ਮਹਿਲਾ ਪਹਿਲਵਾਨਾਂ ਦਾ ਨਵਾਂ ਦੰਗਲ

06/02/2023 1:44:09 PM

ਮੰਗਲਵਾਰ ਦੀ ਦੇਰ ਸ਼ਾਮ ਭਾਰਤ ਦੇ ਕੁਝ ਸਭ ਤੋਂ ਸਫਲ ਖਿਡਾਰੀ ਹਰਿਦੁਆਰ ’ਚ ਗੰਗਾ ਦੇ ਕੰਢੇ ’ਤੇ ਖੜ੍ਹੇ ਹੋ ਕੇ ਆਪਣੀ ਸਖਤ ਮਿਹਨਤ ਨਾਲ ਜਿੱਤੇ ਹੋਏ ਕੌਮਾਂਤਰੀ ਤਮਗਿਆਂ ਨੂੰ ਪਵਿੱਤਰ ਨਦੀ ’ਚ ਵਿਸਰਜਿਤ ਕਰਨ ਦੀ ਧਮਕੀ ਦੇ ਰਹੇ ਸਨ। ਜਿਵੇਂ ਹੀ ਸ਼ਾਮ ਹਨੇਰੇ ’ਚ ਬਦਲ ਗਈ, ਪੀੜਤ ਪਹਿਲਵਾਨ ਇਨਸਾਫ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਇਕ ਹੋਰ ਮੌਕਾ ਦੇਣ ’ਤੇ ਸਹਿਮਤ ਹੋਏ।

ਐਤਵਾਰ 28 ਮਈ ਨੂੰ ਲਗਭਗ 11.30 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਪੁਨਰ-ਜੀਵਤ ਸਾਮੰਤੀ ਰੀਤੀ-ਰਿਵਾਜਾਂ ਦਰਮਿਆਨ ਇਕ ਮਹਾਯਾਜਕ ਤੋਂ ਸੇਂਗੋਲ (ਨੈਤਿਕ ਅਤੇ ਨਿਰਪੱਖ ਸ਼ਾਸਨ ਦਾ ਪ੍ਰਤੀਕ) ਪ੍ਰਾਪਤ ਕੀਤਾ। ਲਗਭਗ ਉਸੇ ਸਮੇਂ ਕੁਝ ਹੀ ਦੂਰ ਦਿੱਲੀ ਪੁਲਸ ਭਾਰਤ ਦੇ ਕੁਝ ਵਿਸ਼ਵ ਪੱਧਰੀ ਪ੍ਰਸਿੱਧ ਪਹਿਲਵਾਨਾਂ ਨਾਲ ਦੰਗਲ ’ਚ ਰੁੱਝੀ ਸੀ, ਜੋ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਸਨ।

ਔਰਤਾਂ ਦੀ ਕੁਸ਼ਤੀ ’ਚ ਭਾਰਤ ਦੀ ਪਹਿਲੀ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਸੀ। ਉਨ੍ਹਾਂ ਨਾਲ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਵੀ ਸੀ। ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਚੇਅਰਮੈਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮਹਿਲਾ ਪਹਿਲਵਾਨ ਤੇ ਉਨ੍ਹਾਂ ਦੇ ਕੁਝ ਮਰਦ ਸਾਥੀ ਅਤੇ ਹਮਾਇਤੀ ਅਪ੍ਰੈਲ ਤੋਂ ਜੰਤਰ-ਮੰਤਰ ’ਤੇ ਧਰਨੇ ’ਤੇ ਬੈਠੇ ਹਨ। ਬ੍ਰਿਜਭੂਸ਼ਣ ਵਿਰੁੱਧ ਇਕ ਦਹਾਕਾ ਪਹਿਲਾਂ 7 ਮਹਿਲਾ ਪਹਿਲਵਾਨਾਂ ਦੇ ਸੈਕਸ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।

ਵਿਰੋਧ ਕਰ ਰਹੇ ਪਹਿਲਵਾਨਾਂ ਨੇ ਮਾਮਲੇ ਦੀ ਸ਼ਿਕਾਇਤ ਪਹਿਲਾਂ ਪੁਲਸ, ਫਿਰ ਭਾਰਤੀ ਓਲੰਪਿਕ ਸੰਘ ਅਤੇ ਅਖੀਰ ’ਚ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਕੀਤੀ ਸੀ। ਅਖੀਰ ਉਨ੍ਹਾਂ ਸੁਪਰੀਮ ਕੋਰਟ ਦਾ ਰੁਖ ਕੀਤਾ ਅਤੇ ਜਦੋਂ ਅਨੁਰਾਗ ਨੇ ਪੁਲਸ ਨੂੰ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਤਾਂ ਉਸ ਨੇ ਅਜਿਹਾ ਕੀਤਾ। ਦੋਸ਼ੀ ਅਜੇ ਵੀ ਸੰਸਦ ਮੈਂਬਰ ਬਣਿਆ ਹੋਇਆ ਹੈ ਅਤੇ ਉਸ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਡਬਲਿਊ. ਐੱਫ. ਆਈ. ਤੋਂ ਅਸਤੀਫਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਲਈ ਪਹਿਲਵਾਨਾਂ ਨੇ ਔਰਤਾਂ ਦੀ ‘ਮਹਾਪੰਚਾਇਤ’ ਸੱਦਣ ਦਾ ਫੈਸਲਾ ਕੀਤਾ।

28 ਮਈ ਨੂੰ ਜਦੋਂ ਪਹਿਲਵਾਨਾਂ ਨੇ ਪੁਲਸ ਬੈਰੀਕੇਡਾਂ ਨੂੰ ਤੋੜ ਕੇ ਨਵੇਂ ਸੰਸਦ ਭਵਨ ਤੱਕ ਮਾਰਚ ਕਰਨ ਦੀ ਧਮਕੀ ਦਿੱਤੀ ਤਾਂ ਪੁਲਸ ਹਰਕਤ ’ਚ ਆ ਗਈ। ਹਰਿਆਣਾ ਅਤੇ ਯੂ. ਪੀ. ਦੀਆਂ ਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਲਈ ਮਹਾਪੰਚਾਇਤ ’ਚ ਸੰਭਾਵਿਤ ਭਾਈਵਾਲ ਰਾਜਧਾਨੀ ’ਚ ਦਾਖਲ ਨਹੀਂ ਹੋ ਸਕੇ।

ਵਿਖਾਵਾਕਾਰੀਆਂ ਨੂੰ ਪੁਲਸ ਵੈਨ ਰਾਹੀਂ ਧਰਨਾ ਸਥਾਨ ਤੋਂ ਦੂਰ ਪਹੁੰਚਾਇਆ ਗਿਆ। ਸਾਕਸ਼ੀ ਮਲਿਕ ਨੇ ਕਿਹਾ, ‘‘ਜੇਕਰ ਇਕ ਓਲੰਪੀਅਨ ਇਨਸਾਫ ਦੀ ਮੰਗ ਨਹੀਂ ਕਰ ਸਕਦਾ ਅਤੇ ਉਸ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਕਲਪਨਾ ਕਰੋਗੇ ਪਿੰਡਾਂ ਅਤੇ ਸ਼ਹਿਰਾਂ ’ਚ ਹੋਰ ਔਰਤਾਂ ਨਾਲ ਕੀ ਹੋ ਰਿਹਾ ਹੋਵੇਗਾ?’’ ਵਿਨੇਸ਼ ਫੋਗਾਟ ਨੇ ਆਪਣਾ ਸਿਰ ਖਿੜਕੀ ’ਚੋਂ ਬਾਹਰ ਕੱਢਿਆ ਤੇ ਕੈਮਰੇ ਸਾਹਮਣੇ ਰੌਲਾ ਪਾਇਆ, ‘‘ਨਵਾਂ ਦੇਸ਼ ਮੁਬਾਰਕ ਹੋਵੇ।’’

ਨਵੀਂ ਸੰਸਦ ਦਾ ਉਦਘਾਟਨ ਇਕ ਸ਼ਾਨਦਾਰ ਤਮਾਸ਼ਾ ਸੀ ਪਰ ਲਗਭਗ ਪੂਰੀ ਤਰ੍ਹਾਂ ਸੱਤਾਧਾਰੀ ਪਾਰਟੀ ਦਾ ਗਲਬਾ ਸੀ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਸਪੱਸ਼ਟ ਤੌਰ ’ਤੇ ਗੈਰ-ਹਾਜ਼ਰ ਸਨ ਜਿਵੇਂ ਕਿ ਵਧੇਰੇ ਵਿਰੋਧੀ ਪਾਰਟੀਆਂ ਵੀ ਗੈਰ-ਹਾਜ਼ਰ ਸਨ। ਟੀ. ਵੀ. ਸਕ੍ਰੀਨ ’ਤੇ ਮੰਤਰਾਂ ਦਾ ਜਾਪ ਕਰਦੇ ਅਤੇ ਸੇਂਗੋਲ ਨੂੰ ਪਵਿੱਤਰ ਕਰਦੇ ਹੋਏ ਵਿਸਥਾਰਤ ਪੋਸ਼ਾਕ ਪਹਿਨ ਕੇ ਪੁਜਾਰੀਆਂ ਦੇ ਦ੍ਰਿਸ਼ ਦਿਖਾਏ ਗਏ। ਪੀ. ਐੱਮ. ਨੇ ਉਨ੍ਹਾਂ ਦੇ ਸਾਹਮਣੇ ਦੰਡਵਤ ਪ੍ਰਣਾਮ ਕੀਤਾ ਅਤੇ ਰਾਜਦੰਡ ਸਵੀਕਾਰ ਕੀਤਾ। ਇਕ ਰਾਜਾ ਵਾਂਗ ਉਨ੍ਹਾਂ ਰਸਮੀ ਤੌਰ ’ਤੇ ਰਾਜਦੰਡ ਨੂੰ ਸਪੀਕਰ ਦੀ ਕੁਰਸੀ ਤੱਕ ਪਹੁੰਚਾਇਆ ਅਤੇ ਉੱਥੇ ਸਥਾਪਿਤ ਕੀਤਾ।

ਪਰ ਫਿਰ ਅਸਲੀ ਦੁਨੀਆ ਸਾਡੇ ਟੀ. ਵੀ. ਸਕ੍ਰੀਨ ’ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਮਹਿਲਾ ਓਲੰਪੀਅਨ, ਚੈਂਪੀਅਨ ਪਹਿਲਵਾਨਾਂ ਨਾਲ ਪੁਲਸ ਦੇ ਦ੍ਰਿਸ਼ ਦਿਖਾਈ ਦਿੱਤੇ। ਅਕਸਾਂ ਨੂੰ ਜਾਰੀ ਕਰਨ ਵਾਲਾ ਮੀਡੀਆ ਇਸ ਸਭ ਦੀ ਅਪਾਰ ਤ੍ਰਾਸਦੀ ਪ੍ਰਤੀ ਉਦਾਸੀਨ ਲੱਗ ਰਿਹਾ ਸੀ। ਟੀ. ਵੀ. ਐਂਕਰਾਂ ਨੇ ਉਸ ਸਕ੍ਰਿਪਟ ਦਾ ਪਾਠ ਕਰਨਾ ਜਾਰੀ ਰੱਖਿਆ, ਜੋ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਸੀ। ਇਹ ਕੋਈ ਰਹੱਸ ਨਹੀਂ ਹੈ ਕਿ ਕੁਸ਼ਤੀ ਫੈੱਡਰੇਸ਼ਨ ਦੇ ਮੁਖੀ ਨੂੰ ਸਿਆਸੀ ਸੁਰੱਖਿਆ ਪ੍ਰਾਪਤ ਹੈ ਅਤੇ ਜਦਕਿ ਇਕ ਵਿਰੋਧੀ ਧਿਰ ਦੇ ਨੇਤਾ ਦੀ ਸੰਸਦ ਦੀ ਮੈਂਬਰੀ ਹਾਲ ਹੀ ’ਚ ਤੁਲਨਾਤਮਕ ਮਾਮੂਲੀ ਤੇ ਬਹਿਸ ਦੇ ਆਧਾਰਾਂ ’ਤੇ ਖਤਮ ਕਰ ਦਿੱਤੀ ਗਈ ਸੀ। ਇਕ ਦਰਜਨ ਤੋਂ ਵੱਧ ਔਰਤਾਂ ਵੱਲੋਂ ਛੇੜਖਾਨੀ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਕ ਵਿਅਕਤੀ ਉਦੋਂ ਅਹੁਦਾ ਛੱਡਣ ਤੋਂ ਇਨਕਾਰ ਕਰਦਾ ਹੈ ਜਦੋਂ ਤੱਕ ਪੁੱਛਗਿੱਛ ਖਤਮ ਨਹੀਂ ਹੋ ਜਾਂਦੀ।

ਮਾਰਟਿਨ ਲੂਥਰ ਕਿੰਗ ਨੇ ਕਿਹਾ, ‘‘ਕਿਤੇ ਵੀ ਅਨਿਆਂ ਹਰ ਥਾਂ ਨਿਆਂ ਲਈ ਖਤਰਾ ਹੈ।’’ ਮੈਂ ਮਹਿਲਾ ਪਹਿਲਵਾਨਾਂ ਦੇ ਮਾਤਾ-ਪਿਤਾ ਬਾਰੇ ਸੋਚਦੀ ਹਾਂ, ਜੋ ਆਪਣੀਆਂ ਪ੍ਰਤਿਭਾਸ਼ਾਲੀ ਬੇਟੀਆਂ ਲਈ ਚਿੰਤਤ, ਡਰੇ ਅਤੇ ਪ੍ਰੇਸ਼ਾਨ ਹਨ। ਪੀ. ਐੱਮ. ਨੇ ਉਨ੍ਹਾਂ ਨੂੰ ਹਰ ਵਾਰ ਦੇਸ਼ ਲਈ ਤਮਗਾ ਜਿੱਤਣ ’ਤੇ ਵਧਾਈ ਸੰਦੇਸ਼ ਭੇਜਿਆ। ਇਹ ਪਹਿਲਵਾਨ ਭਾਰਤ ਲਈ ਜਿੱਤੇ ਗਏ ਇਨ੍ਹਾਂ ਤਮਗਿਆਂ ਨੂੰ ਵਿਸਰਜਿਤ ਕਰਨ ਲਈ ਤਿਆਰ ਸਨ। ਅਜਿਹੇ ਤਮਗੇ ਜੋ ਉਨ੍ਹਾਂ ਦੇ ਖੇਡ ਪ੍ਰਤੀ ਮੁਕੰਮਲ ਸਮਰਪਣ ਦਾ ਪ੍ਰਤੀਕ ਹਨ। ਤਮਗਿਆਂ ਨੂੰ ਪਵਿੱਤਰ ਗੰਗਾ ’ਚ ਵਿਸਰਜਿਤ ਅਤੇ ਫਿਰ ਭੁੱਖ ਹੜਤਾਲ ਸ਼ੁਰੂ ਕਰਨਾ ਬੇਹੱਦ ਮਹੱਤਵਪੂਰਨ ਹੈ। ਭਾਰਤ ਦੀਆਂ ਸਭ ਤੋਂ ਪਵਿੱਤਰ ਨਦੀਆਂ ’ਚੋਂ ਇਕ ਗੰਗਾ ’ਚ ਦੁਨੀਆ ਦੇ ਸਭ ਤੋਂ ਵੱਕਾਰੀ ਮੈਡਲਾਂ ’ਚੋਂ ਕੁਝ ਨੂੰ ਵਿਸਰਜਿਤ ਕਰਨ ਦਾ ਇਸ਼ਾਰਾ ਹਾਲਾਂਕਿ ਦੁਖਦਾਈ ਹੈ। ਇਹ ਗੱਲ ਨਿਰਾਦਰ ਕਰਨ ਵਾਲਿਆਂ ਵਿਰੁੱਧ ਨਿਆਂ ਦੀ ਮੰਗ ਲਈ ਖੜ੍ਹੀਆਂ ਔਰਤਾਂ ਦੇ ਸੰਕਲਪ ਨੂੰ ਵੀ ਪਵਿੱਤਰ ਕਰਦੀ ਹੈ।

ਆਪਣੇ ਉਦਘਾਟਨੀ ਭਾਸ਼ਣ ’ਚ ਪੀ. ਐੱਮ. ਮੋਦੀ ਨੇ ਕਿਹਾ ਕਿ ਨਵਾਂ ਸੰਸਦ ਭਵਨ ਇਕ ਆਤਮਨਿਰਭਰ ਭਾਰਤ ਦੀ ਸਵੇਰ ਦਾ ਗਵਾਹ ਬਣੇਗਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, ‘‘ਅਸੀਂ ਸਥਾਪਿਤ ਚੰਗੀਆਂ ਰਵਾਇਤਾਂ ਨੂੰ ਅੱਗੇ ਵਧਾਉਂਦੇ ਹਾਂ। ਲੋਕ ਸਭਾ ਸਾਡੀ ਅਨਮੋਲ ਵਿਰਾਸਤ ਹੈ। ਭਾਰਤ ਦੀ ਸੰਸਦ ਲੋਕਤੰਤਰਿਕ ਵਿਵਸਥਾ ਦਾ ਸਰਵਉੱਚ ਅਤੇ ਸਭ ਤੋਂ ਸਨਮਾਨਿਤ ਕੇਂਦਰ ਹੈ।’’

ਪਹਿਲਵਾਨਾਂ ਨਾਲ ਜੁੜੇ ਮਾਮਲੇ ਨਾ ਸਿਰਫ ਸਾਡੀਆਂ ਮਹਿਲਾ ਖਿਡਾਰੀਆਂ ਸਗੋਂ ਸਾਰੀਆਂ ਔਰਤਾਂ ਨੂੰ ਬਦਨਾਮ ਕਰਦੇ ਹਨ। ਅਧਿਕਾਰੀ ਕਥਿਤ ਤੌਰ ’ਤੇ ਮਹਾਪੰਚਾਇਤ ਨੂੰ ਜਾਣਬੁੱਝ ਕੇ ਉਕਸਾਵੇ ਦੇ ਰੂਪ ’ਚ ਸੱਦਣ ਦੇ ਮਹਿਲਾ ਖਿਡਾਰੀਆਂ ਦੇ ਕਦਮ ਨੂੰ ਦੇਖਦੇ ਹਨ। ਗੰਭੀਰ ਦੋਸ਼ਾਂ ਵਾਲਾ ਇਕ ਸੰਸਦ ਮੈਂਬਰ ਭਾਰਤ ਦੀ ਨਵੀਂ ਸੰਸਦ ਦੇ ਸ਼ਾਨਦਾਰ ਉਦਘਾਟਨ ਦਾ ਮਜ਼ਾ ਲੈ ਰਿਹਾ ਹੈ ਜਦਕਿ ਸ਼ਿਕਾਇਤਕਰਤਾ ਹਫਤਿਆਂ ਤੱਕ ਖੁੱਲ੍ਹੇ ਆਸਮਾਨ ਦੇ ਹੇਠਾਂ ਬੈਠਦੇ ਹਨ, ਇਹ ਉਤੇਜਕ ਨਹੀਂ ਹੈ ਪਰ ਕੋਈ ਪਿੱਛੇ ਨਹੀਂ ਹੱਟ ਰਿਹਾ ਹੈ, ਉਹ ਵੀ ਲੰਬੇ ਸਮੇਂ ਲਈ ਨਹੀਂ। ਅਸਾਧਾਰਨ ਤੌਰ ’ਤੇ ਮਜ਼ਬੂਤ ਤੇ ਪ੍ਰਤਿਭਾਸ਼ਾਲੀ ਨੌਜਵਾਨ ਮਹਿਲਾ ਪਹਿਲਵਾਨਾਂ ਨੂੰ ਯਕੀਨ ਹੈ ਕਿ ਉਹ ਜਲਦੀ ਹੀ ਵਾਪਸ ਆਉਣਗੀਆਂ ਅਤੇ ਫੀਨਿਕਸ ਵਾਂਗ ਆਪਣੇ ਅਪਮਾਨ ਦੀ ਰਾਖ ਤੋਂ ਉਪਰ ਉੱਠਣਗੀਆਂ।

ਮ੍ਰਿਣਾਲ ਪਾਂਡੇ


Rakesh

Content Editor

Related News