ਲਈ ਬੈਂਕ ਅਤੇ ਬਿਲਡਿੰਗ ਸੁਸਾਇਟੀਅਾਂ ਆਸਾਨੀ ਨਾਲ ਮਾਰਟਗੇਜ ਦੇ ਰਹੀਅਾਂ ਹਨ। ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਚਾਹਵਾਨ ਲੋਕਾਂ ਦੀ ਗਿਣਤੀ ਵਧ ਰਹੀ ਹੈ। ਮਾਲਕ ਮਕਾਨ ਆਪਣੀਅਾਂ ਜਾਇਦਾਦਾਂ ਉੱਪਰ ਹੋਰ ਜ਼ਿਆਦਾ ਕਰਜ਼ਾ ਉਠਾ ਕੇ ਨਵੀਅਾਂ ਜਾਇਦਾਦਾਂ ਖਰੀਦ ਰਹੇ ਹਨ।

ਉਨ੍ਹਾਂ ਨੇ ਜੋ ਜਾਇਦਾਦਾਂ ਪਹਿਲਾਂ ਖਰੀਦੀਅਾਂ ਸਨ, ਉਨ੍ਹਾਂ ਦੀ ਕੀਮਤ ਅੱਜ ਦੇ ਮੁਕਾਬਲੇ ’ਚ ਬਹੁਤ ਘੱਟ ਸੀ ਅਤੇ ਮਾਰਟਗੇਜ ਦੀਅਾਂ ਵਿਆਜ ਦਰਾਂ ਅੱਜ ਦੇ ਮੁਕਾਬਲੇ ਬਹੁਤ ਜ਼ਿਆਦਾ। ਇਸ ਦਰਮਿਆਨ ਮਕਾਨਾਂ ਦੀ ਕੀਮਤ ਕਾਫੀ ਜ਼ਿਆਦਾ ਉੱਪਰ ਜਾ ਚੁੱਕੀ ਹੈ ਅਤੇ ਮਕਾਨ ਖਰੀਦਦੇ ਸਮੇਂ ਜਿੰਨਾ ਜ਼ਿਆਦਾ ਕਰਜ਼ਾ ਚੁੱਕਿਆ ਗਿਆ ਸੀ, ਉਹ ਜੇਕਰ ਸਾਰੇ ਦਾ ਸਾਰਾ ਨਹੀਂ ਤਾਂ ਘੱਟ ਤੋਂ ਘੱਟ ਉਸ ਦਾ ਬਹੁਤ ਵੱਡਾ ਹਿੱਸਾ ਵਾਪਸ ਮੋੜਿਆ ਜਾ ਚੁੱਕਾ ਹੈ, ਜਿਸ ਨਾਲ ਪੁਰਾਣੇ ਮਕਾਨ ਮਾਲਕਾਂ ਦੇ ਹੱਥ ’ਚ ਵੱਡੀ ਗਿਣਤੀ ’ਚ ਹੁਣ ਆਪਣੀ ਮੌਜੂਦਾ ਜਾਇਦਾਦ ਦੀਅਾਂ ਵਧੀਅਾਂ ਹੋਈਅਾਂ ਕੀਮਤਾਂ ਦੇ ਰੂਪ ’ਚ ਵੱਡੀ ਗਿਣਤੀ ’ਚ ਫਾਲਤੂ ਪੂੰਜੀ ਹੈ, ਜਿਸ ਨਾਲ ਰੀ-ਮਾਰਟਗੇਜ ਹਾਸਲ ਕਰਨਾ ਸੌਖਾ ਹੈ। ਉਹ ਨਵੀਅਾਂ-ਨਵੀਅਾਂ ਜਾਇਦਾਦਾਂ ਖਰੀਦ ਰਹੇ ਹਨ ਜਿਸ ਨਾਲ ਮਕਾਨਾਂ ਦੀ ਮੰਗ ਵਧ ਰਹੀ ਹੈ।

ਮੰਗ ਵਧੀ ਤਾਂ ਕੀਮਤਾਂ ਵੀ ਵਧ ਗਈਅਾਂ

ਜੋ ਲੋਕ ਮਕਾਨ ਵੇਚਣਾ ਚਾਹੁੰਦੇ ਸਨ, ਉਨ੍ਹਾਂ ਨੇ ਕੀਮਤਾਂ ਚੜ੍ਹਦੀਅਾਂ ਦੇਖ ਕੇ ਆਪਣੇ ਇਰਾਦੇ ਬਦਲ ਲਏ ਹਨ, ਜਿਸ ਨਾਲ ਮਾਰਕੀਟ ’ਚ ਵਿਕਰੀ ’ਤੇ ਲੱਗੀਅਾਂ ਜਾਇਦਾਦਾਂ ਦੀ ਗਿਣਤੀ ਘੱਟ ਹੋ ਰਹੀ ਹੈ। ਮੰਗ ਵਧ ਰਹੀ ਹੈ, ਨਾਲ ਹੀ ਕੀਮਤਾਂ ਵੀ। ਮਕਾਨ ਮੂੰਹ ਮੰਗੀਅਾਂ ਕੀਮਤਾਂ ’ਤੇ ਵਿਕ ਰਹੇ ਹਨ।

ਇਹ ਸਿਲਸਿਲਾ ਅਜੇ ਹੋਰ ਜ਼ਿਆਦਾ ਤੇਜ਼ ਹੋਣ ਦੀਅਾਂ ਗੱਲਾਂ ਹੋ ਰਹੀਅਾਂ ਹਨ ਕਿਉਂਕਿ ਕੋਰੋਨਾ ਵਾਇਰਸ ਕਾਰਨ ਲੋਕ ਹੁਣ ਵੱਡੀ ਗਿਣਤੀ ’ਚ ਘਰ ’ਚ ਹੀ ਕੰਮ ਕਰ ਰਹੇ ਹਨ। ਹਾਲਾਤ ਸੁਧਰ ਵੀ ਗਏ ਤਾਂ ਵੀ ਇਹ ਕਾਰਜਸ਼ੈਲੀ ਹੁਣ ਕਾਫੀ ਹੱਦ ਤੱਕ ਇਸੇ ਤਰ੍ਹਾਂ ਚੱਲਦੇ ਰਹਿਣ ਦੀ ਆਸ ਹੈ।

ਕਿਰਾਏਦਾਰ ਗੱਭਰੂ-ਮੁਟਿਆਰਾਂ

ਘਰਾਂ ਤੋਂ ਕੰਮ ਕਰਨ ਵਾਲਿਅਾਂ ਦੀ ਜ਼ਿਆਦਾਤਰ ਗਿਣਤੀ ਕਿਰਾਏ ’ਤੇ ਰਹਿਣ ਵਾਲੇ ਉਨ੍ਹਾਂ ਗੱਭਰੂ ਜਾਂ ਮੁਟਿਆਰਾਂ ਦੀ ਹੈ ਜੋ ਦੂਰ ਜਾਂ ਨੇੜਿਓਂ ਸਫਰ ਕਰ ਕੇ ਦਫਤਰ ਅਤੇ ਆਪਣੀਅਾਂ ਕੰਮ ਵਾਲੀਅਾਂ ਥਾਵਾਂ ’ਤੇ ਪਹੁੰਚਦੇ ਹੁੰਦੇ ਸਨ। ਕਿਉਂਕਿ ਹੁਣ ਉਨ੍ਹਾਂ ਨੇ ਘਰ ਤੋਂ ਕੰਮ ਕਰਨਾ ਹੁੰਦਾ ਹੈ, ਉਨ੍ਹਾਂ ਦੀ ਹਾਜ਼ਰੀ ਮਕਾਨ ’ਚ ਰਹਿ ਰਹੇ ਹੋਰ ਮੈਂਬਰਾਂ ਲਈ ਘੁਟਣ ਦਾ ਕਾਰਨ ਬਣ ਰਹੀ ਹੈ। ਇਸ ਲਈ ਕਿਹਾ ਜਾ ਰਿਹਾ ਹੈ ਕਿ ਇਸ ਸਮੱਸਿਆ ਤੋਂ ਬਚਣ ਲਈ ਉਨ੍ਹਾਂ ਨੂੰ ਆਪਣੇ ਲਈ ਵੱਖਰੇ ਮਕਾਨ ਖਰੀਦਣੇ ਪੈਣਗੇ ਜਿਸ ਨਾਲ ਜਾਇਦਾਦਾਂ ਦੀ ਮੰਗ ਅਤੇ ਕੀਮਤ ਹੋਰ ਵਧੇਗੀ।

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਗੱਭਰੂ-ਮੁਟਿਆਰਾਂ ਦੀ ਇਸ ‘ਕਿਰਾਏਦਾਰ ਨਸਲ’ ਨੂੰ ਮਕਾਨ ਮਾਲਕਾਂ ’ਚ ਤਬਦੀਲ ਕਰਨ ਦੇ ਨਿਸ਼ਚੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਲਦੀ ਅਜਿਹੀ ਯੋਜਨਾ ਲਿਆਂਦੀ ਜਾਵੇਗੀ ਜਿਸ ਨਾਲ ਕਿਰਾਏਦਾਰ ਗੱਭਰੂ-ਮੁਟਿਆਰਾਂ ਅਤੇ ਕਿਰਾਏਦਾਰਾਂ ਦੇ ਹੋਰਨਾਂ ਵਰਗਾਂ ਨੂੰ ਪਹਿਲੀ ਵਾਰ ਮਕਾਨ ਖਰੀਦਣ ਲਈ 95% ਮਾਰਟਗੇਜ ਮਿਲ ਸਕੇਗੀ।


Bharat Thapa

Content Editor

Related News