ਹਰ ਕਿਸਾਨ ਮਹਾਰਿਸ਼ੀ ਫਿਲਮ ਜ਼ਰੂਰ ਦੇਖੇ

10/19/2020 3:51:44 AM

ਵਿਨੀਤ ਨਾਰਾਇਣ

ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਪੈਦਾਵਾਰ ਕਾਨੂੰਨਾਂ ਨੂੰ ਲੈ ਕੇ ਅੱਜ ਦੇਸ਼ ’ਚ ਭਾਰੀ ਵਿਵਾਦ ਖੜ੍ਹਾ ਹੋਇਆ ਹੈ। ਜਿਥੇ ਮੋਦੀ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉਥੇ ਵਿਰੋਧੀ ਪਾਰਟੀਆਂ ਇਸਦੇ ਨੁਕਸਾਨ ਗਿਣਾਉਣ ’ਚ ਲੱਗੀਆਂ ਹੋਈਆਂ ਹਨ। ਦੇਸ਼ ਦੇ ਕਈ ਸੂਬਿਅਾਂ ’ਚ ਇਨ੍ਹਾਂ ਮੁੱਦਿਆਂ ’ਤੇ ਅੰਦੋਲਨ ਵੀ ਚੱਲ ਰਹੇ ਹਨ। ਇਸੇ ਦੌਰਾਨ ‘ਐਮਾਜ਼ੋਨ ਪ੍ਰਾਈਮ’ ਟੀ. ਵੀ. ਚੈਨਲ ’ਤੇ 2019 ’ਚ ਆਈ ਤੇਲਗੂ ਫਿਲਮ ‘ਮਹਾਰਿਸ਼ੀ’ ਦੇਖੀ।

ਇਸ ਤੋਂ ਪਹਿਲਾਂ ਕਿ ਇਸ ਫਿਲਮ ਦੇ ਵਿਸ਼ੇ ’ਚ ਅੱਗੇ ਚਰਚਾ ਕਰਾਂ, ਸਾਰੇ ਪਾਠਕਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਉਨ੍ਹਾਂ ਦੇ ਟੀ. ਵੀ. ’ਚ ‘ਐਮਾਜ਼ੋਨ ਪ੍ਰਾਈਮ’ ਹੈ ਤਾਂ ਉਸ ’ਤੇ ਨਹੀਂ ਤਾਂ ਉਨ੍ਹਾਂ ਦੇ ਜਿਸ ਮਿੱਤਰ ਦੇ ਘਰ ‘ਐਮਾਜ਼ੋਨ ਪ੍ਰਾਈਮ’ ਹੋਵੇ, ਉਥੇ ਜਾ ਕੇ ਇਹ ਫਿਲਮ ਜ਼ਰੂਰ ਦੇਖਣ। ਖਾਸ ਕਰ ਕੇ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਪਰਿਵਾਰਾਂ ਨੂੰ ਤਾਂ ਇਹ ਫਿਲਮ ਦੇਖਣੀ ਹੀ ਚਾਹੀਦੀ ਹੈ। ਉਂਝ ਫਿਲਮ ਥੋੜ੍ਹੀ ਲੰਬੀ ਹੈ ਲਗਭਗ 3 ਘੰਟੇ ਦੀ ਪਰ ਬਿਲਕੁਲ ਉਕਾਊ ਨਹੀਂ ਹੈ। ਆਧੁਨਿਕ ਨੌਜਵਾਨਾਂ ਨੂੰ ਵੀ ਇਹ ਫਿਲਮ ਆਕਰਸ਼ਿਤ ਕਰੇਗੀ ਕਿਉਂਕਿ ਇਸ ’ਚ ਉਨ੍ਹਾਂ ਦੀ ਰੁਚੀ ਦਾ ਵੀ ਬਹੁਤ ਕੁਝ ਹੈ।

ਮੂਲ ਫਿਲਮ ਤੇਲਗੂ ’ਚ ਹੈ ਪਰ ਹਿੰਦੀ ਦੇ ‘ਸਬਸਟਾਈਲ’ ਨਾਲ-ਨਾਲ ਚੱਲਦੇ ਹਨ ਜਿਸ ਨਾਲ ਹਿੰਦੀ ਭਾਸ਼ੀ ਦਰਸ਼ਕਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਫਿਲਮ ਦਾ ਮੁੱਖ ਕਿਰਦਾਰ ਰਿਸ਼ੀ ਨਾਂ ਦਾ ਇਕ ਦਰਮਿਆਨੇ ਵਰਗ ਦਾ ਨੌਜਵਾਨ ਹੈ ਜੋ ਲੱਖਾਂ ਹੋਰਨਾਂ ਨੌਜਵਾਨਾਂ ਵਾਂਗ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰਕੇ ਅਮਰੀਕਾ ਨੌਕਰੀ ਕਰਨ ਜਾਂਦਾ ਹੈ ਅਤੇ ਉਥੇ ਆਪਣੀ ਤੇਜ਼ ਬੁੱਧੀ ਅਤੇ ਮਜ਼ਬੂਤ ਇਰਾਦਿਆਂ ਦੇ ਨਾਲ ਕੁਝ ਹੀ ਸਾਲਾਂ ’ਚ ਇਕ ਬਹੁ-ਰਾਸ਼ਟਰੀ ਕੰਪਨੀ ਦਾ ਸੀ. ਈ. ਓ. ਬਣ ਜਾਂਦਾ ਹੈ। ਇਸ ’ਚ ਅਸੰਭਵ ਕੁਝ ਨਹੀਂ ਹੈ।

ਪਿਛਲੇ ਕੁਝ ਸਾਲਾਂ ’ਚ ਤਮਾਮ ਭਾਰਤੀ ਅਨੇਕਾਂ ਬਹੁ-ਰਾਸ਼ਟਰੀ ਕੰਪਨੀਆਂ ਦੇ ਸੀ. ਈ. ਓ. ਬਣ ਕੇ ਦੁਨੀਆ ’ਚ ਨਾਂ ਤੇ ਬੇਸ਼ੁਮਾਰ ਦੌਲਤ ਕਮਾ ਚੁੱਕੇ ਹਨ। ਰਿਸ਼ੀ ਵੀ ਉਸੇ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਹੈ ਅਤੇ ਦੁਨੀਆ ਦਾ ਹਰ ਐਸ਼ੋ-ਅਾਰਾਮ ਉਸਦੇ ਕਦਮਾਂ ’ਚ ਹੁੰਦਾ ਹੈ। ਤਦ ਉਸਦੀ ਜ਼ਿੰਦਗੀ ’ਚ ਇਕ ਨਾਟਕੀ ਮੋੜ ਆਉਂਦਾ ਹੈ ਜਦੋਂ ਉਹ ਅਚਾਨਕ ਆਪਣੇ ਨਿੱਜੀ ਹਵਾਈ ਜਹਾਜ਼ ’ਚ ਬੈਠ ਕੇ ਹੈਦਰਾਬਾਦ ਦੇ ਨੇੜੇ ਇਕ ਪਿੰਡ ’ਚ ਆਪਣੇ ਜਮਾਤੀ ਨੂੰ ਮਿਲਣ ਆਉਂਦਾ ਹੈ ਜੋ ਕਿਸਾਨਾਂ ਦੇ ਹੱਕ ਲਈ ਮੁੰਬਈ ਦੇ ਇਕ ਵੱਡੇ ਘਰਾਣੇ ਨਾਲ ਇਕੱਲਾ ਸੰਘਰਸ਼ ਕਰ ਰਿਹਾ ਹੁੰਦਾ ਹੈ।

ਇਹ ਉਦਯੋਗਿਕ ਘਰਾਣਾ ਦਿਹਾਤੀ ਇਲਾਕੇ ’ਚ ਮਿਲੇ ਕੁਦਰਤੀ ਤੇਲ ਦੇ ਉਤਪਾਦਾਂ ਦਾ ਇਕ ਵੱਡਾ ਪਲਾਂਟ ਲਗਾਉਣ ਜਾ ਰਿਹਾ ਹੈ, ਜਿਸਦੇ ਲਈ ਉਸ ਖੇਤਰ ਦੇ ਹਰੇ-ਭਰੇ ਖੇਤਾਂ ਨਾਲ ਲਹਿਲਹਾਉਂਦੇ 5 ਦਰਜਨ ਪਿੰਡਾਂ ਨੂੰ ਜੜ੍ਹ ਤੋਂ ਪੁੱਟਿਆ ਜਾਣਾ ਹੈ। ਮੁਆਵਜ਼ਾ ਵੀ ਇੰਨਾ ਨਹੀਂ ਕਿ ਉਜਾੜੇ ਗਏ ਕਿਸਾਨਾਂ ਦੇ ਪਰਿਵਾਰ ਦੋ ਡੰਗ ਦੀ ਰੋਟੀ ਦਾ ਜੁਗਾੜ ਕਰ ਸਕਣ। ਰਿਸ਼ੀ ਇਸ ਸਮੱਸਿਆ ਦਾ ਹੱਲ ਲੱਭਣ ’ਚ ਜੁੱਟ ਜਾਂਦਾ ਹੈ, ਜਿਸ ’ਚ ਉਸਦਾ ਸਿੱਧਾ ਸੰਘਰਸ਼ ਮੁੰਬਈ ਦੇ ਉਸ ਉਦਯੋਗਿਕ ਘਰਾਣੇ ਨਾਲ ਹੋ ਜਾਂਦਾ ਹੈ ਪਰ ਆਪਣੀ ਸਿਆਣਪ, ਯੁਗਤੀ, ਸਮਝ ਅਤੇ ਪੈਸੇ ਦੇ ਜ਼ੋਰ ’ਤੇ ਰਿਸ਼ੀ ਇਹ ਲੜਾਈ ਜਿੱਤ ਜਾਂਦਾ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਉਸਦੇ ਸੰਘਰਸ਼ ’ਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ ਜਿਵੇਂ ਕਿ ਜਿਹੜੇ ਕਿਸਾਨਾਂ ਲਈ ਰਿਸ਼ੀ ਅਤੇ ਉਸਦਾ ਮਿੱਤਰ ਜਾਨ ਜੋਖਮ ’ਚ ਪਾ ਕੇ ਦਿਨ-ਰਾਤ ਲੜ ਰਹੇ ਸਨ, ਉਹੀ ਕਿਸਾਨ ਉਦਯੋਗਪਤੀ ਅਤੇ ਨੇਤਾਵਾਂ ਦੀ ਜਾਅਲਸਾਜ਼ੀ ’ਚ ਫਸ ਕੇ ਇਨ੍ਹਾਂ ਦੇ ਵਿਰੁੱਧ ਖੜ੍ਹੇ ਹੋ ਜਾਂਦੇ ਹਨ ਪਰ ਹੁਣ ਿਰਸ਼ੀ ਆਪਣੇ ਸੈਂਕੜੇ ਕਰੋੜ ਰੁਪਏ ਆਮਦਨ ਦਾ 90 ਫੀਸਦੀ ਇਨ੍ਹਾਂ ਕਿਸਾਨਾਂ ਦੀ ਮਦਦ ਲਈ ਖੁੱਲ੍ਹੇ ਦਿਲ ਨਾਲ ਲੁਟਾਉਣ ਲਈ ਤਿਆਰ ਹੋ ਜਾਂਦਾ ਹੈ, ਤਦ ਕਿਸਾਨਾਂ ਨੂੰ ਰਿਸ਼ੀ ਦੀ ਲਗਨ ਅਤੇ ਤਿਆਗ ਦੀ ਕੀਮਤ ਸਮਝ ’ਚ ਆਉਂਦੀ ਹੈ । ਉਦੋਂ ਸਾਰੇ ਇਲਾਕੇ ਦੇ ਕਿਸਾਨ ਰਿਸ਼ੀ ਦੇ ਪਿੱਛੇ ਖੜ੍ਹੇ ਹੋ ਜਾਂਦੇ ਹਨ। ਇਹ ਰਿਸ਼ੀ ਦੀ ਬਹੁਤ ਵੱਡੀ ਤਾਕਤ ਬਣ ਜਾਂਦੀ ਹੈ।

ਆਪਣੀ ਅਥਾਹ ਦੌਲਤ ਅਤੇ ਸਿਆਸੀ ਦਬਦਬੇ ਦੇ ਬਾਵਜੂਦ ਮੁੰਬਈ ਦਾ ਉਹ ਉਦਯੋਗਪਤੀ ਹੱਥ ਮਲਦਾ ਰਹਿ ਜਾਂਦਾ ਹੈ। ਇਸ ਸਫਲਤਾ ਦੇ ਬਾਅਦ ਰਿਸ਼ੀ ਅਮਰੀਕਾ ਵਾਪਸ ਜਾਣ ਲਈ ਆਪਣੇ ਜਹਾਜ਼ ’ਚ ਬੈਠ ਜਾਂਦਾ ਹੈ ਪਰ ਤਦ ਉਸ ਨੂੰ ਪਿਛਲੇ ਦਿਨਾਂ ਦੇ ਤਜਰਬੇ ਫਿਲਮ ਵਾਂਗ ਦਿਖਾਈ ਦੇਣ ਲੱਗਦੇ ਹਨ ਅਤੇ ਤਦ ਉਹ ਪਲ ਭਰ ’ਚ ਫੈਸਲਾ ਲੈ ਕੇ ਬਹੁ-ਰਾਸ਼ਟਰੀ ਕੰਪਨੀ ਦੇ ਸੀ. ਈ. ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹੈ। ਉਹ ਬਾਕੀ ਜ਼ਿੰਦਗੀ ਕਿਸਾਨਾਂ ਦੇ ਹੱਕ ਅਤੇ ਉਨ੍ਹਾਂ ਦੀ ਮਦਦ ਲਈ ਖੁਦ ਕਿਸਾਨ ਬਣ ਕੇ ਜਿਊਣ ਦਾ ਫੈਸਲਾ ਕਰਦਾ ਹੈ।

ਫਿਲਮ ਦਾ ਆਖਰੀ ਅੱਧਾ ਘੰਟਾ ਬੜੀ ਗੰਭੀਰਤਾ ਨਾਲ ਦੇਖਣ ਵਾਲਾ ਹੈ। ਇਸ ’ਚ ਦੇਸ਼ ਦੇ ਕਿਸਾਨਾਂ ਦੀ ਦੁਰਦਸ਼ਾ ਦਾ ਵਿਆਪਕ ਵਰਨਣ ਹੋਇਆ ਹੈ। ਰਿਸ਼ੀ ਨੇ ਕਿਸਾਨਾਂ, ਨੇਤਾਵਾਂ, ਅਧਿਕਾਰੀਆਂ, ਮੰਤਰੀਆਂ ਅਤੇ ਮੀਡੀਆ ਦੇ ਸਾਹਮਣੇ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਕਿਸਾਨਾਂ ਦੀ ਸਮੱਸਿਆ ਨੂੰ ਦੱਸਿਆ ਹੈ, ਉਸ ਨਾਲ ਸ਼ਹਿਰ ’ਚ ਰਹਿਣ ਵਾਲੇ ਲੋਕ ਜਿਨ੍ਹਾਂ ਦਾ ਖੇਤੀਬਾੜੀ ਨਾਲ ਕੋਈ ਸਬੰਧ ਨਹੀਂ ਹੈ, ਉਹ ਵੀ ਸੋਚਣ ’ਤੇ ਮਜਬੂਰ ਹੁੰਦੇ ਹਨ ਕਿ ਅਸੀਂ ਕਿਸਾਨਾਂ ਦੀ ਜ਼ਿੰਦਗੀ ਬਾਰੇ ਕਿੰਨੇ ਅਨਪੜ੍ਹ ਹਾਂ, ਜਦਕਿ ਅਸੀਂ ਕਾਰ ਦੇ ਬਿਨਾਂ ਰਹਿ ਸਕਦੇ ਹਾਂ ਪਰ ਭੋਜਨ ਦੇ ਬਿਨਾਂ ਨਹੀਂ। ਅੰਨਦਾਤਾ ਦੀ ਅਣਦੇਖੀ ਕਰਕੇ ਜਾਂ ਆਪਣੇ ਉਦਯੋਗਿਕ ਲਾਭ ਲਈ ਕਿਸਾਨਾਂ ਦਾ ਹੱਕ ਖੋਹਣ ਵਾਲਿਆਂ ਨੂੰ ਵੀ ਇਹ ਫਿਲਮ ਕੁਝ ਸੋਚਣ ’ਤੇ ਜ਼ਰੂਰ ਮਜਬੂਰ ਕਰੇਗੀ।

ਉਂਝ ਤਾਂ ਕਿਸਾਨਾਂ ਦੀਅਾਂ ਸਮੱਸਿਆਵਾਂ ’ਤੇ ਬਿਮਲ ਰਾਏ ਦੀ ‘ਦੋ ਬੀਘਾ ਜ਼ਮੀਨ’ ਜਾਂ ਬਾਲੀਵੁੱਡ ਦੀ ‘ਮਦਰ ਇੰਡੀਆ’ ਅਤੇ ‘ਲਗਾਨ’ ਵਰਗੀਆਂ ਦਰਜਨਾਂ ਫਿਲਮਾਂ ਪਿਛਲੇ 73 ਸਾਲਾਂ ’ਚ ਆਈਆਂ ਹਨ। ਇਨ੍ਹਾਂ ਫਿਲਮਾਂ ਨੇ ਕਿਸਾਨਾਂ ਦੀ ਦੁਰਦਸ਼ਾ ਦੀ ਬੜੀ ਡੂੰਘਾਈ, ਸੰਜੀਦਗੀ ਅਤੇ ਈਮਾਨਦਾਰੀ ਨਾਲ ਪੇਸ਼ਕਾਰੀ ਵੀ ਕੀਤੀ ਹੈ ਪਰ ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਨੌਜਵਾਨ ਫਿਲਮੀ ਸਿਤਾਰੇ ਅਤੇ ਫਿਲਮ ਨਿਰਮਾਤਾ ਮਹੇਸ਼ ਬਾਬੂ ਨੇ ਇਸ ਫਿਲਮ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਹਰ ਉਹ ਆਦਮੀ ਜਿਸ ਦਾ ਕਿਸਾਨੀ ਨਾਲ ਕੋਈ ਸਬੰਧ ਨਹੀਂ, ਉਹ ਵੀ ਇਸ ਫਿਲਮ ਨੂੰ ਬੜੇ ਚਾਅ ਨਾਲ ਅੰਤ ਤੱਕ ਦੇਖਦਾ ਹੈ ਅਤੇ ਉਸ ਨੂੰ ਹੱਲ ਵੀ ਮਿਲਦਾ ਹੈ। ਫਿਲਮ ’ਚ ਰਿਸ਼ੀ ਦਾ ਕਿਰਦਾਰ ਖੁਦ ਮਹੇਸ਼ ਬਾਬੂ ਨੇ ਬਾਖੂਬੀ ਨਿਭਾਇਆ ਹੈ। ਉਨ੍ਹਾਂ ਦੀ ਖੂਬਸੂਰਤ ਅਤੇ ਆਕਰਸ਼ਕ ਸ਼ਖਸੀਅਤ ਅਤੇ ਜਨੂੰਨ ਨੇ ਇਸ ਫਿਲਮ ਨੂੰ ਬੜੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। ਸਮਾਜਿਕ ਵਰਕਰਾਂ ਨੂੰ ਅਤੇ ਪਿੰਡਾਂ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਯਤਨ ਕਰ ਕੇ ਇਹ ਫਿਲਮ ਹਰ ਪਿੰਡ ’ਚ ਦਿਖਾਉਣੀ ਚਾਹੀਦੀ ਹੈ।


Bharat Thapa

Content Editor

Related News